
ਜਾਅਲੀ ਫਾਈਨਾਂਸ ਕੰਪਨੀਆਂ ਦੇ ਮਾਲਕ ਬਣ ਕੇ ਠੱਗੀ ਮਾਰਨ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼
1 ਕਰੋੜ, 270 ਗ੍ਰਾਮ ਸੋਨਾ, 20 ਏਟੀਐਮ, 20 ਚੈੱਕ ਬੁੱਕਾਂ, 40 ਮੋਬਾਈਲ, 50 ਸਿਮ ਕਾਰਡ, 15 ਕੰਪਿਊਟਰ ਤੇ 3 ਕਾਰਾਂ ਬਰਾਮਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਪੰਜਾਬ ਸਰਕਾਰ ਅਤੇ ਡੀਜੀਪੀ ਵੱਲੋਂ ਨਸ਼ਾ ਤਸਕਰਾਂ, ਐਂਟੀ ਸਨੈਚਿੰਗ ਅਤੇ ਗੈਂਗਸਟਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ 18 ਜਾਅਲੀ ਫਾਈਨਾਂਸ ਕੰਪਨੀਆਂ ਦੇ ਮਾਲਕ ਬਣ ਕੇ ਠੱਗੀਆਂ ਮਾਰਨ ਵਾਲੇ 15 ਮੈਂਬਰੀ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕਰਕੇ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖ਼ੁਲਾਸਾ ਅੱਜ ਇੱਥੇ ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ ਅਮਿਤ ਕੁਮਾਰ ਵਾਸੀ ਜਲੰਧਰ ਕੁੰਜ ਕਪੂਰਥਲਾ ਰੋਡ, ਜਲੰਧਰ ਹਾਲ ਵਾਸੀ ਬਾਲੀਵੁੱਡ ਹਾਈਟਸ-2, ਪੀਰ ਮੁੱਛਲਾ, ਸੰਜੀਵ ਕੁਮਾਰ ਵਾਸੀ ਫਾਜ਼ਿਲਕਾ, ਰੁਪੇਸ਼ ਕੁਮਾਰ ਉਰਫ਼ ਹੇਮੰਤ ਕੁਮਾਰ ਉਰਫ਼ ਰੋਹਿਤ ਕੁਮਾਰ ਵਾਸੀ ਫਾਜ਼ਿਲਕਾ ਹਾਲ ਵਾਸੀ ਪੰਚਕੂਲਾ, ਸ਼ਿਵ ਪ੍ਰਕਾਸ਼ ਮਿਸ਼ਰਾ ਵਾਸੀ ਪਿੰਡ ਜੂੜਾ ਪੱਟੀ (ਯੂਪੀ), ਕਰਨ ਦਹੀਆ ਵਾਸੀ ਭਗਤ ਸਿੰਘ ਨਗਰ ਸਿਰਸਾ, ਭਵਨ ਸਿੰਘ ਵਾਸੀ ਜੋਧਪੁਰ (ਰਾਜਸਥਾਨ), ਉਮੇਸ਼ ਚੰਦਰ ਸੋਨੀ ਵਾਸੀ ਨਿਊ ਕਰਤਾਰ ਨਗਰ, ਜਲੰਧਰ, ਕਰਨ ਨਈਅਰ ਤੇ ਉਸ ਦੇ ਭਰਾ ਅਰਜੁਨ ਨਈਅਰ ਗਰੀਨ ਐਵੀਨਿਊ ਜਲੰਧਰ, ਅਜੈ ਕੁਮਾਰ ਵਾਸੀ ਸੈਕਟਰ-52, ਚੰਡੀਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਐੱਸਐੱਸਪੀ ਨੇ ਦੱਸਿਆ ਕਿ ਇਸ ਕਾਰਵਾਈ ਨੂੰ ਐਸਪੀ (ਡੀ) ਅਮਨਦੀਪ ਸਿੰਘ ਬਰਾੜ ਅਤੇ ਡੀਐਸਪੀ (ਡੀ) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੂੰ ਜ਼ੀਰਕਪੁਰ ਖੇਤਰ ਵਿੱਚ ਜਾਅਲੀ ਫਾਈਨਾਂਸ ਕੰਪਨੀਆਂ ਦੇ ਇੱਕ ਅੰਤਰਰਾਜੀ ਗਰੋਹ ਵੱਲੋਂ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਨਾਲ ਸਬੰਧਤ ਭੋਲੇ ਭਾਲੇ ਲੋਕਾਂ ਨੂੰ ਘੱਟ ਵਿਆਜ ’ਤੇ ਲੋਨ ਦੇਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਪ੍ਰੋਸੈਸਿੰਗ ਫੀਸ ਅਤੇ ਫਾਈਲ ਚਾਰਜ ਦੇ ਨਾਂ ’ਤੇ ਪੈਸੇ ਇਕੱਠੇ ਕਰਕੇ ਠੱਗੀ ਮਾਰਨ ਬਾਰੇ ਜਾਣਕਾਰੀ ਮਿਲੀ ਸੀ। ਇਸ ਸਬੰਧੀ ਮੁੱਢਲੀ ਪੜਤਾਲ ਤੋਂ ਬਾਅਦ ਜ਼ੀਰਕਪੁਰ ਥਾਣੇ ਵਿੱਚ 420, 406, 465, 466, 467, 468,471, 474 ਤਹਿਤ ਕੇਸ ਦਰਜ ਕਰਕੇ ਉਕਤ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਬਾਕੀ ਫਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 1 ਕਰੋੜ ਰੁਪਏ, 270 ਗਰਾਮ ਸੋਨਾ, 20 ਏਟੀਐਮ, 20 ਚੈੱਕ ਬੁੱਕਾਂ, 40 ਮੋਬਾਈਲ ਫੋਨ, 50 ਸਿਮ ਕਾਰਡ, 15 ਕੰਪਿਊਟਰ ਸੈੱਟ ਅਤੇ 3 ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ।
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਜਾਅਲ਼ੀ ਕੰਪਨੀਆਂ ਦਾ ਦਫ਼ਤਰ ਦੋ ਸ਼ੋਅਰੂਮਾਂ ਐਸਸੀਓ ਨੰਬਰ 3 ਅਤੇ 4 ਵਿੱਚ ਦੂਜੀ ਮੰਜਲ ’ਤੇ ਨੇੜੇ ਹੁਡਾਂਈ ਏਜੰਸੀ, ਪਟਿਆਲਾ ਰੋਡ, ਜ਼ੀਰਕਪੁਰ ਵਿਖੇ ਖੋਲਿਆ ਗਿਆ ਸੀ। ਜਿੱਥੇ ਮੁਲਜ਼ਮ ਪਹਿਲਾਂ ਆਪਣੀ ਜਾਅਲੀ ਫਾਈਨਾਂਸ ਕੰਪਨੀਆਂ ਦੀ ਪੂਰੇ ਭਾਰਤ ਵਿੱਚ ਇਸ਼ਤਿਹਾਰਬਾਜ਼ੀ ਕਰਵਾਈ ਜਾਂਦੀ ਸੀ ਅਤੇ ਇਸ਼ਤਿਹਾਰਬਾਜ਼ੀ ਰਾਹੀਂ ਭੋਲੇ ਭਾਲੇ ਲੋਕ ਜਾਅਲੀ ਫਾਈਨਾਂਸ ਕੰਪਨੀਆਂ ਦੇ ਹੈਲਪਲਾਈਨ ਨੰਬਰਾਂ ’ਤੇ ਫੋਨ ਕਰਕੇ ਉਨ੍ਹਾਂ ਨੂੰ ਆਪਣੀ ਰਿਕਾਆਰਮੈਂਟ ਦੱਸਦੇ ਸੀ, ਫਿਰ ਮੁਲਜ਼ਮਾਂ ਵੱਲੋਂ ਉਨ੍ਹਾਂ ਨੂੰ ਘੱਟ ਵਿਆਜ ’ਤੇ ਲੋਨ ਦੇਣ ਦੇ ਝਾਂਸੇ ਵਿੱਚ ਲੈ ਕੇ ਪੀੜਤ ਲੋਕਾਂ ਤੋਂ ਲੋਨ ਦੀ ਪ੍ਰੋਸੈਸਿੰਗ ਫੀਸ ਅਤੇ ਫਾਈਲ ਚਾਰਜ ਵਜੋਂ ਪੈਸੇ ਬੈਂਕ ਅਕਾਉਂਟ ਵਿੱਚ ਟਰਾਂਸਫ਼ਰ ਕਰਵਾ ਲੈਂਦੇ ਸੀ। ਮੁਲਜ਼ਮ ਸਾਲ 2012 ਤੋਂ ਜ਼ੀਰਕਪੁਰ ਵਿੱਚ ਬੈਠ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰ ਰਹੇ ਹਨ। ਸਾਲ 2008 ਵਿੱਚ ਮੁਲਜ਼ਮਾਂ ਵੱਲੋਂ ਪਹਿਲਾਂ ਢਿੱਲੋਂ ਨਾਂ ਦੀ ਕੰਪਨੀ ਟੇਕਓਵਰ ਕੀਤੀ ਸੀ।