
ਐਨਜੀਓਜ਼ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਦਾ ਸੱਦਾ
ਰੋਟਰੀ ਕਲੱਬ ਸਿਲਵਰ ਸਿਟੀ ਮੁਹਾਲੀ ਦਾ ਤਾਜਪੋਸ਼ੀ ਸਮਾਗਮ ਯਾਦਗਾਰੀ ਹੋ ਨਿਬੜਿਆ
ਨਬਜ਼-ਏ-ਪੰਜਾਬ, ਮੁਹਾਲੀ, 23 ਜੁਲਾਈ:
ਰੋਟਰੀ ਕਲੱਬ ਸਿਲਵਰ ਸਿਟੀ ਮੁਹਾਲੀ ਵੱਲੋਂ ਅੱਜ ਇੱਥੇ ਤਾਜਪੋਸ਼ੀ ਸਮਾਗਮ ਆਯੋਜਿਤ ਕਰਕੇ ਨਵੇਂ ਪ੍ਰਧਾਨ ਸਰਬ ਮਰਵਾਹਾ ਦੀ ਅਗਵਾਈ ਵਾਲੀ ਟੀਮ ਨੂੰ ਅਹੁਦੇ ਦਾ ਚਾਰਜ ਸੰਭਾਲਿਆ ਗਿਆ। ਕਲੱਬ ਦੇ ਤਤਕਾਲੀ ਪ੍ਰਧਾਨ ਅਰਜੁਨ ਅਗਰਵਾਲ ਨੇ ਨਵੇਂ ਪ੍ਰਧਾਨ ਨੂੰ ਕਾਲਰ ਭੇਂਟ ਕੀਤਾ। ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦੋਂਕਿ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਨੇ ਕੀਤੀ। ਸਤਨਾਮ ਸੰਧੂ ਅਤੇ ਡਾ. ਦੁੱਗਲ ਨੇ ਰੋਟਰੀ ਕਲੱਬ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਲੱਬ ਮੈਂਬਰਾਂ ਅਤੇ ਹੋਰਨਾਂ ਸੰਸਥਾਵਾਂ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

ਇਸ ਮੌਕੇ ਅਸਿਸਟੈਂਟ ਗਵਰਨਰ ਮੋਹਿਤ ਸਿੰਗਲਾ ਨੇ ਕਲੱਬ ਦੇ ਨਵ-ਨਿਯੁਕਤ ਪ੍ਰਧਾਨ ਸਰਬ ਮਰਵਾਹਾ ਅਤੇ ਸਕੱਤਰ ਰਜਨੀਸ਼ ਕੁਮਾਰ ਸਮੇਤ ਅਤੇ ਉਨ੍ਹਾਂ ਦੀ ਟੀਮ ਨਾਲ ਜਾਣ ਪਛਾਣ ਕਰਵਾਈ। ਸਾਬਕਾ ਪ੍ਰਧਾਨ ਅਰਜੁਨ ਅਗਰਵਾਲ ਨੇ ਸਾਲ 2023-24 ਲਈ ਸਰਬ ਮਾਰਵਾਹਾ ਨੂੰ ਜ਼ਿੰਮੇਵਾਰੀ ਸੌਂਪੀ। ਸਰਬ ਮਰਵਾਹਾ ਨੇ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮੈਡੀਕਲ ਕੈਂਪ, ਵਾਤਾਵਰਨ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਪੌਦੇ ਲਗਾਉਣ, ਖੂਨਦਾਨ ਕੈਂਪ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਦੀ ਗੱਲ ਕਹੀ। ਇਸ ਮੌਕੇ ਰਮਨ ਸਿੰਗਲਾ, ਦੀਪਕ ਸਿਡਾਨਾ, ਡਾ. ਰਾਹੁਲ ਕਤਿਆਲ ਅਤੇ ਡਾ. ਗੁਰਪ੍ਰੀਤ ਕੌਰ ਮੌਜੂਦ ਸਨ।