nabaz-e-punjab.com

ਸੜਕ ਹਾਦਸਾ: ਬੇਕਾਬੂ ਕਾਰ ਪੁਲ ਹੇਠਾਂ ਖਾਈ ਵਿੱਚ ਡਿੱਗੀ, ਨੌਜਵਾਨ ਦੀ ਮੌਤ, ਦੋ ਜ਼ਖ਼ਮੀ

ਏਅਰਪੋਰਟ ਸੜਕ ’ਤੇ ਕਾਰ ਅੱਗੇ ਲਾਵਾਰਿਸ ਪਸ਼ੂ ਆਉਣ ਕਾਰਨ ਵਾਪਰਿਆ ਭਿਆਨਕ ਹਾਦਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਕਤੂਬਰ:
ਮੁਹਾਲੀ ਏਅਰਪੋਰਟ ਸੜਕ ’ਤੇ ਵਾਪਰੇ ਭਿਆਨਕ ਹਾਦਸੇ ਵਿੱਚ ਕਾਰ ਸਵਾਰ ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਚਾਲਕ ਸਮੇਤ ਦੋ ਦੋਸਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਦੇਸ ਰਾਜ (19) ਵਜੋਂ ਹੋਈ ਹੈ ਜਦੋਂਕਿ ਜ਼ਖ਼ਮੀ ਪਰਦੀਪ ਸਿੰਘ ਉਰਫ਼ ਪ੍ਰਗਟ ਅਤੇ ਦੀਪਕ ਕੁਮਾਰ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਹ ਤਿੰਨੇ ਨੌਜਵਾਨ ਬਲੌਂਗੀ ਦੇ ਵਸਨੀਕ ਹਨ। ਮੁੱਢਲੀ ਮੈਡੀਕਲ ਸਹਾਇਤਾ ਦੇਣ ਤੋਂ ਬਾਅਦ ਪਰਦੀਪ ਨੂੰ ਪੀਜੀਆਈ ਹਸਪਤਾਲ ਚੰਡੀਗੜ੍ਹ ਵਿੱਚ ਰੈਫਰ ਕਰ ਦਿੱਤਾ। ਪੁਲੀਸ ਦੇ ਦੱਸਣ ਅਨੁਸਾਰ ਇਹ ਹਾਦਸਾ ਲੰਘੀ ਦੇਰ ਰਾਤ ਕਾਰ ਅੱਗੇ ਅਚਾਨਕ ਲਾਵਾਰਿਸ ਪਸ਼ੂ ਆਉਣ ਕਾਰਨ ਵਾਪਰਿਆ ਹੈ। ਇਸ ਸਬੰਧੀ ਬਲੌਂਗੀ ਥਾਣੇ ਵਿੱਚ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ। ਕਾਰ ਨੂੰ ਪ੍ਰਗਟ ਚਲਾ ਰਿਹਾ ਸੀ ਜਦੋਂਕਿ ਦੇਸਰਾਜ ਨਾਲ ਵਾਲੀ ਸੀਟ ’ਤੇ ਅਤੇ ਦੀਪਕ ਪਿਛਲੀ ਸੀਟ ’ਤੇ ਬੈਠਾ ਸੀ।
ਬਲੌਂਗੀ ਥਾਣਾ ਦੇ ਐਸਐਚਓ ਇੰਸਪੈਕਟਰ ਅਮਰਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ 12 ਵਜੇ ਦੇਸਰਾਜ, ਪਰਦੀਪ ਸਿੰਘ ਅਤੇ ਦੀਪਕ ਕੁਮਾਰ ਸਵਿਫ਼ਟ ਡਿਜ਼ਾਇਰ ਕਾਰ ਵਿੱਚ ਏਅਰਪੋਰਟ ਸੜਕ ਰਾਹੀਂ ਸੰਨੀ ਐਨਕਲੇਵ ਤੋਂ ਮੁਹਾਲੀ ਵੱਲ ਜਾ ਰਹੇ ਸਨ। ਇਸੇ ਦੌਰਾਨ ਇਕ ਲਾਵਾਰਿਸ ਪਸ਼ੂ ਅਚਾਨਕ ਉਨ੍ਹਾਂ ਦੀ ਕਾਰ ਦੇ ਅੱਗੇ ਆ ਜਾਣ ਕਾਰ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਗਈ। ਪੁਲੀਸ ਅਨੁਸਾਰ ਪਹਿਲਾਂ ਇਹ ਕਾਰ ਸੜਕ ਦੇ ਪੁਲ ਨਾਲ ਟਕਰਾਈ ਅਤੇ ਬਾਅਦ ਵਿੱਚ ਪੁਲ ਦੇ ਹੇਠਾਂ ਕਰੀਬ 15 ਫੁੱਟ ਡੂੰਘੇ ਖਤਾਨਾਂ ਵਿੱਚ ਡਿੱਗ ਗਈ। ਜਿਸ ਕਾਰਨ ਕਾਰ ਵਿੱਚ ਸਵਾਰ ਤਿੰਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਦੇਸਰਾਜ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂਕਿ ਕਾਰ ਚਾਲਕ ਪਰਦੀਪ ਉਰਫ਼ ਪ੍ਰਗਟ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਅਤੇ ਦੀਪਕ ਕੁਮਾਰ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਅੱਜ ਮ੍ਰਿਤਕ ਨੌਜਵਾਨ ਦਾ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

Load More Related Articles

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…