
ਦਿੱਲੀ ਮੋਰਚੇ ਵਿੱਚ ਬਾਪੂ ਨਾਲ ਡਟਿਆ ਦੋ ਸਾਲ ਦਾ ਅੰਗਦਵੀਰ ਸਿੰਘ ਬੈਦਵਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਨਵੀਂ ਦਿੱਲੀ, 8 ਅਕਤੂਬਰ:
ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਸਮੇਤ ਸਮੁੱਚੇ ਦੇਸ਼ ਅੰਦਰ ਕਿਸਾਨ ਇੱਕਜੁੱਟ ਹੋ ਕੇ ਨਿਰੰਤਰ ਪਿਛਲੇ ਸਾਲ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਅੰਦੋਲਨ ਕਰ ਰਹੇ ਹਨ। ਬੇਸ਼ੱਕ ਅੱਜ ਇਸ ਅੰਦੋਲਨ ਵਿੱਚ ਸਾਰਾ ਦੇਸ਼ ਇੱਕ ਹੋ ਕੇ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ ਪ੍ਰੰਤੂ ਇਸ ਜਨ ਅੰਦੋਲਨ ਦੀ ਰਸਮੀ ਸ਼ੁਰੂਆਤ ਪੰਜਾਬ ਅਤੇ ਹਰਿਆਣਾ ਦੀ ਧਰਤੀ ਤੋਂ ਹੋਈ ਹੈ। ਇਸ ਅੰਦੋਲਨ ਵਿੱਚ ਪੰਜਾਬ ਦੇ ਮਾਝਾ, ਮਾਲਵਾ, ਦੁਆਬਾ ਸਮੇਤ ਪੁਆਧ ਇਲਾਕਿਆਂ ਨੇ ਵੱਧ ਚੜ੍ਹ ਕੇ ਯੋਗਦਾਨ ਪਾਇਆ ਹੈ ਅਤੇ ਮੌਜੂਦਾ ਸਮੇਂ ਵਿੱਚ ਵੀ ਨਿਰੰਤਰ ਪਾਇਆ ਜਾ ਰਿਹਾ ਹੈ।
ਕਿਸਾਨ ਅੰਦੋਲਨ ਵਿੱਚ ਯੋਗਦਾਨ ਪਾਉਣ ਵਾਲੇ ਪੁਆਧੀਆਂ ਵਿੱਚ ਸਭ ਤੋਂ ਪਹਿਲਾਂ ਨਾਮ ਮੁਹਾਲੀ ਦੇ ਪਿੰਡ ਮਟੌਰ ਦੇ ਵਸਨੀਕ ਪਰਮਦੀਪ ਸਿੰਘ ਬੈਦਵਾਨ ਦਾ ਆਉਂਦਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਇਸ ਅੰਦੋਲਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪਰਮਦੀਪ ਬੈਦਵਾਨ ਆਪਣੇ ਪਰਿਵਾਰ ਸਮੇਤ ਸਿੰਘੂ ਬਾਰਡਰ ’ਤੇ ਲਗਾਤਾਰ ਅੰਦੋਲਨ ਵਿੱਚ ਡਟੇ ਹੋਏ ਹਨ ਅਤੇ ਰੋਜ਼ਾਨਾ ਤਕਰੀਬਨ 700 ਤੋਂ ਇੱਕ ਹਜ਼ਾਰ ਸੰਘਰਸ਼ ਕਿਸਾਨਾਂ ਲਈ ਲੰਗਰ ਤਿਆਰ ਕਰਕੇ ਉਨ੍ਹਾਂ ਨੂੰ ਪਰੋਸਿਆ ਜਾ ਰਿਹਾ ਹੈ। ਮੁਹਾਲੀ ਲਾਗਲੇ ਪਿੰਡਾਂ ਦੀਆਂ ਸੱਥਾਂ ਵਿੱਚ ਪਰਮਦੀਪ ਬੈਦਵਾਨ ਦੀ ਪ੍ਰਸੰਸਾ ਆਮ ਸੁਣਨ ਨੂੰ ਮਿਲਦੀ ਹੈ।
ਜ਼ਿਕਰਯੋਗ ਹੈ ਕਿ ਪਰਮਦੀਪ ਬੈਦਵਾਨ ਦੇ ਨਾਲ ਉਨ੍ਹਾਂ ਦੀ ਪਤਨੀ ਰਮਨ ਬੈਦਵਾਨ, ਬੇਟੀ ਜੋਆਏ ਬੈਦਵਾਨ ਅਤੇ ਦੋ ਬੇਟੇ ਸਮਰਦੀਪ ਸਿੰਘ ਬੈਦਵਾਨ, ਅੰਗਦਵੀਰ ਸਿੰਘ ਬੈਦਵਾਨ ਵੀ ਉਨ੍ਹਾਂ ਨਾਲ ਸਿੰਘੂ ਬਾਰਡਰ ’ਤੇ ਡਟੇ ਹੋਏ ਹਨ ਅਤੇ ਕੇਂਦਰ ਸਰਕਾਰ ਨੂੰ ਲਲਕਾਰ ਰਹੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਰਮਦੀਪ ਬੈਦਵਾਨ ਦੇ ਸਭ ਤੋਂ ਬੇਟੇ ਲੜਕੇ ਦੀ ਉਮਰ ਮਹਿਜ਼ ਦੋ ਕੁ ਸਾਲ ਹੈ। ਤਪਦੀ ਗਰਮੀ ਵਿੱਚ ਇਹ ਮਾਸੂਮ ਸਿੰਘੂ ਬਾਰਡਰ ਉੱਤੇ ਲੱਕੜੀ ਦੇ ਟਰੈਕਟਰਾਂ ਨਾਲ ਖੇਡਦਾ ਰਹਿੰਦਾ ਹੈ ਅਤੇ ਸਰਕਾਰ ਵਿਰੁੱਧ ਡਟਿਆ ਹੋਇਆ ਹੈ। ਇਸ ਦੇ ਨਾਲ ਹੀ ਪਰਮਦੀਪ ਸਿੰਘ ਬੈਦਵਾਨ ਯੂਥ ਆਫ਼ ਪੰਜਾਬ ਨਾਮ ਦੀ ਇੱਕ ਸੰਸਥਾ ਵੀ ਚਲਾ ਰਹੇ ਹਨ, ਜੋ ਕਿ ਪੰਜਾਬ ਵਿੱਚ ਸਮਾਜਿਕ ਕੁਰੀਤੀਆਂ ਖ਼ਿਲਾਫ਼ ਕੰਮ ਰਹੀ ਹੈ ਅਤੇ ਇਸ ਦੇ ਨਾਲ ਹੀ ਸ਼ਹੀਦਾਂ ਦੇ ਸਤਿਕਾਰ ਲਈ ਯਤਨਸ਼ੀਲ ਹੈ।
ਇਸ ਸਬੰਧੀ ਜਦੋਂ ਪਰਮਦੀਪ ਸਿੰਘ ਬੈਦਵਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਸ ਦਿਨ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਕੂਚ ਕੀਤਾ ਸੀ ਉਸ ਦਿਨ ਤੋਂ ਲੈ ਕੇ ਹੁਣ ਤੱਕ ਉਹ ਪਰਿਵਾਰ ਸਮੇਤ ਸਿੰਘੂ ਬਾਰਡਰ ’ਤੇ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਪੋਹ ਦੀਆਂ ਠੰਡੀਆਂ ਰਾਤਾਂ ਵੀ ਇੱਥੇ ਕੱਟੀਆਂ ਅਤੇ ਜੇਠ ਹਾੜ ਦੀ ਤਪਦੀ ਗਰਮੀ ਦੀ ਦੁਪਹਿਰ ਵੀ ਇੱਥੇ ਹੀ ਕੱਟੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਖੇਤੀ ਸਬੰਧੀ ਜੋ ਕਾਨੂੰਨ ਬਣਾਏ ਨੇ ਉਹ ਸਰਾਸਰ ਕਿਸਾਨਾਂ ਨਾਲ ਧੱਕੇਸ਼ਾਹੀ ਹੈ। ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦੇ ਹਨ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਇੱਕ ਤਰ੍ਹਾਂ ਨਾਲ ਕਾਰਪੋਰੇਟ ਘਰਾਣਿਆਂ ਦੀ ਗੁਲਾਮ ਬਣ ਕੇ ਰਹਿ ਜਾਣਗੀਆਂੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਵਾਰੋ ਵਾਰੀ ਦਿੱਲੀ ਦੇ ਬਾਰਡਰਾਂ ’ਤੇ ਪਹੁੰਚ ਕੇ ਹਾਜ਼ਰੀ ਜ਼ਰੂਰ ਲਗਵਾਓ ਅਤੇ ਹਰ ਪਿੰਡ ਮੁਹੱਲੇ ’ਚੋਂ ਘੱਟੋ ਘੱਟ ਪੰਜ ਪੰਜ ਸੱਤ ਸੱਤ ਜਣਿਆਂ ਦੇ ਜਥੇ ਬਣਾ ਕੇ ਆਪਣੀ ਵਾਰੀ ਸਿਰ ਦਿੱਲੀ ਬਾਰਡਰਾਂ ਉੱਤੇ ਧਰਨੇ ਵਿੱਚ ਸ਼ਮੂਲੀਅਤ ਕਰਨਾ ਯਕੀਨੀ ਬਣਾਉਣ ਤਾਂ ਜੋ ਧਰਨਾ ਪ੍ਰਦਰਸ਼ਨ ਕਾਮਯਾਬ ਹੋ ਸਕੇ।
ਉਨ੍ਹਾਂ ਕਿਹਾ ਕਿ ਅੱਜ ਅਸੀਂ ਅੰਦੋਲਨ ਦਾ ਏਨਾ ਲੰਬਾ ਪੈਂਡਾ ਤੈਅ ਕਰਕੇ ਹਾਰ ਨਹੀਂ ਮੰਨ ਸਕਦੇ ਕਿਉਂਕਿ ਸਾਡੇ ਸੈਂਕੜੇ ਭਰਾਵਾਂ ਨੇ ਇਸ ਅੰਦੋਲਨ ਨੂੰ ਖੜਾ ਅਤੇ ਕਾਮਯਾਬ ਬਣਾਉਣ ਲਈ ਆਪਣੀਆਂ ਤੱਕ ਜਾਨਾਂ ਕੁਰਬਾਨ ਕਰ ਦਿੱਤੀਆਂ ਹਨ। ਅਸੀਂ ਉਨ੍ਹਾਂ ਦੀ ਕੁਰਬਾਨੀਆਂ ਨੂੰ ਬੇਅਰਥ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਜਾਗਦੀਆਂ ਜ਼ਮੀਰਾਂ ਵਾਲੇ ਅੱਜ ਵੀ ਇਸ ਅੰਦੋਲਨ ਵਿੱਚ ਆਪਣੀ ਹਾਜ਼ਰੀ ਲਗਵਾ ਰਹੇ ਹਨ। ਉਨ੍ਹਾਂ ਕਿਹਾ ਕਿ ਅੌਰਤਾਂ, ਬੱਚਿਆਂ, ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਦੇ ਹੌਂਸਲੇ ਬੁਲੰਦ ਹਨ ਅਤੇ ਅਸੀਂ ਹੱਕ ਦੀ ਲੜਾਈ ਜਿੱਤੇ ਬਿਨਾਂ ਵਾਪਸ ਨਹੀਂ ਆਵਾਂਗੇ।