ਆਂਗਨਵਾੜੀ ਬੀਬੀਆਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਸਬੰਧੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਨਾਲ ਮੀਟਿੰਗ

ਕੈਬਨਿਟ ਮੰਤਰੀ ਵੱਲੋਂ 17 ਜੁਲਾਈ ਤੱਕ ਯੂਨੀਅਨ ਨੂੰ ਮਾਣ ਭੱਤੇ ਸਮੇਤ ਸਾਰੀਆਂ ਮੰਗਾਂ ਮੰਨਣ ਦਾ ਦਿੱਤਾ ਭਰੋਸਾ
ਯੂਨੀਅਨ ਨੇ ਅਰੂਸਾ ਆਲਮ ਨੂੰ ਖੂਨ ਨਾਲ ਖਤ ਲਿਖਣ ਅਤੇ ਬਠਿੰਡਾ ਵਿੱਚ ਮਰਨ ਵਰਤ ਸ਼ੁਰੂ ਕਰਨ ਦਾ ਪ੍ਰੋਗਰਾਮ ਕੀਤਾ ਰੱਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੂਨ:
ਆਲ ਪੰਜਾਬ ਆਂਗਨਵਾੜੀ ਮੁਲਾਜਮ ਯੂਨੀਅਨ ਦੇ ਇੱਕ 11 ਮੈਂਬਰੀ ਵਫ਼ਦ ਨੇ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਨਾਲ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਮੁੱਖ ਮੰਤਰੀ ਦੇ ਓਐਸਡੀ ਸੰਦੀਪ ਸਿੰਘ ਬਰਾੜ ਤੇ ਵਿਭਾਗ ਦੀ ਡਾਇਰੈਕਟਰ ਕਵਿਤਾ ਸਿੰਘ ਤੋਂ ਇਲਾਵਾ ਵਿਭਾਗ ਦੇ ਹੋਰ ਉੱਚ ਅਧਿਕਾਰੀ ਮੌਜੂਦ ਸਨ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆ ਹਰਗੋਬਿੰਦ ਕੌਰ ਨੇ ਦੱਸਿਆ ਕਿ ਵਿਭਾਗ ਦੀ ਮੰਤਰੀ ਨੇ ਵਫਦ ਨਾਲ ਗੱਲਬਾਤ ਕਰਦਿਆਂ ਇਹ ਮੰਨਿਆ ਕਿ ਸੂਬੇ ਦੀਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀ ਮਾਣ ਭੱਤੇ ਵਿਚ ਵਾਧੇ ਵਾਲੀ ਗੱਲ ਬਿਲਕੁਲ ਜਾਇਜ ਹੈ ਤੇ ਇਹ ਵਾਧਾ ਹੋਣਾ ਚਾਹੀਦਾ ਹੈ ਅਤੇ ਆਂਗਨਵਾੜੀ ਸੈਂਟਰਾਂ ਦੇ ਬੱਚੇ ਜੋ ਸਿੱਖਿਆ ਵਿਭਾਗ ਲੈ ਗਿਆ ਹੈ, ਉਹ ਵੀ ਵਾਪਸ ਮਿਲਣੇ ਚਾਹੀਦੇ ਹਨ।
ਉਹਨਾ ਭਰੋਸਾ ਦਿਵਾਇਆ ਕਿ ਯੂਨੀਅਨ ਦੀਆਂ ਮਾਣ ਭੱਤੇ ਵਿਚ ਵਾਧੇ ਸਮੇਤ ਸਾਰੀਆਂ ਮੰਗਾਂ ਸਰਕਾਰ ਮੰਨ ਲਵੇਗੀ ਅਤੇ 17 ਜੁਲਾਈ ਨੂੰ ਫਾਇਨਲ ਮੀਟਿੰਗ ਕਰਕੇ ਮੰਗਾਂ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ 17 ਜੁਲਾਈ ਤੋਂ ਪਹਿਲਾਂ ਪਹਿਲਾ ਦੋ ਮੀਟਿੰਗਾਂ ਉਹ ਜਥੇਬੰਦੀਆਂ ਦੀਆਂ ਆਗੂਆ ਨਾਲ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਿੱਖਿਆ ਮੰਤਰੀ ਓ ਪੀ ਸੋਨੀ ਨਾਲ ਕਰਵਾਉਣਗੇ। ਇਸੇ ਦੌਰਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਜਥੇਬੰਦੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਅਰੂਸਾ ਆਲਮ ਦੇ ਨਾਮ ਖੂਨ ਨਾਲ ਮੰਗ ਪੱਤਰ ਲਿਖ ਕੇ 13 ਜੂਨ ਤੋਂ 16 ਜੂਨ ਤੱਕ ਜਿਲ੍ਹਾ ਪੱਧਰ ਤੇ ਰੋਸ ਪ੍ਰਦਰਸ਼ਨ ਕਰਕੇ ਭੇਜੇ ਜਾਣ ਦਾ ਜੋ ਪ੍ਰੋਗਰਾਮ ਉਲੀਕਿਆ ਗਿਆ ਸੀ। ਉਸ ਪ੍ਰੋਗਰਾਮ ਨੂੰ ਯੂਨੀਅਨ ਨੇ ਇਕ ਵਾਰ ਮੁਲਤਵੀ ਕਰ ਦਿੱਤਾ ਹੈ ਅਤੇ 16 ਜੂਨ ਤੋਂ ਬਠਿੰਡਾ ਵਿੱਚ 31 ਮੈਂਬਰਾਂ ਨੇ ਮਰਨ ਵਰਤ ਸ਼ੁਰੂ ਕਰਨਾ ਸੀ, ਉਸ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਜਦੋਂਕਿ ਬਠਿੰਡਾ ਵਿੱਚ ਪਿਛਲੇ 135 ਦਿਨਾਂ ਤੋਂ ਲੜੀਵਾਰ ਚੱਲ ਰਿਹਾ ਧਰਨਾ ਜਾਰੀ ਰਹੇਗਾ।
ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ 17 ਜੁਲਾਈ ਨੂੰ ਪੰਜਾਬ ਸਰਕਾਰ ਮਾਣ ਭੱਤੇ ਵਿੱਚ ਵਾਧੇ ਵਾਲਾ, ਬੱਚਿਆਂ ਨੂੰ ਵਾਪਸ ਕਰਨ ਲਈ ਅਤੇ ਹੋਰ ਮੰਗਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤਾਂ ਜਥੇਬੰਦੀ ਵੱਲੋਂ ਮੁੜ ਫੇਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਦੀ ਆਗੂ ਸ਼ਿੰਦਰਪਾਲ ਕੌਰ ਥਾਂਦੇਵਾਲਾ, ਬਲਵੀਰ ਕੌਰ ਮਾਨਸਾ, ਬਲਜੀਤ ਕੌਰ ਕੁਰਾਲੀ, ਗੁਰਅੰਮ੍ਰਿਤ ਕੌਰ ਲੁਧਿਆਣਾ , ਜਸਵੀਰ ਕੌਰ ਮਰਿੰਡਾ, ਕੁਲਮੀਤ ਕੌਰ ਬਟਾਲਾ, ਬਲਜੀਤ ਕੌਰ ਪੇਧਨੀ ਅਤੇ ਜਸਵੰਤ ਕੌਰ ਭਿੱਖੀ ਆਦਿ ਆਗੂ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …