ਆਂਗਨਵਾੜੀ ਬੀਬੀਆਂ ਵੱਲੋਂ ਬੁੱਧਵਾਰ ਨੂੰ ਕੀਤਾ ਜਾਵੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ

ਫਤਹਿਗੜ੍ਹ ਸਾਹਿਬ ਤੋਂ ਪੈਦਲ ਚਲੀਆਂ ਬੀਬੀਆਂ ਦਾ ਵੱਡਾ ਕਾਫੀ ਮੰਗਲਵਾਰ ਸ਼ਾਮ ਨੂੰ ਮੁਹਾਲੀ ਪੁੱਜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਈ:
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਵਿੱਢੇ ਸੰਘਰਸ਼ ਦੇ ਤਹਿਤ ਬੀਤੇ ਦਿਨ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਚੰਡੀਗੜ੍ਹ ਤੱਕ ਦੀ ਸ਼ੁਰੂ ਕੀਤੀ ਪੈਦਲ ਯਾਤਰਾ ਅੱਜ ਲਾਂਡਰਾਂ ਹੋ ਕੇ ਸ਼ਾਮ ਤੱਕ ਸੋਹਾਣਾ ਵਿੱਚ ਪਹੁੰਚ ਗਈ, ਜੋ ਕਿ ਭਲਕੇ 30 ਮਈ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਵੱਲ ਕੂਚ ਕੀਤਾ ਜਾਵੇਗਾ। ਅੱਜ ਸਿੱਖਰ ਦੇ ਪੈ ਰਹੀ ਗਰਮੀ ’ਚ ਭਾਵੇਂ ਆਂਗਣਵਾੜੀ ਮੁਲਾਜ਼ਮਾਂ ਦੇ ਪੈਰਾਂ ਵਿੱਚ ਛਾਲੇ ਪੈ ਗਏ, ਪ੍ਰੰਤੂ ਆਪਣੀਆਂ ਮੰਗਾਂ ਦੀ ਪੂਰਤੀ ਦੇ ਲਈ ਤਪਦੀ ਧੁੱਪ ਤੇ ਪੈਰਾ ਦੇ ਛਾਲਿਆਂ ਦਾ ਦੁੱਖ ਘੱਟ ਲੱਗ ਰਿਹਾ ਸੀ। ਇਸ ਦੌਰਾਨ ਦੋ ਵਰਕਰਾਂ ਗਰਮੀ ਦੇ ਕਾਰਨ ਬੇਹੋਸ਼ ਵੀ ਹੋ ਗਈਆਂ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਤੇ ਉਹ ਆਪਣਾ ਮੁੱਢਲਾ ਇਲਾਜ ਕਰਵਾਉਣ ਬਾਅਦ ਮੁੜ ਕਾਫਲੇ ’ਚ ਸ਼ਾਮਲ ਹੋ ਗਈਆਂ। ਕਾਫਲੇ ਦੀ ਅਗਵਾਈ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ, ਜਨਰਲ ਸਕੱਤਰ ਸੁਭਾਸ਼ ਰਾਣੀ ਅਤੇ ਚੇਅਰਪਰਸਨ ਧਰਮਜੀਤ ਕੌਰ ਕਰ ਰਹੀਆਂ ਹਨ।
ਇਸ ਮੌਕੇ ਆਲ ਇੰਡੀਆ ਫੈਡਰੇਸ਼ਨ ਆਫ ਆਂਗਣਵਾੜੀ ਵਰਕਰਜ਼ ਹੈਂਡ ਹੈਲਪਰਜ਼ ਦੀ ਕੌਮੀ ਪ੍ਰਧਾਨ ਊਸ਼ਾ ਰਾਣੀ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਸੰਘਰਸ਼ ਨੂੰ ਦਿਵਾਉਣ ਦੇ ਲਈ ਪੰਜਾਬ ਦੀ ਡੀਜੀਪੀ ਵੱਲੋਂ ਮੀਟਿੰਗ ਲਈ ਬੁਲਾਇਆ ਗਿਆ। ਮੀਟਿੰਗ ਵਿੱਚ ਡੀਜੀਪੀ ਨੇ ਉਨ੍ਹਾਂ ਨੂੰ ਪੁਲਿਸ ਪਰਚੇ ਦਰਜ ਕਰਨ ਦੀਆਂ ਧਮਕੀਆਂ ਦਿੰਦੇ ਹੋਏ ਸੰਘਰਸ਼ ਖਤਮ ਕਰਨ ਦੇ ਲਈ ਕਿਹਾ। ਇਸ ਤੋਂ ਬਾਅਦ ਡੀਜੀਪੀ ਨੇ ਕਿਹਾ ਕਿ ਅੱਗੇ ਚੰਡੀਗੜ੍ਹ ਪੁਲਿਸ ਨੇ ਨਹੀਂ ਚੰਡੀਗੜ੍ਹ ਦਾਖਲ ਹੋਣ ਦੇਣਾ, ਜੇਕਰ ਉਹ ਨਹੀਂ ਰੁਕਦੀਆਂ। ਇਸਦੇ ਨਾਲ ਹੀ ਡੀਜੀਪੀ ਨੇ ਸਰਕਾਰ ਦਾ ਆਪ ਹੀ ਪੱਖ ਰੱਖਿਆ ਕਿ ਮੰਗਾਂ ਮੰਨਣ ਦੇ ਲਈ ਸਰਕਾਰ ਕੋਲ ਪੈਸਾ ਨਹੀਂ ਹੈ, ਇਸ ਲਈ ਉਹ ਮੰਗਾਂ ਕਿਥੋਂ ਮੰਨ ਲਵੇ। ਆਂਗਣਵਾੜੀ ਮੁਲਾਜ਼ਮ ਯੂਨੀਅਨ ਆਗੂਆਂ ਨੇ ਕਿਹਾ ਕਿ ਉਹ ਪੁਲਿਸ ਕਿਸੇ ਧਮਕੀਆਂ ਨਾਲ ਸੰਘਰਸ਼ ਨੂੰ ਨਹੀਂ ਰੋਕ ਸਕਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਨ੍ਹਾਂ ਦੀਆਂ ਸਾਰੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਉਨ੍ਹਾਂ ਕਿਹਾ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਹੋਵੇਗੀ। ਅੱਜ ਆਂਗਨਵਾੜੀ ਵਰਕਰਾਂ ਸਵੇਰੇ 11 ਵਜੇ ਫਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸਾਹਿਬ ਲਾਂਡਰਾਂ ਪੁੱਜੀਆਂ। ਜਿੱਥੇ ਇਨ੍ਹਾਂ ਦੇ ਰਹਿਣ ਅਤੇ ਲੰਗਰ ਦੇ ਪ੍ਰਬੰਧ ਬੀਬੀ ਪਰਮਜੀਤ ਕੌਰ ਲਾਂਡਰਾਂ ਦੀ ਸਾਬਕਾ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਅਤੇ ਐਸਜੀਪੀਸੀ ਦੀ ਮੈਂਬਰ ਦੀ ਅਗਵਾਈ ਵਿੱਚ ਕੀਤਾ ਗਿਆ। ਬੀਬੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਟੈਂਟ ਲਗਾਇਆ ਗਿਆ। ਬੀਬੀ ਲਾਂਡਰਾਂ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਪੱਧਰੀ ਜਥੇਬੰਦੀ ਦੀ ਕੈਸ਼ੀਅਰ ਬੀਬੀ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਜਥੇਬੰਦੀ ਦੀਆਂ ਮੁੱਖ ਤਿੰਨ ਮੰਗਾਂ ਹਨ ਜਿਨ੍ਹਾਂ ਵਿੱਚ ਸਭ ਤੋਂ ਪਹਿਲੀ ਮੰਗ ਇਨ੍ਹਾਂ ਨੂੰ ਘੱਟ ਤੋਂ ਘੱਟ ਉਜ਼ਰਤ ਦੇ ਘੇਰੇ ਵਿੱਚ ਲਿਆਉਣਾਂ ਹੈ। ਉਨ੍ਹਾਂ ਦੱਸਿਆ ਕਿ ਆਂਗਨਵਾੜੀ ਕੇਂਦਰ ਸਰਕਾਰ ਦੀ ਇਸ ਸਕੀਮ ਨੂੰ ਪਿਛਲੇ 40 ਸਾਲਾਂ ਤੋਂ ਪ੍ਰਫ਼ੁੱਲਤ ਕਰ ਰਹੀਆਂ ਹਨ। ਉਨ੍ਹ ਦੱਸਿਆ ਕਿ ਭਾਰਤ ਵਿਚ ਕਰੀਬ 14 ਲੱਖ ਆਂਗਨਵਾੜੀ ਕੇਂਦਰ ਹਨ। ਜਿਨ੍ਹਾਂ ਵਿੱਚ 20 ਲੱਖ ਵਰਕਰ ਅਤੇ ਹੈਲਪਰ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਇਕੱਲੇ ਪੰਜਾਬ ਵਿੱਚ 57 ਹਜ਼ਾਰ ਵਰਕਰ ਅਤੇ ਹੈਲਪਰ ਹਨ। ਜਿਹੜੇ ਕਿ 27 ਹਜ਼ਾਰ ਦੇ ਆਸ ਪਾਸ ਕੇਂਦਰਾਂ ਵਿਚ ਕੰਮ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਇਹ ਸਾਰੇ ਵਰਕਰ ਬੇਰੁਜ਼ਗਾਰ ਹੋਣ ਵਾਲੇ ਰਾਹ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਆਂਗਨਵਾੜੀ ਵਰਕਰਾਂ ਨੂੰ 5600 ਅਤੇ ਵਰਕਰਾਂ ਨੂੰ 2800 ਰੁਪਏ ਮਿਹਨਤਾਨਾ ਮਿਲਦਾ ਹੈ। ਇਸ ਦੇ ਉਲਟ ਹਰਿਆਣਾ 11429 ਅਤੇ 5700 ਰੁਪਏ ਦੇ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਸਰਕਾਰੀ ਅਤੇ ਅਰਧ ਸਰਕਾਰੀ ਪੈਟਰਨ ਵਿਚ ਸ਼ਮਿਲ ਕੀਤਾ ਜਾਵੇ। ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਸਰਕਾਰ ਇਨ੍ਹਾਂ ਕੋਲੋਂ ਕੰਮ ਖੋਹਣ ਦੀ ਤਾਕ ਵਿੱਚ ਹੈ। ਇਸ ਤੋਂ ਪਹਿਲਾਂ ਪ੍ਰੀ-ਪ੍ਰਾਇਮਰੀ ਕਲਾਸਾਂ ਪ੍ਰਾਇਮਰੀ ਸਕੂਲਾਂ ਵਿੱਚ ਤਬਦੀਲ ਕਰ ਦਿੱਤੀਆਂ ਗਈਆਂ ਜਦਕਿ ਸਿਹਤ ਸੇਵਾਵਾਂ ਦੀਆਂ ਸਕੀਮਾਂ ਖੋਹ ਕੇ ਆਸ਼ਾ ਵਰਕਰਾਂ ਨੂੰ ਦੇ ਦਿੱਤੀਆਂ ਗਈਆਂ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…