nabaz-e-punjab.com

ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ 1 ਮਈ ਨੂੰ ਮਨਾਇਆ ਜਾਵੇਗਾ ਮਜ਼ਦੂਰ ਦਿਵਸ

ਜ਼ਿਲ੍ਹਾ ਤੇ ਬਲਾਕ ਪੱਧਰ ’ਤੇ ਆਂਗਨਵਾੜੀ ਵਰਕਰਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਅਪੀਲ

ਜਯੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
ਪੰਜਾਬ ਭਰ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਮਕ ਰਹੀਆਂ ਜਾਇਜ਼ ਅਤੇ ਹੱਕੀ ਮੰਗਾਂ ਦੀ ਪੂਰਤੀ ਲਈ ਸੰਘਰਸ਼ਸ਼ੀਲ ਸੰਸਥਾ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਪੂਰੇ ਸੂਬੇ ਵਿੱਚ 1 ਮਈ ਨੂੰ ਮਜ਼ਦੂਰ ਦਿਹਾੜਾ ਮਨਾਇਆ ਜਾਵੇਗਾ ਅਤੇ ਉਨ੍ਹਾਂ ਮਜ਼ਦੂਰਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ, ਜਿਨ੍ਹਾਂ ਨੇ ਮਜ਼ਦੂਰਾਂ ਦੇ ਹੱਕਾਂ ਲਈ ਲੜਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਪਿੰਡ ਪੱਧਰ ’ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਆਪਣੀਆਂ ਜਾਇਜ਼ ਮੰਗਾਂ ਦੇ ਸਬੰਧ ਵਿੱਚ ਆਵਾਜ਼ ਬੁਲੰਦ ਕਰਨਗੀਆਂ। ਜਦੋਂਕਿ ਜ਼ਿਲ੍ਹਾ ਪ੍ਰਧਾਨ ਅਤੇ ਬਲਾਕ ਪ੍ਰਧਾਨ ਆਪੋ ਆਪਣੇ 5-5 ਆਗੂਆਂ ਨਾਲ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਮੀਟਿੰਗਾਂ ਕੀਤੀਆਂ ਜਾਣਗੀਆਂ। ਹਰਗੋਬਿੰਦ ਕੌਰ ਨੇ ਸਾਰੀਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਅਤੇ ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਕਾਰਨ ਸਮਾਜਿਕ ਦੂਰੀ ਬਣਾ ਕੇ ਇਸ ਦਿਨ ਨੂੰ ਵੱਧ ਚੜ੍ਹ ਕੇ ਮਨਾਉਣ।
ਬੀਬੀ ਹਰਗੋਬਿੰਦ ਕੌਰ ਨੇ ਦੋਸ਼ ਲਾਇਆ ਕਿ ਪਿਛਲੇ 44 ਸਾਲਾਂ ਤੋਂ ਸਮੇਂ ਦੀਆਂ ਸਰਕਾਰਾਂ ਵਰਕਰਾਂ ਤੇ ਹੈਲਪਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀਆਂ ਹਨ। ਉਨ੍ਹਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਦੇਣ ਦੀ ਥਾਂ ਥੋੜਾ ਬਹੁਤ ਮਾਣਭੱਤਾ ਦੇ ਕੇ ਹੀ ਡੰਗ ਸਾਰਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਘੱਟੋ-ਘੱਟ ਉਜ਼ਰਤਾਂ ਨੂੰ ਮੁੱਖ ਰੱਖਦਿਆਂ ਆਂਗਣਵਾੜੀ ਵਰਕਰ ਨੂੰ ਹਰ ਮਹੀਨੇ 24 ਹਜ਼ਾਰ ਰੁਪਏ ਅਤੇ ਹੈਲਪਰ ਨੂੰ 18 ਹਜ਼ਾਰ ਰੁਪਏ ਮਾਣਭੱਤਾ ਦਿੱਤਾ ਜਾਵੇ। ਪੰਜਾਬ ਸਰਕਾਰ ਵਰਕਰਾਂ ਅਤੇ ਹੈਲਪਰਾਂ ਦੇ ਉਹ ਪੈਸੇ ਰਿਲੀਜ਼ ਕਰੇ, ਜੋ ਕੇਂਦਰ ਸਰਕਾਰ ਨੇ ਵਧਾਏ ਸਨ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਮਾਤਰਮ ਯੋਜਨਾ ਦੇ ਪੈਸੇ ਵੀ ਦਿੱਤੇ ਜਾਣ ਅਤੇ ਪਿਛਲੇ ਚਾਰ ਸਾਲਾਂ ਤੋਂ ਸੁਪਰਵਾਈਜ਼ਰਾਂ ਦੀ ਭਰਤੀ ਦਾ ਲਟਕ ਰਿਹਾ ਕੰਮ ਨੇਪਰੇ ਚਾੜਿਆ ਜਾਵੇ।
ਐਨਜੀਓ ਦੇ ਅਧੀਨ ਕੰਮ ਕਰਦੀਆਂ ਵਰਕਰਾਂ ਦੇ ਕੇਂਦਰਾਂ ਦੇ ਕਿਰਾਏ ਪਿਛਲੇ ਦੋ ਸਾਲਾ ਤੋਂ ਨਹੀ ਦਿੱਤੇ ਗਏ, ਉਹ ਵਰਕਰਜ਼ ਆਪਣੇ ਪੱਲੇ ਤੋਂ ਭਰ ਰਹੀਆਂ ਹਨ, ਨਾ ਹੀ ਉਨ੍ਹਾਂ ਦਾ ਦੋ ਸਾਲਾ ਦਾ ਵਰਦੀ ਭੱਤਾ ਦਿੱਤਾ ਗਿਆ। ਐਨਜੀਓ ਅਧੀਨ ਆਉਂਦੇ ਬਲਾਕਾਂ ਨੂੰ ਵਿਭਾਗ ਅਧੀਨ ਨਹੀ ਲਿਆਂਦਾ ਗਿਆ, ਜਦੋਂਕਿ ਇਸ ਸਬੰਧੀ 2 ਬਲਾਕਾਂ ਦਾ ਨੋਟੀਫ਼ਿਕੇਸ਼ਨ ਜਾਰੀ ਹੋ ਚੁੱਕਾ ਹੈ। ਪਿਛਲੇ ਸਮੇਂ 2015 ਵਿੱਚ ਵਰਕਰ ਤੋਂ ਗਲਤ ਸਰਟੀਫਿਕੇਟ ਅਤੇ ਜਾਅਲੀ ਡਿਗਰੀਆਂ ਪੇਸ਼ ਕਰਕੇ ਬਣੀਆਂ ਸੁਪਰਵਾਈਜ਼ਰਾਂ ਨੂੰ ਤੁਰੰਤ ਨੌਕਰੀ ਤੋਂ ਫ਼ਾਰਗ ਕੀਤਾ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਵਿਭਾਗ ਦੇ ਪੱਤਰ ਮੁਤਾਬਕ 420 ਦੇ ਪਰਚੇ ਦਰਜ ਕੀਤੇ ਜਾਣ। ਬਾਲਣ ਦੇ ਪੈਸੇ ਪ੍ਰਤੀ ਲਾਭਪਾਤਰੀ 40 ਪੈਸੇ ਦੀ ਥਾਂ 1 ਰੁਪਏ ਪ੍ਰਤੀ ਲਾਭਪਾਤਰੀ ਦਿੱਤਾ ਜਾਵੇ। ਕਿਉਂਕਿ ਗੈਸ ਸਿਲੰਡਰ 450 ਰੁਪਏ ਦੀ ਥਾਂ 750 ਰੁਪਏ ਹੋ ਗਿਆ ਹੈ। ਆਂਗਣਵਾੜੀ ਵਰਕਰਜ਼/ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਤੁਰੰਤ ਪੂਰੀਆਂ ਕੀਤੀਆਂ ਜਾਣ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …