nabaz-e-punjab.com

ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਵੱਲੋਂ ਧੱਕੇ ਨਾਲ ਦਿੱਤੇ ਵਾਧੂ ਚਾਰਜਾਂ ਦਾ ਬਾਈਕਾਟ ਤੇ ਰੋਲੀ ਰੈਲੀ ਦਾ ਐਲਾਨ

ਵੈਟਰਨਰੀ ਇੰਸਪੈਕਟਰ 13 ਅਗਸਤ ਨੂੰ ਕਰਨਗੇ ਡਾਇਰੈਕਟਰ ਦਫ਼ਤਰ ਦਾ ਘਿਰਾਓ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਗਸਤ:
ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਵੱਲੋਂ ਵੈਟਰਨਰੀ ਇੰਸਪੈਕਟਰ ਦੀਆਂ ਕੀਤੀਆਂ ਜਬਰੀ ਬਦਲੀਆਂ ਅਤੇ ਧੱਕੇ ਨਾਲ ਦਿੱਤੇ ਵਾਧੂ ਚਾਰਜਾਂ ਖ਼ਿਲਾਫ਼ ਵੈਟਰਨਰੀ ਇੰਸਪੈਕਟਰ 13 ਅਗਸਤ ਨੂੰ ਇੱਥੋਂ ਦੇ ਸੈਕਟਰ-68 ਸਥਿਤ ਲਾਈਵ ਸਟਾਕ ਕੰਪਲੈਕਸ ਵਿੱਚ ਸਥਿਤ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਦੇ ਘਿਰਾਓ ਕਰਕੇ ਵਿਸ਼ਾਲ ਰੋਸ ਮੁਜ਼ਾਹਰਾ ਕਰਨਗੇ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਈਏਸ਼ਨ ਦੇ ਸੂਬਾ ਪ੍ਰਧਾਨ ਨਿਰਮਲ ਸੈਣੀ ਅਤੇ ਸੂਬਾ ਪ੍ਰੈੱਸ ਸਕੱਤਰ ਕਿਸ਼ਨ ਚੰਦਰ ਮਹਾਜਨ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਵੱਲੋਂ ਵੈਟਰਨਰੀ ਇੰਸਪੈਕਟਰ ਕਾਡਰ ਖ਼ਿਲਾਫ਼ ਧੱਕੇਸ਼ਾਹੀ ਅਤੇ ਵਧੀਕੀਆਂ ਦਾ ਰਵੱਈਆ ਅਪਣਾਇਆ ਜਾ ਰਿਹਾ ਹੈ।
ਯੂਨੀਅਨ ਆਗੂਆਂ ਨੇ ਕਿਹਾ ਕੇ ਪਿਛਲੀਆਂ ਸਰਕਾਰਾਂ ਵੱਲੋਂ ਪਸ਼ੂ ਪਾਲਕਾਂ ਨੂੰ ਬਿਹਤਰ ਸਹੂਲਤਾਂ ਲਈ ਵੱਧ ਤੋਂ ਵੱਧ ਪਸ਼ੂ ਡਿਸਪੈਂਸਰੀਆਂ ਚਲਾਉਣ ਦੇ ਮੰਤਵ ਨਾਲ ਵੱਧ ਸਟਾਫ਼ ਵਾਲੇ ਹਸਪਤਾਲਾਂ ’ਚੋਂ ਚੱਕ ਕੇ ਪਸ਼ੂ ਡਿਸਪੈਂਸਰੀਆਂ ਵਿੱਚ ਤਾਇਨਾਤ ਕੀਤਾ ਜਾਂਦਾ ਸੀ ਤਾਂ ਜੋ ਪਸ਼ੂ ਪਾਲਕਾਂ ਨੂੰ ਘਰਾਂ ਨੇੜੇ ਦਰਵਾਜੇ ’ਤੇ ਪਸ਼ੂ ਸਿਹਤ ਸੇਵਾਵਾਂ ਮਿਲ ਸਕਣ ਪਰ ਮੌਜੂਦਾ ਸਮੇਂ ਵਿੱਚ ਪਸ਼ੂ ਪਾਲਕਾਂ ਤੋਂ ਸਹੂਲਤਾਂ ਖੋ ਕੇ ਵਿਸ਼ੇਸ਼ ਲਾਬੀ ਨੂੰ ਖੁਸ਼ ਕਰਨ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਜਿਸ ਦੇ ਚੱਲਦਿਆਂ ਪਸ਼ੂ ਹਸਪਤਾਲਾਂ ਦਾ ਵਾਧੂ ਚਾਰਜ ਨਾਲ ਲੱਗਦੀ ਡਿਸਪੈਂਸਰੀਆਂ ਨੂੰ ਦਿੱਤਾ ਗਿਆ ਹੈ, ਪਸ਼ੂ ਡਿਸਪੈਂਸਰੀਆਂ ਬੰਦ ਕਰਕੇ ਪਸ਼ੂ ਹਸਪਤਾਲਾਂ ਦਾ ਚਾਰਜ ਸੰਭਾਲਣਾ ਬੇਤੁੱਕਾ ਫੈਸਲਾ ਹੈ। ਜਿਸ ਨਾਲ ਵੈਟਰਨਰੀ ਇੰਸਪੈਕਟਰ ਦੋ ਦੋ ਅਦਾਰਿਆਂ ਦੀ ਪਰਚੀ ਫੀਸ ਭਰਨ ਅਤੇ ਕਾਗਜੀ ਕਾਰਵਾਈ ਵਿੱਚ ਹੀ ਉਲਝੇ ਰਹਿਣਗੇ।
ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਵੈਟਰਨਰੀ ਇੰਸਪੈਕਟਰਾਂ ਨੇ ਸੂਬਾ ਪੱਧਰੀ ਮੀਟਿੰਗ ਉਪਰੰਤ ਉਨ੍ਹਾਂ ਨੂੰ ਹਸਪਤਾਲਾਂ ਦੇ ਦਿੱਤੇ ਵਾਧੂ ਚਾਰਜਾਂ ਦਾ ਬਾਈਕਾਟ ਦਾ ਫੈਸਲਾ ਕਰਦਿਆਂ ਵਰਕ ਟੂ ਰੂਲ ’ਤੇ ਜਾਣ ਦਾ ਐਲਾਨ ਕੀਤਾ ਹੈ। ਇਸ ਅਧੀਨ ਵੈਟਰਨਰੀ ਇੰਸਪੈਕਟਰ ਸਿਰਫ਼ ਉਹੀ ਕੰਮ ਕਰਨਗੇ। ਜਿਨ੍ਹਾਂ ਲਈ ਉਹ ਅਧਿਕਾਰਤ ਹਨ। ਰਾਤ ਬਰਾਤੇ ਆਉਂਦੀਂ ਹਰ ਵੈਟਰਨਰੀ ਐਮਰਜੈਂਸੀ ਵੈਟਰਨਰੀ ਅਫ਼ਸਰ ਹੀ ਦੇਖਣਗੇ। ਉਨ੍ਹਾਂ ਪੰਜਾਬ ਭਰ ਦੇ ਉੱਦਮੀ ਪਸ਼ੂ ਪਾਲਕਾਂ ਨੂੰ ਡਾਇਰੈਕਟਰ ਦੀਆਂ ਵਧੀਕੀਆਂ ਖ਼ਿਲਾਫ਼ 13 ਅਗਸਤ ਦੇ ਘਿਰਾਓ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਸੀਨੀਅਰ ਮੀਤ ਪਰਧਾਨ ਭੁਪਿੰਦਰ ਸਿੰਘ ਸੱਚਰ, ਬਰਿੰਦਰਪਾਲ ਸਿੰਘ ਕੈਰੋਂ, ਰਾਜੀਵ ਮਲਹੋਤਰਾ, ਕੇਵਲ ਸਿੰਘ ਸਿੱਧੂ, ਜਗਸੀਰ ਸਿੰਘ ਖਿਆਲਾ, ਅਜਾਇਬ ਸਿੰਘ ਨਵਾਂ ਸ਼ਹਿਰ, ਮਨਦੀਪ ਸਿੰਘ ਗਿੱਲ, ਜਗਰਾਜ ਟੱਲੇਵਾਲ, ਗੁਰਮੁੱਖ ਸਿੰਘ ਪਾਹੜਾ, ਜਰਨੈਲ ਸਿੰਘ ਗਿੱਲ ਅਤੇ ਹਰਪਰੀਤ ਸਿੰਘ ਸੰਧੂ ਹਾਜ਼ਰ ਸਨ

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…