Share on Facebook Share on Twitter Share on Google+ Share on Pinterest Share on Linkedin ਪਸ਼ੂਆਂ ਦੀ ਮੌਤ: ਪਸ਼ੂ ਪਾਲਣ ਵਿਭਾਗ ਨੇ ਜਾਂਚ ਅਧਿਕਾਰੀ ਨੂੰ ਅਧੂਰੀ ਰਿਪੋਰਟ ਸੌਂਪੀ ਮ੍ਰਿਤਕ ਪਸ਼ੂਆਂ ਦੀ ਗਿਣਤੀ ਨੂੰ ਲੈ ਕੇ ਭੰਬਲਭੂਸਾ, ਪੋਸਟਮਾਰਟਮ ਤੇ ਚਾਰੇ ਦੇ ਸੈਂਪਲਾਂ ਦੀ ਜਾਂਚ ਰਿਪੋਰਟ ਆਉਣੀ ਬਾਕੀ ਪਿੰਡ ਕੰਡਾਲਾ ਵਿੱਚ ਜਰਨੈਲ ਸਿੰਘ ਰਾਜੂ ਦੇ ਫਾਰਮ ਵਿੱਚ ਅੱਜ ਇਕ ਹੋਰ ਮੱਝ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜੁਲਾਈ: ਇੱਥੋਂ ਦੇ ਨਜ਼ਦੀਕੀ ਪਿੰਡ ਕੰਡਾਲਾ ਸਥਿਤ ਦੋ ਡੇਅਰੀ ਫਾਰਮਾਂ ਅਤੇ ਪਿੰਡ ਸਫ਼ੀਪੁਰ ਵਿੱਚ ਦੂਸ਼ਿਤ ਚਾਰਾ (ਜ਼ਹਿਰੀਲੀ ਫੀਡ) ਖਾਣ ਨਾਲ ਮਰਨ ਵਾਲੇ ਪਸ਼ੂਆਂ ਦਾ ਸਿਲਸਿਲਾ ਜਾਰੀ ਹੈ। ਸਾਬਕਾ ਸਰਪੰਚ ਸੁਰਿੰਦਰ ਸਿੰਘ ਅਤੇ ਪੀੜਤ ਜਰਨੈਲ ਸਿੰਘ ਰਾਜੂ ਨੇ ਦੱਸਿਆ ਕਿ ਅੱਜ ਉਸ ਦੀ ਇਕ ਹੋਰ ਮੱਝ ਨੇ ਦਮ ਤੋੜ ਦਿੱਤਾ ਹੈ। ਇਸ ਤਰ੍ਹਾਂ ਮਰਨ ਵਾਲੇ ਪਸ਼ੂਆਂ ਦੀ ਗਿਣਤੀ ਵਧ ਕੇ 117 ਹੋ ਗਈ ਹੈ। ਰਾਜੂ ਦੇ ਡੇਅਰੀ ਫਾਰਮ ਵਿੱਚ ਹੁਣ ਸਿਰਫ਼ ਇਕ ਮੱਝ ਜ਼ਿੰਦਾ ਬਚੀ ਹੈ। ਜਦੋਂਕਿ ਪਿਛਲੇ ਵਿਹੜੇ ਵਿੱਚ ਡੇਢ ਦਰਜਨ ਗਾਵਾਂ ਹਨ। ਪਿੰਡ ਸਫ਼ੀਪੁਰ ਦੇ ਸਰਪੰਚ ਰਮਨਦੀਪ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਕ ਨਿਰਮਲ ਸਿੰਘ ਦੇ ਫਾਰਮ ਵਿੱਚ 17 ਪਸ਼ੂ ਸਨ। ਜਿਨ੍ਹਾਂ ’ਚੋਂ ਇਕ ਬਲਦ ਸਮੇਤ 12 ਪਸ਼ੂ ਮਰ ਚੁੱਕੇ ਹਨ ਅਤੇ 3 ਮੱਝਾਂ ਅਤੇ 2 ਗਾਵਾਂ ਹੀ ਬਚੀਆਂ ਹਨ। ਇਨ੍ਹਾਂ ਦੀ ਹਾਲਤ ਵੀ ਬਹੁਤੀ ਠੀਕ ਨਹੀਂ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪਸ਼ੂਆਂ ਦੀ ਮੌਤ ਦੇ ਮਾਮਲੇ ਦੀ ਜਾਂਚ ਦੇ ਆਦੇਸ਼ ਜਾਰੀ ਕਰਦਿਆਂ ਡੀਸੀ ਤੋਂ ਤਿੰਨ ਦਿਨਾਂ ਦ ਅੰਦਰ ਅੰਦਰ ਵਿਸਥਾਰ ਰਿਪੋਰਟ ਮੰਗ ਗਈ ਸੀ ਲੇਕਿਨ ਅੱਜ ਤਿੰਨ ਦਿਨ ਬੀਤੇ ਚੁੱਕੇ ਹਨ ਪ੍ਰੰਤੂ ਹਾਲੇ ਤੱਕ ਜਾਂਚ ਮੁਕੰਮਲ ਨਹੀਂ ਹੋ ਸਕੀ ਹੈ। ਉਧਰ, ਪਸ਼ੂ ਪਾਲਣ ਵਿਭਾਗ ਦੀ ਰਿਪੋਰਟ ਅਨੁਸਾਰ ਮ੍ਰਿਤਕ ਪਸ਼ੂਆਂ ਦੀ ਗਿਣਤੀ ਨੂੰ ਲੈ ਕੇ ਭੰਬਲਭੂਸਾ ਪਾਇਆ ਜਾ ਰਿਹਾ ਹੈ। ਅੱਜ ਸ਼ਾਮੀ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਨਿਰਮਲਜੀਤ ਸਿੰਘ ਨੇ ਜਾਂਚ ਅਧਿਕਾਰੀ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਸੀ। ਜਿਸ ਵਿੱਚ ਤਿੰਨ ਡੇਅਰੀ ਫਾਰਮਰਾਂ ਵਿੱਚ ਸਿਰਫ਼ 29 ਪਸ਼ੂਆਂ ਦੀ ਮੌਤ ਦਾ ਜ਼ਿਕਰ ਕੀਤਾ ਗਿਆ ਹੈ ਜਦੋਂਕਿ ਹੁਣ ਤੱਕ 117 ਪਸ਼ੂ ਮਰ ਚੁੱਕੇ ਹਨ। ਏਡੀਸੀ (ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਸੌਂਪੀ ਗਈ ਮੁੱਢਲੀ ਰਿਪੋਰਟ ਅਧੂਰੀ ਹੈ। ਇਸ ਵਿੱਚ ਮ੍ਰਿਤਕ ਪਸ਼ੂਆਂ ਦੇ ਪੋਸਟ ਮਾਰਟਮ ਦੀ ਰਿਪੋਰਟ ਅਤੇ ਫੀਡ ਅਤੇ ਚਾਰੇ ਦੇ ਸੈਂਪਲਾਂ ਦੀ ਰਿਪੋਰਟ ਨੱਥੀ ਨਹੀਂ ਹੈ। ਇਹ ਰਿਪੋਰਟ ਭਲਕੇ ਵੀਰਵਾਰ ਨੂੰ ਦੇਰ ਸ਼ਾਮ ਤੱਕ ਆਉਣ ਬਾਰੇ ਦੱਸਿਆ ਗਿਆ ਹੈ। ਪਸ਼ੂ ਪਾਲਣ ਵਿਭਾਗ ਵੱਲੋਂ ਜਾਂਚ ਅਧਿਕਾਰੀ ਨੂੰ 25 ਜੁਲਾਈ ਤੋਂ 29 ਜੁਲਾਈ ਤੱਕ ਦੀ ਰਿਪੋਰਟ ਦਿੱਤੀ ਹੈ ਜਦੋਂਕਿ ਹੁਣ ਤੱਕ ਲਗਾਤਾਰ ਪਸ਼ੂ ਮਰ ਰਹੇ ਹਨ। ਰਿਪੋਰਟ ਵਿੱਚ ਦੱਸਿਆ ਹੈ ਕਿ ਪਿੰਡ ਕੰਡਾਲਾ ਵਿੱਚ ਡੇਅਰੀ ਫਾਰਮਰ ਜਰਨੈਲ ਸਿੰਘ ਰਾਜੂ ਦੀਆਂ 39 ਮੱਝਾਂ ’ਚੋਂ ਸਿਰਫ਼ 12 ਮੱਝਾਂ, ਅਤੇ ਦੋ ਤਿੰਨ ਕਟਰੂ ਮਰ ਦੱਸੇ ਹਨ। ਜਦੋਂਕਿ ਸਾਰੀਆਂ 25 ਗਾਵਾਂ ਜ਼ਿੰਦਾ ਹੋਣ ਦਾ ਦਾਅਵਾ ਕੀਤਾ ਹੈ। ਇੰਝ ਹੀ ਤਰਸੇਮ ਲਾਲ ਦੇ ਡੇਅਰੀ ਫਾਰਮ ਵਿੱਚ ਕੁੱਲ 37 ਮੱਝਾਂ ’ਚੋਂ ਸਿਰਫ਼ 4 ਮੱਝਾਂ ਅਤੇ 12 ਗਾਵਾਂ ’ਚੋਂ 4 ਗਾਵਾਂ ਅਤੇ ਅੱਠ ਕੱਟੇ ਕੱਟੀਆਂ ’ਚੋਂ ਸਿਰਫ਼ ਦੋ ਕਟਰੂ ਮ੍ਰਿਤਕ ਦਿਖਾਏ ਹਨ। ਉਧਰ, ਪਿੰਡ ਸਫੀਪੁਰ ਵਿੱਚ ਨਿਰਮਲ ਸਿੰਘ ਦੇ ਫਾਰਮ ਵਿੱਚ ਕੁੱਲ ਛੇ ਪਸ਼ੂ ਦੱਸੇ ਗਏ ਹਨ। ਜਿਨ੍ਹਾਂ ’ਚੋਂ ਸਿਰਫ਼ 1 ਮੱਝ, ਸੱਤ ਗਾਵਾਂ ’ਚੋਂ 4 ਗਾਵਾਂ ਅਤੇ ਇਕ ਬਲਦ ਨੂੰ ਮਰਿਆ ਦਿਖਾਇਆ ਜਾ ਰਿਹਾ ਹੈ। ਪ੍ਰੰਤੂ ਇਹ ਗਿਣਤੀ ਵੀ ਸਹੀ ਨਹੀਂ ਹੈ। ਰਿਪੋਰਟ ਮੁਤਾਬਕ ਮ੍ਰਿਤਕ ਪਸ਼ੂ 31 ਬਣ ਰਹੇ ਹਨ। ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਪਸ਼ੂ ਪਾਲਕ ਤਰਸੇਮ ਲਾਲ ਨੇ ਇਲਾਜ਼ ਦੌਰਾਨ 26 ਪਸ਼ੂਆਂ ਨੂੰ ਅਣਪਛਾਤੀ ਥਾਂ ਭੇਜਣ ਦਾ ਦੋਸ਼ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੀ ਰਿਪੋਰਟ ਤਸੱਲੀਬਖ਼ਸ਼ ਨਹੀਂ ਜਾਪਦੀ ਹੈ। ਇਸ ਲਈ ਭਲਕੇ ਫਿਰ ਤੋਂ ਸਬੰਧਤ ਅਧਿਕਾਰੀਆਂ ਨੂੰ ਤਲਬ ਕਰਕੇ ਸਮੁੱਚੇ ਘਟਨਾਕ੍ਰਮ ਦਾ ਜਾਇਜ਼ਾ ਲਿਆ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ