ਪਸ਼ੂ ਪਾਲਣ ਮੰਤਰੀ ਵੱਲੋਂ ਫਰਵਰੀ ਦੇ ਅੰਤ ਤੱਕ ਪਸ਼ੂ-ਧਨ ਗਣਨਾ ਮੁਕੰਮਲ ਕਰਨ ਦੇ ਆਦੇਸ਼
ਗੁਰਮੀਤ ਖੁੱਡੀਆਂ ਨੇ ਵਿਭਾਗ ਦੇ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਦਾ ਵੀ ਲਿਆ ਜਾਇਜ਼ਾ
ਨਬਜ਼-ਏ-ਪੰਜਾਬ, ਮੁਹਾਲੀ, 5 ਫਰਵਰੀ:
ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਇੱਥੋਂ ਦੇ ਸੈਕਟਰ-68 ਸਥਿਤ ਪਸ਼ੂ-ਧਨ ਕੰਪਲੈਕਸ ਵਿਖੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ 21ਵੀਂ ਪਸ਼ੂ-ਧਨ ਗਣਨਾ ਨੂੰ ਫਰਵਰੀ ਦੇ ਅੰਤ ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਪਸ਼ੂਆਂ ਦੀਆਂ ਨਸਲਾਂ ਅਤੇ ਹੋਰ ਵਿਸ਼ੇਸ਼ਤਾਵਾਂ ਦੇ ਆਧਾਰ ’ਤੇ ਸ਼੍ਰੇਣੀਬੱਧ ਕੀਤੇ ਪਸ਼ੂਆਂ ਦੀ ਗਿਣਤੀ ਸਬੰਧੀ ਸਟੀਕ ਡੇਟਾ ਇਕੱਤਰ ਕਰਨ ’ਤੇ ਜ਼ੋਰ ਦਿੰਦਿਆਂ ਮੰਤਰੀ ਨੇ ਕਿਹਾ ਕਿ ਇਹ ਵਿਆਪਕ ਸਰਵੇਖਣ ਇੱਕ ਮਹੱਤਵਪੂਰਨ ਮਾਪਦੰਡ ਵਜੋਂ ਕੰਮ ਕਰੇਗਾ, ਜੋ ਪਸ਼ੂ-ਧਨ ਦੀ ਮੌਜੂਦਾ ਸਥਿਤੀ ਨੂੰ ਉਜਾਗਰ ਕਰੇਗਾ ਅਤੇ ਇਸ ਸਬੰਧੀ ਭਵਿੱਖੀ ਯੋਜਨਾਬੰਦੀ ਲਈ ਮਾਰਗ-ਦਰਸ਼ਨ ਕਰੇਗਾ। ਨਾਲ ਹੀ ਲੋੜ ਮੁਤਾਬਕ ਫ਼ੈਸਲੇ ਲੈਣ ਅਤੇ ਖੇਤਰ ਵਿੱਚ ਸਥਾਈ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗਾ। ਇਸ ਮੌਕੇ ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਵੀ ਹਾਜ਼ਰ ਸਨ।
ਖੁੱਡੀਆਂ ਨੇ ਵਿਭਾਗ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਪ੍ਰਾਜੈਕਟਾਂ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਅਗਲੇ ਹਫ਼ਤੇ ਤੋਂ ਪੰਜਾਬ ਵਿੱਚ ਲੰਪੀ ਸਕਿਨ ਬਿਮਾਰੀ (ਐਲਐਸਡੀ) ਵਿਰੁੱਧ ਵਿਆਪਕ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੇ ਹੁਕਮ ਦਿੱਤੇ। ਸਰਕਾਰ ਵੱਲੋਂ ਇਸ ਘਾਤਕ ਬਿਮਾਰੀ ਨੂੰ ਰੋਕਣ ਲਈ 25 ਲੱਖ ਗਊਵੰਸ਼ ਦੇ ਟੀਕਾਕਰਨ ਲਈ ਲੋੜੀਂਦੀ ਗਿਣਤੀ ਵਿੱਚ ਗੌਟ ਪੌਕਸ ਵੈਕਸੀਨ ਦੀਆਂ ਖ਼ੁਰਾਕਾਂ ਖ਼ਰੀਦੀਆਂ ਗਈਆਂ ਹਨ। ਮੰਤਰੀ ਨੇ ਪਟਿਆਲਾ, ਅੰਮ੍ਰਿਤਸਰ, ਬਠਿੰਡਾ, ਸੰਗਰੂਰ, ਗੁਰਦਾਸਪੁਰ ਅਤੇ ਲੁਧਿਆਣਾ ਦੇ ਵੈਟਰਨਰੀ ਪੋਲੀ-ਕਲੀਨਿਕਾਂ ਵਿੱਚ ਸ਼ੁਰੂ ਕੀਤੀਆਂ ਜਾਣ ਵਾਲੀਆਂ ਇਨਡੋਰ ਸੇਵਾਵਾਂ ਸਬੰਧੀ ਪ੍ਰਾਜੈਕਟ ਦੀ ਸਥਿਤੀ ਦਾ ਜਾਇਜ਼ਾ ਲਿਆ। ਇਨ੍ਹਾਂ ਪੋਲੀ-ਕਲੀਨਿਕਾਂ ਵਿੱਚ ਪਾਲਤੂ ਜਾਨਵਰਾਂ ਅਤੇ ਪਸ਼ੂਆਂ ਲਈ ਕਈ ਤਰ੍ਹਾਂ ਦੀਆਂ ਇਨਡੋਰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਜਿਨ੍ਹਾਂ ਵਿੱਚ ਗੰਭੀਰ ਬਿਮਾਰੀ ਪ੍ਰਬੰਧਨ, ਸਰਜਰੀਆਂ, ਸਰਜਰੀ ਉਪਰੰਤ ਦੇਖਭਾਲ, ਲੈਬ ਟੈੱਸਟ, ਐਕਸ-ਰੇਅ ਅਤੇ ਅਲਟਰਾਸਾਊਂਡ ਸਹੂਲਤਾਂ ਸ਼ਾਮਲ ਹਨ। ਡਾਇਰੈਕਟਰ ਡਾ. ਜੀਐਸ ਬੇਦੀ ਨੇ ਮੰਤਰੀ ਨੂੰ ਭਰੋਸਾ ਦਿੱਤਾ ਕਿ ਪਸ਼ੂ-ਧਨ ਗਣਨਾ ਨੂੰ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
ਇਸੇ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਮੰਤਰੀ ਨੂੰ ਜਾਣੂ ਕਰਵਾਇਆ ਕਿ ਪੰਜਾਬ ਵਿੱਚ ਪਹਿਲੀ ਵਾਰ ਪਸ਼ੂ ਪਾਲਣ ਖੇਤਰ ਵਿੱਚ ਅੌਰਤਾਂ ਦੀ ਭੂਮਿਕਾ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। 16 ਵੱਖ-ਵੱਖ ਕਿਸਮਾਂ ਦੇ ਜਾਨਵਰਾਂ ਅਤੇ ਪੋਲਟਰੀ ਦੀ ਗਿਣਤੀ ਕੀਤੀ ਜਾ ਰਹੀ ਹੈ। ਇਹ ਡਾਟਾ ਮੋਬਾਈਲ ਐਪਲੀਕੇਸ਼ਨ ਰਾਹੀਂ ਡਿਜੀਟਲ ਤੌਰ ’ਤੇ ਇਕੱਤਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 64.78 ਲੱਖ ਤੋਂ ਵੱਧ ਘਰਾਂ ਨੂੰ ਕਵਰ ਕਰਨ ਦੇ ਟੀਚੇ ਦੇ ਮੁਕਾਬਲੇ ਗਿਣਤੀਕਾਰਾਂ ਵੱਲੋਂ ਹੁਣ ਤੱਕ 35.36 ਲੱਖ ਤੋਂ ਵੱਧ ਘਰਾਂ ਨੂੰ ਕਵਰ ਕੀਤਾ ਜਾ ਚੁੱਕਾ ਹੈ। ਪਿਛਲੀ ਪਸ਼ੂ-ਧਨ ਗਣਨਾ ਦੌਰਾਨ ਕੁੱਲ 45,51,483 ਘਰਾਂ ਨੂੰ ਕਵਰ ਕੀਤਾ ਗਿਆ ਸੀ।