nabaz-e-punjab.com

ਮੁਹਾਲੀ ਗਊਸ਼ਾਲਾ ਵਿੱਚ 10 ਹੋਰ ਪਸ਼ੂਆਂ ਦੀ ਮੌਤ, ਪੋਸਟ ਮਾਰਟਮ ਦੌਰਾਨ ਪੇਟ ’ਚੋਂ ਮਿਲੇ ਪਲਾਸਟਿਕ ਦੇ ਲਿਫ਼ਾਫ਼ੇ

ਡਿਪਟੀ ਮੇਅਰ ਮਨਜੀਤ ਸੇਠੀ ਨੇ ਡੀਸੀ ਤੇ ਪਸ਼ੂ ਪਾਲਣ ਮੰਤਰੀ ਸਿੱਧੂ ਨੂੰ ਲਿਖਿਆ ਪੱਤਰ, ਵਿਜੀਲੈਂਸ ਤੋਂ ਜਾਂਚ ਮੰਗੀ

ਪ੍ਰਧਾਨ ਮੰਤਰੀ, ਰਾਸ਼ਟਰਪਤੀ, ਸੁਪਰੀਮ ਕੋਰਟ ਦੇ ਚੀਫ਼ ਜਸਟਿਸ, ਆਰਐਸਐਸ, ਕੌਮੀ ਗਊ ਬੋਰਡ ਨੂੰ ਭੇਜੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਾਰਚ:
ਮੁਹਾਲੀ ਨਗਰ ਨਿਗਮ ਦੀ ਇੱਥੋਂ ਦੇ ਸਨਅਤੀ ਏਰੀਆ ਫੇਜ਼-1 ਵਿੱਚ ਸਥਿਤ ਗਊਸ਼ਾਲਾ ਵਿੱਚ 10 ਹੋਰ ਪਸ਼ੂਆਂ (ਗਊਆਂ) ਦੀ ਮੌਤ ਹੋ ਗਈ ਹੈ। ਉਂਜ
ਪਿਛਲੇ ਦੋ ਮਹੀਨਿਆਂ ਵਿੱਚ 285 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬੀਤੇ ਦਿਨੀਂ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਵਲ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਗਊਸ਼ਾਲਾ ਦਾ ਦੌਰਾ ਕਰਕੇ ਪਸ਼ੂਆਂ ਦੇ ਰੱਖ ਰਖਾਓ ਅਤੇ ਡਾਕਟਰੀ ਇਲਾਜ ਸਬੰਧੀ ਜਾਇਜ਼ਾ ਲਿਆ ਗਿਆ ਸੀ। ਜਾਣਕਾਰੀ ਅਨੁਸਾਰ ਜਨਵਰੀ ਵਿੱਚ 141 ਅਤੇ ਫਰਵਰੀ ਵਿੱਚ 138 ਜਾਨਵਰਾਂ ਦੀ ਮੌਤ ਹੋ ਚੁੱਕੀ ਹੈ, ਪ੍ਰੰਤੂ ਇਨ੍ਹਾਂ ਪਸ਼ੂਆਂ ਬਾਰੇ ਗਊਸ਼ਾਲਾ ਵਿੱਚ ਕੋਈ ਰਿਕਾਰਡ ਨਹੀਂ ਹੈ।
ਵੈਟਰਨਰੀ ਅਫ਼ਸਰ ਡਾ. ਹਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਮ੍ਰਿਤਕ ਪਸ਼ੂਆਂ ਦਾ ਪੋਸਟ ਮਾਰਟਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪਸ਼ੂ ਦੀ ਮੌਤ ਮੁੰਹ ਖੁਰ ਦੀ ਬਿਮਾਰੀ ਨਾਲ ਨਹੀਂ ਹੋਈ ਹੈ ਸਗੋਂ ਇਨ੍ਹਾਂ ਪਸ਼ੂਆਂ ਦੀ ਮੌਤ ਵੱਡੀ ਮਾਤਰਾ ਵਿੱਚ ਪਲਾਸਟਿਕ ਖਾਣ ਨਾਲ ਹੋਈ ਹੈ। ਉਨ੍ਹਾਂ ਦੱਸਿਆ ਕਿ ਪੋਸਟ ਮਾਰਟਮ ਦੌਰਾਨ ਮ੍ਰਿਤਕ ਪਸ਼ੂਆਂ ਦੇ ਪੇਟ ’ਚੋਂ ਕਰੀਬ 25 ਕਿੱਲੋ ਪਲਾਸਟਿਕ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਪਲਾਸਟਿਕ ਖਾਣ ਪਸ਼ੂਆਂ ਦੇ ਪੇਟ ਵਿੱਚ ਚਾਰਾ ਨਹੀਂ ਪਚਦਾ ਹੈ। ਜਿਸ ਕਾਰਨ ਅਜਿਹੇ ਪਸ਼ੂ ਸਰੀਰਕ ਪੱਖੋਂ ਕਮਜ਼ੋਰ ਪੈ ਜਾਂਦੇ ਹਨ ਅਤੇ ਲੱਤਾਂ ਪਸ਼ੂਆਂ ਦਾ ਭਾਰ ਝੱਲਣ ਤੋਂ ਜਵਾਬ ਦੇ ਦਿੰਦੀਆਂ ਹਨ ਅਤੇ ਕਮਜ਼ੋਰੀ ਕਾਰਨ ਹੀ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਮੁਹਾਲੀ ਗਊਸ਼ਾਲਾ ਵਿੱਚ 600 ਪਸ਼ੂਆਂ ਨੂੰ ਰੱਖਣ ਦੀ ਸਮਰਥਾ ਹੈ ਪ੍ਰੰਤੂ ਇੱਥੇ ਮੌਜੂਦਾ ਸਮੇਂ ਵਿੱਚ 900 ਤੋਂ ਵੱਧ ਪਸ਼ੂ ਰੱਖੇ ਹੋਏ ਹਨ।
ਉਧਰ, ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਮੁਹਾਲੀ ਦੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੂੰ ਸ਼ਿਕਾਇਤ ਦੇ ਕੇ ਸਮੁੱਚੇ ਮਾਮਲੇ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਗਊਸ਼ਾਲਾ ਦਾ ਸਾਰਾ ਰਿਕਾਰਡ ਕਬਜ਼ੇ ਵਿੱਚ ਲਿਆ ਜਾਵੇ ਤਾਂ ਜੋ ਜਾਂਚ ਪ੍ਰਭਾਵਿਤ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿੱਚ ਵੱਡੇ ਪੱਧਰ ’ਤੇ ਘਪਲੇਬਾਜ਼ੀ ਹੋ ਰਹੀ ਹੈ। ਸ੍ਰੀ ਸੇਠੀ ਨੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਵੀ ਵੱਖਰੇ ਤੌਰ ’ਤੇ ਪੱਤਰ ਲਿਖ ਕੇ ਵੈਟਰਨਰੀ ਡਾਕਟਰ ਦੀ ਕਾਰਗੁਜ਼ਾਰੀ ਦੀ ਰਿਪੋਰਟ ਮੰਗੀ ਹੈ। ਉਨ੍ਹਾਂ ਮੰਗ ਕੀਤੀ ਕਿ ਵੈਟਰਨਰੀ ਡਾਕਟਰ ਵੱਲੋਂ ਕਿੰਨੇ ਮ੍ਰਿਤਕ ਪਸ਼ੂਆਂ ਦਾ ਪੋਸਟ ਮਾਰਟਮ ਕੀਤਾ ਗਿਆ ਹੈ। ਜੇਕਰ ਪੋਸਟ ਮਾਰਟਮ ਨਹੀਂ ਕੀਤਾ ਗਿਆ ਤਾਂ ਦੱਸਿਆ ਜਾਵੇ ਕਿਉਂ ਨਹੀਂ ਕੀਤਾ ਗਿਆ।
ਇਸੇ ਦੌਰਾਨ ਡਿਪਟੀ ਮੇਅਰ ਨੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਸੁਪਰੀਮ ਕੋਰਟ ਦੇ ਚੀਫ਼ ਜਸਟਿਸ, ਆਰਐਸਐਸ ਮੁਖੀ ਅਤੇ ਕੌਮੀ ਗਊ ਵਿਕਾਸ ਬੋਰਡ ਨੂੰ ਪੱਤਰ ਲਿਖ ਕੇ ਸਮੁੱਚੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਥੇ ਵੱਡੇ ਪੱਧਰ ’ਤੇ ਘਪਲਾ ਹੋ ਰਿਹਾ ਹੈ ਅਤੇ ਗਊਸ਼ਾਲਾ ’ਚੋਂ ਕਥਿਤ ਭੇਤਭਰੀ ਹਾਲਤ ਵਿੱਚ ਗਾਇਬ ਹੋ ਰਹੇ ਪਸ਼ੂਆਂ ਦਾ ਪਤਾ ਲਗਾਇਆ ਜਾਵੇ ਤਾਂ ਜੋ ਪਸ਼ੂ ਧੰਨ ਦੀ ਰੱਖਿਆ ਕੀਤੀ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…