‘ਆਪ’ ਆਗੂ ਅਨਮੋਲ ਗਗਨ ਮਾਨ ਨੇ ਕੀਤਾ ਆਜ਼ਾਦ ਗਰੁੱਪ ਦੇ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨ ਵਿੱਚ ਦੇਸ਼ ਸੁਰੱਖਿਆ ਨਹੀਂ: ਅਨਮੋਲ ਗਗਨ ਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਆਗੂ ਤੇ ਗਾਇਕਾ ਅਨਮੋਲ ਗਗਨ ਮਾਨ ਨੇ ਮੁਹਾਲੀ ਵਿੱਚ ਆਜ਼ਾਦ ਗਰੁੱਪ ਦੇ ਉਮੀਦਵਾਰਾਂ ਦੇ ਹੱਕ ਚੋਣ ਪ੍ਰਚਾਰ ਕਰਦਿਆਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਰੱਜ ਕੇ ਕੋਸਿਆ। ਉਨ੍ਹਾਂ ਨੇ ਸਵੇਰੇ ਇਤਿਹਾਸਕ ਨਗਰ ਸੋਹਾਣਾ ਵਿੱਚ ਬੀਬੀ ਹਰਜਿੰਦਰ ਕੌਰ ਬੈਦਵਾਨ, ਸੁਰਿੰਦਰ ਸਿੰਘ ਰੋਡਾ ਅਤੇ ਸੁਖਦੇਵ ਸਿੰਘ ਪਟਵਾਰੀ ਦੇ ਹੱਕ ਵਿੱਚ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕੀਤਾ। ਸ਼ਾਮ ਨੂੰ ਇੱਥੋਂ ਦੇ ਫੇਜ਼-11 ਵਿੱਚ ਆਜ਼ਾਦ ਗਰੁੱਪ ਦੇ ਵੱਖ-ਵੱਖ ਉਮੀਦਵਾਰਾਂ ਦੇ ਹੱਕ ਚੋਣ ਪ੍ਰਚਾਰ ਕੀਤਾ। ਉਨ੍ਹਾਂ ਮੁਹਾਲੀ ਨੂੰ ਲੁੱਟਣ ਤੋਂ ਬਚਾਉਣ ਲਈ ਆਜ਼ਾਦ ਗਰੁੱਪ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਪੰਜਾਬ ਵਿੱਚ ਰਾਜ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਦਲ ਤੇ ਭਾਜਪਾ ਤੋਂ ਲੋਕ ਬੇਹੱਦ ਦੁਖੀ ਹਨ। ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਵਿਕਾਸ ਦੀ ਥਾਂ ਦੇਸ਼ ਅਤੇ ਸੂਬੇ ਦਾ ਵਿਨਾਸ਼ ਕੀਤਾ ਹੈ।
ਅਨਮੋਲ ਗਗਨ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਂਗੜਬਾਜ਼ ਦੱਸਦਿਆਂ ਕਿਹਾ ਕਿ ਮੋਦੀ ਦੇ ਸ਼ਾਸਨ ਵਿੱਚ ਦੇਸ਼ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਅਨਾਜ ਭੰਡਾਰ ਦੀ 70 ਤੋਂ 80 ਫੀਸਦੀ ਲੋੜ ਨੂੰ ਪੂਰਾ ਕਰਨ ਵਾਲਾ ਪੰਜਾਬ ਦਾ ਕਿਸਾਨ ਪਿਛਲੇ ਕਾਫੀ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਧਰਨੇ ’ਤੇ ਬੈਠਾ ਹੈ ਪ੍ਰੰਤੂ ਕੇਂਦਰ ਸਰਕਾਰ ਅੰਨਦਾਤਾ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਮੰਗਾਂ ਅਤੇ ਹੱਕਾਂ ਨੂੰ ਲ ਕੇ ਧਰਨਾ ਪ੍ਰਦਰਸ਼ਨ ਅਤੇ ਜਨ ਅੰਦੋਲਨ ਹੁੰਦੇ ਰਹੇ ਹਨ ਪ੍ਰੰਤੂ ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਚਲ ਰਿਹਾ ਧਰਨਾ ਦੇਸ਼ ਦੀ ਆਜ਼ਾਦ ਤੋਂ ਬਾਅਦ ਹੁਣ ਤੱਕ ਸਭ ਤੋਂ ਵੱਡਾ ਜਨ ਅੰਦੋਲਨ ਹੈ। ਜਿਸ ਵਿੱਚ ਸਾਰੇ ਵਰਗਾਂ ਅਤੇ ਧਰਮਾਂ ਦੇ ਲੋਕ ਆਪ ਮੁਹਾਰੇ ਕਿਸਾਨਾਂ ਦੇ ਸਮਰਥਨ ਵਿੱਚ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਘਰ-ਘਰ ਰੁਜ਼ਗਾਰ ਸਮੇਤ ਇਕ ਵੀ ਚੋਣ ਵਾਅਦਾ ਪੁਰਾ ਨਹੀਂ ਕੀਤਾ।
ਇਸ ਤੋਂ ਪਹਿਲਾਂ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ’ਤੇ ਵਰ੍ਹਦਿਆਂ ਵਿਕਾਸ ਕੰਮਾਂ ਵਿੱਚ ਅੜਿੱਕਾ ਪਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਿਟੀ ਬੱਸ ਸਰਵਿਸ, ਵਿਦੇਸ਼ੀ ਟਰੀ ਪਰੂਨਿੰਗ ਮਸ਼ੀਨ ਸਮੇਤ ਹੋਰ ਕਈ ਵਿਕਾਸ ਕਾਰਜ ਮੰਤਰੀ ਦੀ ਗਲਤ ਦਖ਼ਲਅੰਦਾਜ਼ੀ ਕਾਰਨ ਰੁਕੇ ਪਏ ਹਨ। ਉਨ੍ਹਾਂ ਕਿਹਾ ਕਿ ਸਿਟੀ ਬੱਸ ਚਾਲੂ ਕਰਨ ਲਈ ਰੂਟ ਪਲਾਨ ਸਮੇਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਸੀ ਪ੍ਰੰਤੂ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਇਹ ਕੰਮ ਅਜੇ ਤਾਈਂ ਠੰਢੇ ਬਸਤੇ ਵਿੱਚ ਪਏ ਹਨ। ਉਨ੍ਹਾਂ ਮੁਹਾਲੀ ਦੀ ਤਰੱਕੀ ਅਤੇ ਸਰਬਪੱਖੀ ਵਿਕਾਸ ਲਈ ਆਜ਼ਾਦ ਗਰੁੱਪ ਦੇ ਹੱਕ ਵਿੱਚ ਫਤਵਾ ਦੇਣ ਦੀ ਅਪੀਲ ਕੀਤੀ। ਚੋਣ ਰੈਲੀ ਨੂੰ ਆਪ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਅਤੇ ਅਮਰਦੀਪ ਕੌਰ, ਸਾਬਕਾ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ, ਜਥੇਦਾਰ ਮਾਨ ਸਿੰਘ ਸੋਹਾਣਾ, ਸੁਖਦੇਵ ਸਿੰਘ ਪਟਵਾਰੀ ਅਤੇ ਫੂਲਰਾਜ ਸਿੰਘ ਨੇ ਵੀ ਸੰਬੋਧਨ ਕੀਤਾ।

Load More Related Articles

Check Also

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ ਭਗਤ ਆਸਾ ਰਾਮ ਜੀ ਦ…