ਡੀਸੀ ਦਫ਼ਤਰ ਵਿਖੇ ਅਨਮੋਲ ਗਗਨ ਮਾਨ ਨੇ ਲਿਆ ਵਿਕਾਸ ਤੇ ਸੜਕਾਂ ਦੇ ਕੰਮਾਂ ਦਾ ਜਾਇਜ਼ਾ
ਖਰੜ ਦੀਆਂ ਸੜਕਾਂ ਦਾ ਕੰਮ ਛੇਤੀ ਮੁਕੰਮਲ ਕਰਨ ਅਤੇ ਲੰਬਿਤ ਸੜਕਾਂ ਮਨਜ਼ੂਰ ਕਰਵਾਉਣ ਲਈ ਆਦੇਸ਼ ਜਾਰੀ
ਵਿਕਾਸ ਕਾਰਜਾਂ ਸਬੰਧੀ ਲੋੜੀਂਦੇ ਫ਼ੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਅਨਮੋਲ ਗਗਨ ਮਾਨ
ਡੀਸੀ ਆਸ਼ਿਕਾ ਜੈਨ ਨੇ ਖਰੜ ਦੇ ਬਕਾਇਆ ਵਿਕਾਸ ਕਾਰਜ ਪਹਿਲ ਦੇ ਅਧਾਰ ’ਤੇ ਕਰਵਾਉਣ ਦਾ ਦਿੱਤਾ ਭਰੋਸਾ
ਨਬਜ਼-ਏ-ਪੰਜਾਬ, ਮੁਹਾਲੀ, 6 ਫਰਵਰੀ:
ਸਾਬਕਾ ਸੈਰ ਸਪਾਟਾ ਮੰਤਰੀ ਅਤੇ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਅੱਜ ਡੀਸੀ ਦਫ਼ਤਰ ਮੁਹਾਲੀ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਸੜਕਾਂ ਦੇ ਕੰਮ ਅਤੇ ਹੋਰਨਾਂ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ, ਏਡੀਸੀ ਸ੍ਰੀਮਤੀ ਸੋਨਮ ਚੌਧਰੀ ਅਤੇ ਏਡੀਸੀ (ਸ਼ਹਿਰੀ ਵਿਕਾਸ) ਅਨਮੋਲ ਧਾਲੀਵਾਲ ਵੀ ਮੌਜੂਦ ਸਨ।
ਅਨਮੋਲ ਗਗਨ ਮਾਨ ਨੇ ਖਰੜ, ਕੁਰਾਲੀ ਅਤੇ ਨਵਾਂ ਗਰਾਓਂ ਵਿੱਚ ਨਗਰ ਕੌਂਸਲਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲੈਣ ਉਪਰੰਤ ਖਰੜ ਦੀਆਂ ਲਿੰਕ ਸੜਕਾਂ ਬਣਾਉਣ ਦਾ ਕੰਮ ਜਿਵੇਂ ਕਿ ਕੁਰਾਲੀ ਤੋਂ ਕਾਲੇਵਾਲ, ਸਿਉਂਕ ਤੋਂ ਪੜਛ ਅਤੇ ਚਟੋਲੀ ਤੋਂ ਖ਼ਿਜ਼ਰਾਬਾਦ ਤੱਕ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਨ ਅਤੇ ਬਾਕੀ ਸੜਕਾਂ ਦੀ ਛੇਤੀ ਮੁਰੰਮਤ ਅਤੇ ਬਰਸਾਤੀ ਨਾਲਿਆਂ/ਨਦੀਆਂ ਦੇ ਪੁਲਾਂ ਦਾ ਕੰਮ ਮੁਕੰਮਲ ਕਰਨ ਲਈ ਆਦੇਸ਼ ਦਿੱਤੇ। ਉਨ੍ਹਾਂ ਹਦਾਇਤ ਕੀਤੀ ਕਿ ਸਾਰੀਆਂ ਸਕੀਮਾਂ ਦਾ ਇਕ-ਇਕ ਪੈਸਾ ਇਮਾਨਦਾਰੀ ਨਾਲ ਵਿਕਾਸ ਕੰਮਾਂ ’ਤੇ ਖ਼ਰਚ ਕੀਤਾ ਜਾਵੇ। ਅਧਿਕਾਰੀਆਂ ਨੂੰ ਕਿਹਾ ਕਿ ਉਹ ਵਿਕਾਸ ਕਾਰਜਾਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸਮਰਪਣ ਭਾਵਨਾ ਅਤੇ ਮਿਸ਼ਨ ਵਾਂਗ ਕੰਮ ਕਰਨ ਤਾਂ ਜੋ ਲੋਕਾਂ ਨੂੰ ਸਹੂਲਤਾਂ ਮਿਲ ਸਕਣ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ‘ਆਪ’ ਵਿਧਾਇਕਾ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਜਾਰੀ ਨਿਰਦੇਸ਼ਾਂ ਨੂੰ ਇੰਨਬਿੰਨ ਲਾਗੂ ਕੀਤਾ ਜਾਵੇਗਾ ਅਤੇ ਖਰੜ ਹਲਕੇ ਦੀਆਂ ਸੜਕਾਂ ਦੇ ਨਿਰਮਾਣ ਦਾ ਕੰਮ ਛੇਤੀ ਪੂਰਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਸਮੁੱਚੇ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹਨ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ।