
ਅਨਮੋਲ ਗਗਨ ਮਾਨ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਖੇਤਰ ਵਿੱਚ ਨਜਾਇਜ਼ ਚਲਦੀ ਮਾਈਨਿੰਗ ਦੀਆਂ ਖੱਡਾਂ ਦਾ ਦੌਰਾ
ਅਕਾਲੀਆਂ ਸਮੇਂ ਚਲਦੇ ਮਾਈਨਿੰਗ ਮਾਫੀਆ ਦੀ ਕਮਾਨ ਹੁਣ ਕੈਪਟਨ ਨੇ ਸੰਭਾਲੀ: ਅਨਮੋਲ ਗਗਨ ਮਾਨ
ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉਤੇ ਮਾਫੀਆ ਰਾਜ ਨੂੰ ਕੀਤਾ ਜਾਵੇਗਾ ਖਤਮ:
ਕਿਸਾਨਾਂ ਦੀ ਪਰਾਲੀ ਨੂੰ ਲੱਗੀ ਅੱਗ ਤਾਂ ਸੈਟੇਲਾਈਟ ਤੋਂ ਵੀ ਦਿਖਾਈ ਦਿੰਦੀ ਹੈ, ਪਰ ਸਰਕਾਰੀ ਸ਼ਹਿ ਉੱਤੇ ਚਲਦਾ ਮਾਈਨਿੰਗ ਮਾਫੀਆ ਨਹੀਂ
ਨਬਜ਼-ਏ-ਪੰਜਾਬ ਬਿਊਰੋ, ਰੋਪੜ/ਚੰਡੀਗੜ੍ਹ, 30 ਮਾਰਚ:
ਆਮ ਆਦਮੀ ਪਾਰਟੀ ਦੇ ਯੂਗ ਵਿੰਗ ਦੀ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਵੱਲੋਂ ਅੱਜ ਸ੍ਰੀ ਆਨੰਦਪੁਰ ਖੇਤਰ ਵਿੱਚ ਚੱਲ ਰਹੇ ਮਾਈਨਿੰਗ ਮਾਫੀਆ ਵੱਲੋਂ ਗੈਰਕਾਨੂੰਨੀ ਢੰਗ ਨਾਲ ਪੁੱਟੀਆਂ ਗਈਆਂ ਡੂੰਘੀਆਂ-ਡੂੰਘੀਆਂ ਖੱਡਾਂ ਦਾ ਦੌਰਾ ਕੀਤਾ ਗਿਆ। ਮਾਈਨਿੰਗ ਮਾਫੀਆ ਦੇ ਵਿਰੁੱਧ ਪਿੰਡ ਐਲਗਰਾ ਵਿੱਚ ਸਥਾਨਕ ਲੋਕਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਾਲੀ ਥਾਂ ਉੱਤੇ ਪਹੁੰਚਣ ਤੋਂ ਬਾਅਦ ਜਿਹੜੇ ਪਿੰਡਾਂ ਵਿੱਚ ਗੈਰਕਾਨੂੰਨੀ ਢੰਗ ਨਾਲ ਸਰਕਾਰ ਦੀ ਸਹਿ ਉਤੇ ਚਲਦੇ ਮਾਫੀਆ ਤੋਂ ਪੀੜਤ ਪਿੰਡਾਂ ਹਰਸ ਬੇਲਾ, ਦੁਲਚੀ ਪੱਟੀ, ਭਲਾਂ, ਸਾਨਸੋਵਾਲ, ਨੰਗਰਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਮਾਫੀਆ ਰਾਜ ਚੱਲ ਰਿਹਾ ਹੈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਦੇ ਨਸ਼ੇ ਵਿੱਚ ਕੁਝ ਵੀ ਦਿਖਾਈ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚੋਂ ਚੱਲ ਰਹੇ ਹਰ ਤਰ੍ਹਾਂ ਦੇ ਮਾਫੀਆ ਰਾਜ ਨੂੰ ਖਤਮ ਕਰਨ ਲਈ ਸ੍ਰੀ ਗੁਟਕਾ ਸਾਹਿਬ ਜੀ ਨੂੰ ਹੱਥ ਵਿਚ ਫੜ੍ਹ ਕੇ ਖਤਮ ਕਰਨ ਦਾ ਵਾਅਦਾ ਕੀਤਾ ਸੀ, ਪ੍ਰੰਤੂ ਸੱਤਾ ਵਿੱਚ ਆਉਦੇ ਹੀ ਸਾਰੇ ਵਾਅਦੇ ਭੁੱਲ ਗਏ। ਉਨ੍ਹਾਂ ਹੈਰਾਨੀ ਪ੍ਰਗਟਾਉਂਦੇ ਹੋਏ ਕਿਹਾ ਕਿ ਮਾਈਨਿੰਗ ਮਾਫੀਆ ਨੇ 100-100 ਫੁੱਟ ਡੂੰਘੀਆਂ ਖੱਡਾਂ ਕਰ ਦਿੱਤੀਆਂ, ਪ੍ਰੰਤੂ ਸਥਾਨਕ ਪ੍ਰਸ਼ਾਸਨ ਸੁੱਤਾ ਹੋਇਆ ਹੈ, ਉਸ ਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਵੱਲੋਂ ਇਸ ਦਾ ਜਦੋਂ ਵਿਰੋਧ ਕੀਤਾ ਜਾਂਦਾ ਹੈ ਤਾਂ ਮਾਫੀਆ ਵੱਲੋਂ ਰੱਖੇ ਗਏ ਗੁੰਡਿਆਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਸਥਾਨਕ ਲੋਕਾਂ ਵੱਲੋਂ ਦਿੱਤੇ ਸੱਦੇ ਉਤੇ ਅੱਜ ਇਥੇ ਪਹੁੰਚਕੇ ਦੇਖਿਆ ਕਿ ਸਰਕਾਰ ਦੇ ਸਹਿ ਉਤੇ ਮਾਫੀਆ ਰਾਜ ਕਿਵੇਂ ਧਰਤੀ ਨੂੰ ਪੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਕਿਸਾਨ ਜੇਕਰ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਲਗਾ ਦਿੰਦਾ ਹੈ ਤਾਂ ਉਹ ਸੈਟੇਲਾਈਟ ਤੋਂ ਵੀ ਦਿਖਾਈ ਦਿੰਦੀ ਹੈ, ਪ੍ਰਸ਼ਾਸਨ ਵੱਲੋਂ ਨੋਟਿਸ ਕੱਢ ਦਿੱਤਾ ਜਾਂਦਾ ਹੈ, ਪਰ ਜਦੋਂ ਸਰਕਾਰ ਦੇ ਨਜ਼ਦੀਕੀ ਆਦਮੀ ਅਜਿਹਾ ਮਾਫੀਆ ਚਲਾਉਂਦੇ ਹਨ ਤਾਂ ਉਹ ਦਿਖਾਈ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉੱਤੇ ਮਾਫੀਆ ਰਾਜ ਨੂੰ ਨੱਥ ਪਾਈ ਜਾਵੇਗੀ।