ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਹਰੇਕ ਸਾਲ ਪ੍ਰਤਿਭਾ ਖੋਜ ਮੁਕਾਬਲੇ ਕਰਵਾਉਣ ਦਾ ਐਲਾਨ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਹੋਣਹਾਰ ਬੱਚਿਆਂ ਦਾ ਸਨਮਾਨ

ਸੂਬਾ ਪੱਧਰੀ ਪ੍ਰੋਗਰਾਮ ਵਿੱਚ ਸਕੂਲੀ ਬੱਚਿਆਂ ਨੇ ਦਿਖਾਈ ਆਪਣੀ ਕਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਪ੍ਰਤਿਭਾ ਖੋਜ ਮੁਕਾਬਲੇ ਹਰ ਸਾਲ ਕਰਵਾਉਣ ਦਾ ਐਲਾਨ ਕੀਤਾ ਹੈ। ਅੱਜ ਇੱਥੇ ਅਮੇਟੀ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਆਡੀਟੋਰੀਅਮ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਸਬੰਧੀ ਕਰਵਾਏ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ‘ਪ੍ਰਤਿਭਾ ਖੋਜ ਮੁਕਾਬਲੇ’ ਪਹਿਲੀ ਵਾਰ ਕਰਵਾਏ ਗਏ ਹਨ ਅਤੇ ਹੁਣ ਹਰ ਸਾਲ ਕਰਵਾਏ ਜਾਇਆ ਕਰਨਗੇ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੇ ਸਖ਼ਤ ਮਿਹਨਤ ਨਾਲ ਇਨ੍ਹਾਂ ਬੱਚਿਆਂ ਦੀ ਤਿਆਰੀ ਕਰਵਾਈ ਹੈ। ਇਹ ਬੱਚੇ ਦੂਜੇ ਬੱਚਿਆਂ ਤੋਂ ਵੀ ਵੱਧ ਪ੍ਰਤਿਭਾਸ਼ਾਲੀ ਹੁੰਦੇ ਹਨ ਜੇਕਰ ਇਨ੍ਹਾਂ ਨੂੰ ਢੁਕਵਾਂ ਸਮਾਂ ਦਿੱਤਾ ਜਾਵੇ।
ਸ੍ਰੀ ਬੈਂਸ ਨੇ ਸਕੂਲੀ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਲਈ ਪ੍ਰਮਾਣ ਪੱਤਰ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਵੱਖ-ਵੱਖ ਸਟਾਲਾਂ ਦਾ ਦੌਰਾ ਕਰਕੇ ਹਰ ਸਟਾਲ ਤੇ ਬਰੀਕੀ ਨਾਲ਼ ਜਾਣਕਾਰੀ ਹਾਸਲ ਕੀਤੀ ਅਤੇ ਇਹਨਾਂ ਦੀ ਪ੍ਰਸੰਸਾ ਕੀਤੀ। ਇਨ੍ਹਾਂ ਸਟਾਲਾਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਆਪਣੇ ਹੁਨਰ ਦੀ ਪ੍ਰਦਰਸ਼ਨੀ ਲਗਾਈ ਹੋਈ ਸੀ, ਜਿਨ੍ਹਾਂ ਵਿੱਚ ਥ੍ਰੀ-ਡੀ ਪ੍ਰਿੰਟਿੰਗ, ਚੱਪਲ ਮੇਕਿੰਗ, ਚਾਕ ਮੇਕਿੰਗ, ਪੈਨ ਮੇਕਿੰਗ, ਟੈਬ ਲੈਬ, ਫਿਜ਼ਿਓਥਰੈਪੀ ਲੈਬ, ਕਟਿੰਗ ਅਤੇ ਟੇਲਰਿੰਗ ਅਤੇ ਬਿਊਟੀ ਐਂਡ ਵੈੱਲਨੈੱਸ ਸ਼ਾਮਲ ਸਨ। ਬੱਚਿਆਂ ਨੇ ਸਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤਾ।
ਇਸ ਦੌਰਾਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸੂਬਾ ਪੱਧਰੀ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ। ਇਹ ਪ੍ਰੋਗਰਾਮ ਇਨਕਲੂਸਿਵ ਐਜੂਕੇਸ਼ਨ ਫਾਰ ਡਿਸਏਬਲਡ (ਆਈਈਡੀ) ਅਧੀਨ ਸਿੱਖਿਆ ਲੈ ਰਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿੱਚ ਸਮੂਹ ਜ਼ਿਲ੍ਹਿਆਂ ਦੇ ਬੱਚਿਆਂ ਵੱਲੋਂ ਸਵਾਗਤੀ ਭਾਸ਼ਣ ਤੋਂ ਸ਼ੁਰੂਆਤ ਕਰਦੇ ਹੋਏ ਸੰਕੇਤਕ ਭਾਸ਼ਾ ਵਿੱਚ ਕੌਮੀ ਗਾਣ, ਸ਼ਬਦ ਗਾਇਨ, ਆਤਮ ਕਥਾ, ਲੁੱਡੀ ਭੰਗੜਾ, ਗੀਤ ਗਾਇਨ, ਨਾਟਕ, ਕਠਪੁਤਲੀ, ਮਲਵਈ ਗਿੱਧਾ ਆਦਿ ਦੀ ਪੇਸ਼ਕਾਰੀ ਕੀਤੀ ਗਈ। ਇੰਜ ਹੀ ਬੱਚਿਆਂ ਦੇ ਚਿੱਤਰਕਾਰੀ, ਸਲੋਗਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਸ਼ਾਈਨਪ੍ਰੀਤ ਮੋਗਾ ਨੇ ਪੋਸਟਰ ਮੇਕਿੰਗ, ਗੁਰਦਿੱਤਾ ਸਿੰਘ ਬਰਨਾਲਾ ਨੇ ਵੀ ਪੋਸਟਰ ਮੇਕਿੰਗ, ਸੁਖਮਨ ਢੀਂਗਰਾ ਫਰੀਦਕੋਟ ਨੇ ਚਿੱਤਰਕਾਰੀ, ਲਵਪ੍ਰੀਤ ਸਿੰਘ ਪਟਿਆਲਾ ਨੇ ਵੀ ਚਿੱਤਰਕਾਰੀ, ਗੋਲਡੀ ਸ਼ਰਮਾ ਮਲੇਰਕੋਟਲਾ ਨੇ ਸਲੋਗਨ, ਮਾਨਿਕ ਫਾਜ਼ਿਲਕਾ ਨੇ ਵੀ ਸਲੋਗਨ ਵਿੱਚ ਸਰਵੋਤਮ ਪ੍ਰਦਰਸ਼ਨ ਕੀਤਾ।
ਇਸ ਮੌਕੇ ਵਿਸ਼ੇਸ਼ ਸਕੱਤਰ ਗੌਰੀ ਪ੍ਰਾਸ਼ਰ, ਏਡੀਸੀ ਸ੍ਰੀਮਤੀ ਅਵਨੀਤ ਕੌਰ, ਡਿਪਟੀ ਐਸਪੀਡੀ ਅਮਨਦੀਪ ਕੌਰ, ਸਵਤੰਤਰ ਕਰੀਰ, ਸਟੇਟ ਸਪੈਸ਼ਲ ਐਜੂਕੇਟਰ ਨਿਧੀ ਗੁਪਤਾ, ਸਹਾਇਕ ਆਈਈਡੀ ਮਨਪ੍ਰੀਤ ਸਿੰਘ ਅਤੇ ਡਾਟਾ ਐਂਟਰੀ ਇਕਬਾਲ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ (ਸ) ਬਲਜਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਅਸ਼ਵਨੀ ਕੁਮਾਰ ਦੱਤਾ ਅਤੇ ਹੋਰ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…