
ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਭਵਨ ਵਿੱਚ ਸਥਾਪਨਾ ਦਿਵਸ ਮਨਾਉਣ ਦਾ ਐਲਾਨ
ਨਬਜ਼-ਏ-ਪੰਜਾਬ, ਮੁਹਾਲੀ, 2 ਸਤੰਬਰ:
ਇੱਥੋਂ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਭਵਨ ਦਾ ਸਥਾਪਨਾ ਦਿਵਸ 9 ਅਕਤੂਬਰ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ। ਇਹ ਫ਼ੈਸਲਾ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਫੇਜ਼-7 ਦੇ ਪ੍ਰਧਾਨ ਤਰਸੇਮ ਲਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਜੇ.ਆਰ. ਕਾਹਲ ਨੇ ਦੱਸਿਆ ਕਿ ਸਥਾਪਨਾ ਦਿਵਸ ਸਬੰਧੀ 7 ਅਕਤੂਬਰ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਅਤੇ 9 ਅਕਤੂਬਰ ਨੂੰ ਸਵੇਰੇ 10 ਵਜੇ ਭੋਗ ਪਾਏ ਜਾਣਗੇ। ਉਪਰੰਤ ਸ਼ਬਦ ਕੀਰਤਨ ਅਤੇ ਕਥਾ ਤੇ ਵਿਚਾਰਾਂ ਹੋਣਗੀਆਂ।
ਸਭਾ ਦੇ ਪ੍ਰੈਸ ਸਕੱਤਰ ਡੀਪੀ ਹੁਸ਼ਿਆਰਪੁਰੀ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਚੇਅਰਮੈਨ ਸੰਤ ਬਾਬਾ ਸਰਵਣ ਦਾਸ ਬੋਹਣ ਪੱਟੀ (ਹੁਸ਼ਿਆਰਪੁਰ) ਵਾਲੇ, ਪ੍ਰਧਾਨ 108 ਸੰਤ ਬਾਬਾ ਨਿਰਮਲ ਦਾਸ ਜੌੜੇ ਰਾਏਪੁਰ ਰਸੂਲਪੁਰ (ਜਲੰਧਰ) ਵਾਲੇ ਅਤੇ ਹੋਰ ਸੰਤ ਮਹਾਂਪੁਰਸ਼ ਅਤੇ ਕਥਾ ਵਾਚਕ ਗੁਰੂ ਦੀ ਬਾਣੀ ਦਾ ਉਪਦੇਸ਼ ਦੇ ਕੇ ਸੰਗਤ ਨੂੰ ਨਿਹਾਲ ਕਰਨਗੇ। ਗੁਰੂ ਦਾ ਲੰਗਰ ਅਤੁੱਟ ਵਰਤੇਗਾ।