ਵੈਟਰਨਰੀ ਡਾਕਟਰਾਂ ਵੱਲੋਂ ਗਿੱਦੜਬਾਹਾ ਚੋਣ ਮੌਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

ਪੇ-ਪੈਰਿਟੀ ਦੇ ਮੁੱਦੇ ’ਤੇ ਕੀਤੀ ਜਾਵੇਗੀ ਵੱਡੀ ਰੋਸ ਰੈਲੀ

ਨਬਜ਼-ਏ-ਪੰਜਾਬ, ਮੁਹਾਲੀ, 5 ਨਵੰਬਰ:
ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਡਾਕਟਰਾਂ ਨੇ ਗਿੱਦੜਬਾਹਾ ਜ਼ਿਮਨੀ ਚੋਣ ਮੌਕੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕਰਕੇ ਹੁਕਮਰਾਨਾਂ ਦੀ ਨੀਂਦ ਉੱਡਾ ਦਿੱਤੀ ਹੈ। ਅੱਜ ਇੱਥੇ ਵੈਟਰਨਰੀ ਡਾਕਟਰਾਂ ਦੀ ਜੁਆਇੰਟ ਐਕਸ਼ਨ ਕਮੇਟੀ ਦੀ ਸੂਬਾ ਕਾਰਜਕਾਰੀ ਦੀ ਮੀਟਿੰਗ ਵਿੱਚ ਵੈਟਰਨਰੀ ਡਾਕਟਰਾਂ ਦੀ ਪੇ-ਪੈਰਿਟੀ ਸਮੱਸਿਆ ਦੇ ਹੱਲ ਕਰਨ ਲਈ ਕੈਬਨਿਟ ਸਬ ਕਮੇਟੀ ਵੱਲੋਂ ਵਾਰ-ਵਾਰ ਐਨ ਮੌਕੇ ਮੀਟਿੰਗਾਂ ਰੱਦ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ 10 ਨਵੰਬਰ ਨੂੰ ਗਿੱਦੜਬਾਹਾ ਵਿੱਚ ‘ਆਪ’ ਵਿਰੁੱਧ ਰੋਸ ਮਾਰਚ ਕਰਨ ਦਾ ਫ਼ੈਸਲਾ ਲਿਆ ਗਿਆ। ਇਸ ਰੋਸ ਮਾਰਚ ਵਿੱਚ ਵੈਟਰਨਰੀ ਅਫ਼ਸਰ, ਸੀਨੀਅਰ ਵੈਟਰਨਰੀ ਅਫ਼ਸਰ, ਸਹਾਇਕ ਡਾਇਰੈਕਟਰ, ਡਿਪਟੀ ਡਾਇਰੈਕਟਰ, ਸੇਵਾਮੁਕਤ ਵੈਟਰਨਰੀ ਡਾਕਟਰ ਅਤੇ ਪੰਜਾਬ ਦੇ ਤਿੰਨ ਵੈਟਰਨਰੀ ਕਾਲਜਾਂ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਗਿੱਦੜਬਾਹਾ ਪਹੁੰਚਣਗੇ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨਗੇ।
ਸੰਯੁਕਤ ਐਕਸ਼ਨ ਕਮੇਟੀ ਦੇ ਕਨਵੀਨਰ ਡਾ. ਗੁਰਚਰਨ ਸਿੰਘ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਵੈਟਰਨਰੀ ਡਾਕਟਰਾਂ ਦੀਆਂ ਮੰਗਾਂ ਨੂੰ ਜਾਣਬੁੱਝ ਕੇ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਚਾਰ ਦਹਾਕਿਆਂ ਤੋਂ ਵੱਧ ਪੁਰਾਣਾ ਪੇ-ਪੈਰਿਟੀ ਦਾ ਹੱਕ, ਜੋ ਹਾਈ ਕੋਰਟ ਅਤੇ ਸੁਪਰੀਮ ਕੋਰਟ ਵੱਲੋਂ ਮਨਜ਼ੂਰ ਕੀਤਾ ਗਿਆ ਸੀ, ਨੂੰ ਤੁਰੰਤ ਬਹਾਲ ਕੀਤਾ ਜਾਵੇ। ਡਾ. ਗੁਰਚਰਨ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਪਹਿਲਾਂ 17 ਸਤੰਬਰ ਨੂੰ ਵਿੱਤ ਮੰਤਰੀ ਨਾਲ ਮੀਟਿੰਗ ਤੈਅ ਕੀਤੀ ਸੀ ਪ੍ਰੰਤੂ ਐਨ ਮੌਕੇ ਮੀਟਿੰਗ ਮੁਲਤਵੀ ਕਰ ਦਿੱਤੀ। ਇਸ ਮਗਰੋਂ 27 ਸਤੰਬਰ ਨੂੰ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਦਾ ਸੱਦਾ ਦਿੱਤਾ ਗਿਆ ਲੇਕਿਨ ਇਹ ਮੀਟਿੰਗ ਵੀ ਰੱਦ ਕਰ ਦਿੱਤੀ। ਬੀਤੀ 22 ਅਕਤੂਬਰ ਨੂੰ ਮੁੜ ਰੱਦ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਲੇਕਿਨ ਇਹ ਮੀਟਿੰਗ ਵੀ ਨਹੀਂ ਹੋਈ, ਜੋ ਸਰਕਾਰ ਦੀ ਗੈਰ-ਸੰਜੀਦਗੀ ਨੂੰ ਦਰਸਾਉਂਦਾ ਹੈ।
ਕਨਵੀਨਰ ਡਾ. ਗੁਰਚਰਨ ਸਿੰਘ ਅਤੇ ਕੋ-ਕਨਵੀਨਰ ਡਾ. ਪੁਨੀਤ ਮਲਹੋਤਰਾ, ਡਾ. ਅਬਦੁਲ ਮਜ਼ੀਦ, ਡਾ. ਗੁਰਦੀਪ ਸਿੰਘ ਅਤੇ ਡਾ. ਹਰਮਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਵੈਟਰਨਰੀ ਡਾਕਟਰਾਂ ਦੀ ਜਾਇਜ਼ ਮੰਗ ਨੂੰ ਅਣਡਿੱਠ ਕਰ ਰਹੀ ਹੈ। ਜਿਸ ਕਾਰਨ ਉਨ੍ਹਾਂ ਦਾ ਮੌਜੂਦਾ ਸਰਕਾਰ ਤੋਂ ਭਰੋਸਾ ਉੱਠ ਗਿਆ ਹੈ ਕਿਉਂਕਿ ‘ਆਪ’ ਵੀ ਪਿਛਲੀ ਕਾਂਗਰਸ ਸਰਕਾਰ ਦੀਆਂ ਗਲਤੀਆਂ ਨੂੰ ਦੁਹਰਾਅ ਰਹੀ ਹੈ। ਇਸ ਮੌਕੇ ਸੂਬਾ ਮੀਡੀਆ ਇੰਚਾਰਜ ਡਾ. ਗੁਰਿੰਦਰ ਵਾਲੀਆ ਨੇ ਕਿਹਾ ਕਿ ਸਮੂਹ ਮੁਲਾਜ਼ਮ ਵਰਗ ਨੂੰ ਅਪੀਲ ਕੀਤੀ ਕਿ ਚਾਰ ਥਾਵਾਂ ’ਤੇ ਹੋ ਰਹੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਇੱਕਜੁੱਟ ਹੋ ਕੇ ਸਰਕਾਰ ਦੀਆਂ ਗਲਤ ਨੀਤੀਆਂ ਪ੍ਰਤੀ ਘਰ-ਘਰ ਜਾ ਕੇ ਹੋਕਾ ਦੇਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …