nabaz-e-punjab.com

ਪੰਜਾਬ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਲਈ ਕੈਂਸਰ ਦੇ ਇਲਾਜ ਲਈ ਵਿੱਤੀ ਮਦਦ 2 ਲੱਖ ਤੱਕ ਕਰਨ ਦਾ ਐਲਾਨ

ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਵੀ ਦਿੱਤੀ ਜਾਵੇਗੀ ਨਗਦ ਵਿੱਤੀ ਸਹਾਇਤਾ
ਸ਼ਗਨ ਸਕੀਮ 31 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਕਰਨ ਤੱਕ ਕਰਨ ਦੀ ਸਿਧਾਂਤਕ ਪ੍ਰਵਾਨਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੁਲਾਈ:
ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੀ ਐਡਵਾਇਜ਼ਰੀ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਸਥਾਨਕ ਸੈਕਟਰ-68 ਸਥਿਤ ਲਾਈਵ ਸਟਾਕ ਕੰਪਲੈਕਸ ਵਿੱਚ ਕਮੇਟੀ ਦੇ ਚੇਅਰਮੈਨ ਅਤੇ ਸੂਬੇ ਦੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਇਹ ਅਹਿਮ ਫ਼ੈਸਲਾ ਲਿਆ ਗਿਆ ਕਿ ਉਸਾਰੀ ਕਿਰਤੀਆਂ ਨੂੰ ਕੈਂਸਰ ਵਰਗੀਆਂ ਗੰਭੀਰ ਤੇ ਮਾਰੂ ਬਿਮਾਰੀਆਂ ਦੇ ਇਲਾਜ ਲਈ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਇੱਕ ਲੱਖ ਰੁਪਏ ਤੋਂ ਵਧਾ ਕੇ ਦੋ ਲੱਖ ਰੁਪਏ ਤੱਕ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦੇ ਹੋਏ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦਾ ਮੁੱਖ ਮਨੋਰਥ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵੈੱਲਫੇਅਰ ਬੋਰਡ ਦੀਆਂ ਵਿੱਤੀ ਸਹੂਲਤਾਂ ਵਿੱਚ ਵਾਧਾ ਕਰਨ ਦੇ ਨਾਲ-ਨਾਲ ਬੋਰਡ ਵੱਲੋਂ ਪ੍ਰਾਪਤ ਕੀਤੇ ਜਾਂਦੇ ਸੈੱਸ ਵਿੱਚ ਹੋਰ ਵਾਧਾ ਕਰਨਾ ਸੀ ਤਾਂ ਜੋ ਲੋੜਵੰਦ ਉਸਾਰੂ ਕਿਰਤੀਆਂ ਨੂੰ ਸਮੇਂ ਸਿਰ ਵੱਖ-ਵੱਖ ਭਲਾਈ ਸਕੀਮਾਂ ਅਧੀਨ ਵਿੱਤੀ ਸਹਾਇਤਾ ਦਿੱਤੀ ਜਾ ਸਕੇ।
ਸ੍ਰੀ ਸਿੱਧੂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਮੁੱਖ ਤੌਰ ਤੇ ਊਸਾਰੀ ਕਿਰਤੀਆਂ ਲਈ ਕੈਂਸਰ, ਦਿਲ ਤੇ ਗੁਰਦੇ ਦੀਆਂ ਬਿਮਾਰੀਆਂ ਦੇ ਇਲਾਜ ਲਈ ਦਿੱਤੀ ਜਾਣ ਵਾਲੀ ਇੱਕ ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਨੂੰ ਵਧਾ ਕੇ ਦੋ ਲੱਖ ਰੁਪਏ ਤੱਕ ਕਰਨ ਦਾ ਫ਼ੈਸਲਾ ਲਿਆ ਗਿਆ।ਇਸ ਦੇ ਨਾਲ ਹੀ ਐਡਵਾਈਜ਼ਰੀ ਕਮੇਟੀ ਨੇ ਉਸਾਰੀ ਕਿਰਤੀਆਂ ਦੇ ਮੈਡੀਕਲ ਕਲੇਮ ਬਿੱਲਾਂ ਨੂੰ ਪਾਸ ਕਰਵਾਉਣ ਲਈ ਲੇਬਰ ਇੰਸਪੈਕਟਰਾਂ ਨੂੰ ਅੰਤਿਮ ਤੌਰ ’ਤੇ ਜਵਾਬਦੇਹ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਇਕ ਹੋਰ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਐਡਵਾਈਜ਼ਰੀ ਕਮੇਟੀ ਨੇ ਉਸਾਰੀ ਕਿਰਤੀਆਂ ਦੀਆਂ ਬੱਚੀਆਂ ਦੇ ਵਿਆਹ ਤੇ ਦਿੱਤੀ ਜਾਣ ਵਾਲੀ ਸ਼ਗਨ ਰਾਸ਼ੀ ਵਿੱਚ 31 ਹਜ਼ਾਰ ਰੁਪਏ ਤੋਂ ਵਧਾ ਕੇ 51 ਹਜ਼ਾਰ ਰੁਪਏ ਤੱਕ ਦਾ ਸ਼ਗਨ ਦਿੱਤੇ ਜਾਣ ਨੂੰ ਵੀ ਸਿਧਾਂਤਕ ਪ੍ਰਵਾਨਗੀ ਦਿੱਤੀ ਹੈ।
ਸ੍ਰੀ ਸਿੱਧੂ ਨੇ ਦੱਸਿਆ ਕਿ ਕਮੇਟੀ ਨੇ ਸਰਬਸੰਮਤੀ ਨਾਲ ਇਹ ਫੈਸਲਾ ਵੀ ਲਿਆ ਕਿ ਊਸਾਰੀ ਕਿਰਤੀਆਂ ਦੇ ਬੱਚੇ ਜੋ ਕਿ ਜ਼ਿਲ੍ਹਾ, ਰਾਜ ਜਾਂ ਕੌਮੀ ਤੇ ਕੌਮਾਂਤਰੀ ਪੱਧਰ ਤੇ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਦੇ ਹਨ ਉਨ੍ਹਾਂ ਲਈ ਨਗਦ ਵਿੱਤੀ ਇਮਦਾਦ ਬੋਰਡ ਵੱਲੋਂ ਦਿੱਤੀ ਜਾਇਆ ਕਰੇਗੀ। ਇਸ ਦੇ ਨਾਲ ਹੀ ਐਡਵਾਈਜ਼ਰੀ ਕਮੇਟੀ ਨੇ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਦਿੱਤੀ ਜਾਣ ਵਾਲੀ ਵਜ਼ੀਫ਼ਾ ਸਕੀਮ ਵਿਚ ਸੋਧ ਕਰਨ ਦਾ ਫੈਸਲਾ ਵੀ ਲਿਆ। ਜਿਸ ਅਧੀਨ ਹੁੱਣ 85 ਫੀਸਦੀ ਦੀ ਬਜਾਇ 75 ਫੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਜ਼ੀਫਾ ਸਕੀਮ ਅਧੀਨ 11 ਹਜਾਰ ਰੁਪਏ ਸਿੱਧੇ ਤੌਰ ’ਤੇ ਦਿੱਤੇ ਜਾਣਗੇ। ਕਮੇਟੀ ਵੱਲੋਂ ਇਹ ਫੈਸਲਾ ਵੀ ਲਿਆ ਗਿਆ ਕਿ ਬੋਰਡ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਹੋਰ ਉੱਚ ਵਿਦਿਅਕ ਅਦਾਰਿਆਂ ਵਿੱਚ ਪੜ੍ਹਾਈ ਕਰਨ ਲਈ ਫੀਸ ਪੈਟਰਨ ਨੂੰ ਸਟੱਡੀ ਕਰੇਗਾ ਅਤੇ ਇਸ ਮੁਤਾਬਕ ਹੀ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਮੈਚਿੰਗ ਗਰਾਂਟ ਬੋਰਡ ਵੱਲੋਂ ਦਿੱਤੀ ਜਾਵੇਗੀ।
ਕਿਰਤ ਮੰਤਰੀ ਨੇ ਅੱਗੇ ਦੱਸਿਆ ਕਿ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵੈੱਲਫੇਅਰ ਬੋਰਡ ਵੱਲੋਂ ਪੰਜਾਬ ਵਿੱਚ ਚਾਰ ਸਕਿੱਲ ਡਿਵੈਲਪਮੈਂਟ ਸੈਂਟਰ ਉਸਾਰੇ ਜਾ ਰਹੇ ਹਨ ਉਨ੍ਹਾਂ ਦੱਸਿਆ ਕਿ ਮੁਹਾਲੀ ਵਿੱਚ ਬਣਨ ਵਾਲੇ ਸਕਿੱਲ ਡਿਵੈਲਪਮੈਂਟ ਸੈਂਟਰ ਦੀ ਉਸਾਰੀ ਦਾ ਕੰਮ 85 ਫ਼ੀਸਦੀ ਤੱਕ ਪੂਰਾ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਦਾ ਬਾਕੀ ਰਹਿੰਦਾ ਕੰਮ ਡੀ ਐੱਲ ਐੱਫ ਵਰਗੇ ਹੋਰ ਅਦਾਰਿਆਂ ਦੀ ਮਦਦ ਨਾਲ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਿਟੀ ( ਸੀ.ਐਸ.ਆਰ) ਫੰਡ ਅਧੀਨ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਿੱਚ ਉਸਾਰੀ ਕਿਰਤੀਆਂ ਤੇ ਉਨ੍ਹਾਂ ਦੇ ਬੱਚਿਆਂ ਲਈ ਲੁਹਾਰਾ, ਪਲੰਬਰ, ਵੈਲਡਰ, ਤੇ ਇਲੈਕਟ੍ਰਾਨਿਕ ਆਦਿ ਟਰੇਡਾਂ ਲਈ ਸਿੱਖਿਆ ਦਿੱਤੀ ਜਾਵੇਗੀ।
ਕਿਰਤ ਮੰਤਰੀ ਨੇ ਕਿਹਾ ਕਿ ਉਸਾਰੀ ਕਿਰਤੀਆਂ ਨੂੰ ਆਨ-ਲਾਈਨ ਰਜਿਸਟਰਡ ਕਰਨ ਲਈ ਕਿਰਤ ਵਿਭਾਗ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਪਿਛਲੇ ਸਾਲ 1,40000 ਕਿਰਤੀਆਂ ਨੂੰ ਰਜਿਸਟਰਡ ਕੀਤਾ। ਉਨ੍ਹਾਂ ਸ੍ਰੀ ਸੰਜੇ ਕੁਮਾਰ ਪ੍ਰਮੁੱਖ ਸੱਕਤਰ ਕਿਰਤ ਵਿਭਾਗ ਨੂੰ ਆਦੇਸ਼ ਦਿੱਤੇ ਕਿ ਆਨ-ਲਾਈਨ ਰਜਿਸਟਰੇਸ਼ਨ ਕਰਵਾਉਣ ਦੇ ਲਈ ਪਿੰਡ ਤੇ ਬਲਾਕ ਪੱਧਰ ਤੇ ਕੈਂਪ ਲਗਾਕੇ ਕਿਰਤੀਆਂ ਨੂੰ ਰਜਿਸਟਰਡ ਕੀਤਾ ਜਾਵੇ। ਇਸ ਮੀਟਿੰਗ ਵਿਧਾਇਕ ਪਠਾਨਕੋਟ ਅਨਿਲ ਵਿਜ, ਕਿਸ਼ੌਰ ਕੁਮਾਰ ਭਾਰਤ ਸਰਕਾਰ ਦੇ ਨੁਮਾਇੰਦੇ, ਸੰਜੇ ਕੁਮਾਰ ਪ੍ਰਮੁੱਖ ਸਕੱਤਰ ਕਿਰਤ ਵਿਭਾਗ, ਵਿਮਲ ਕੁਮਾਰ ਸੇਤੀਆ ਕਿਰਤ ਕਮਿਸ਼ਨਰ, ਹਰਕੇਸ਼ ਕੁਮਾਰ ਸ਼ਰਮਾ ਮੱਛਲੀ ਕਲਾਂ ਰਾਜਸੀ ਸਕੱਤਰ (ਕੈਬਨਿਟ ਮੰਤਰੀ) ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …