
ਬੰਦੀ ਸਿੰਘਾਂ ਦੀ ਰਿਹਾਈ ਲਈ ਸਾਂਝਾ ਫਰੰਟ ਬਣਾਉਣ ਦਾ ਐਲਾਨ, ਸਿਆਸੀ ਪਾਰਟੀਆਂ ’ਤੇ ਵਰ੍ਹੇ ਸਿੱਖ ਆਗੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਫਰਵਰੀ:
ਸਰਬੱਤ ਖਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਫੇਜ਼-8 ਵਿਖੇ ਪੰਥਕ ਇਕੱਤਰਤਾ ਸੱਦੀ ਗਈ। ਜਿਸ ਵਿੱਚ ਸ਼ਾਮਲ ਹੋਈਆਂ ਪੰਥਕ ਧਿਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕਾਨੂੰਨ ਮੁਤਾਬਕ ਆਪਣੀ ਸਜ਼ਾਵਾਂ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਦਾ ਸਾਂਝਾ ਫਰੰਟ ਬਣਾਉਣ ਦਾ ਫੈਸਲਾ ਲਿਆ ਗਿਆ। ਜਥੇਦਾਰ ਹਵਾਰਾ ਕਮੇਟੀ ਦੇ ਨੁਮਾਇੰਦੇ ਪ੍ਰੋ. ਬਲਜਿੰਦਰ ਸਿੰਘ ਨੇ ਦੱਸਿਆ ਕਿ ਇਕ ਹੋਰ ਮਤੇ ਰਾਹੀਂ ਇਸ ਗੱਲ ਦੀ ਸਖ਼ਤ ਆਲੋਚਨਾ ਕੀਤੀ ਗਈ ਕਿ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ ਕੋਲ ਕੋਈ ਵਿਕਾਸ ਏਜੰਡਾ ਨਹੀਂ ਹੈ ਨਹੀਂ ਸਾਰੀਆਂ ਪਾਰਟੀਆਂ ਇਕ ਦੂਜੇ ਵਿਰੁੱਧ ਦੁਸ਼ਣਬਾਜ਼ੀ ਤੱਕ ਸੀਮਤ ਹਨ। ਸਿਆਸੀ ਧਿਰਾਂ ਮਿਹਨਤੀ ਪੰਜਾਬੀਆਂ ਨੂੰ ਮੁਫ਼ਤਖੋਰੀ ਦੀ ਬਿਰਤੀ ਵੱਲ ਧੱਕ ਰਹੀਆਂ ਹਨ।
ਸਿੱਖ ਆਗੂ ਬਲਬੀਰ ਸਿੰਘ ਹਿਸਾਰ, ਹਰਪ੍ਰੀਤ ਸਿੰਘ ਰਾਣਾ, ਜਸਵੰਤ ਸਿੰਘ ਸਿੱਧੂਪੁਰ, ਦਲਜੀਤ ਸਿੰਘ ਦਿੱਲੀ ਅਤੇ ਵਰਿੰਦਰਪਾਲ ਸਿੰਘ ਅਨੰਦਪੁਰ ਸਾਹਿਬ ਨੇ ਕਿਹਾ ਕਿ ਦੂਜੇ ਮਤੇ ਰਾਹੀਂ ਸਿਆਸੀ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਅਤੇ ਬਿਆਨਾਂ ਨੂੰ ਘੋਖਣ ਬਾਅਦ ਐਲਾਨ ਕੀਤਾ ਕਿ ਕਿਸੇ ਵੀ ਪਾਰਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਆਪਣੇ ਚੋਣ ਮੈਨੀਫੈਸਟੋ ਦਾ ਹਿੱਸਾ ਨਹੀਂ ਬਣਾਇਆ ਹੈ ਅਤੇ ਨਾ ਹੀ ਕਿਸੇ ਪਾਰਟੀ ਦੇ ਐਮਪੀ ਨੇ ਲੋਕ ਸਭਾ ਵਿੱਚ ਸਿੱਖ ਕੈਦੀਆਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਹੈ। ਤੀਜੇ ਮਤੇ ਰਾਹੀਂ ਪੰਜਾਬ ਦੇ ਰਾਜਪਾਲ ਵੱਲੋਂ ਬੀਤੀ 11 ਜਨਵਰੀ ਨੂੰ ਸਿੱਖ ਜਥੇਬੰਦੀਆਂ ਨੂੰ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਛੇਤੀ ਕਰਨ ਦੇ ਦਿੱਤੇ ਭਰੋਸੇ ’ਤੇ ਵੀ ਕੋਈ ਅਮਲ ਨਾ ਹੋਣ ’ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਗਈ। ਬੁਲਾਰਿਆਂ ਨੇ ਪੰਜਾਬ ਵਿੱਚ ਵੱਸਦੇ ਇਨਸਾਫ਼ ਪਸੰਦ ਸਾਰੇ ਧਰਮ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਆਸਤ ਨਾਲੋਂ ਕੌਮ ਨੂੰ ਪਹਿਲ ਦੇਣ ਅਤੇ ਆਪਣੇ ਹਲਕਿਆਂ ਵਿੱਚ ਉਮੀਦਵਾਰਾਂ ਨੂੰ ਸਵਾਲ ਪੁੱਛਣ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਉਹ ਕੀ ਕਰ ਰਹੇ ਹਨ ਜਾਂ ਕੀ ਕਰਨਗੇ। ਬੰਦੀ ਸਿੰਘਾਂ ਦੀ ਰਿਹਾਈ ਲਈ ਲੋਕ ਲਹਿਰ ਪੈਦਾ ਕਰਨ ਲਈ ਧਰਮ ਅਤੇ ਸਿਆਸੀ ਧੜੇਬੰਦੀ ਤੋਂ ਉੱਪਰ ਉੱਠਣ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਜੋ ਸਰਕਾਰਾਂ ਵੱਲੋਂ ਮਨੁੱਖੀ ਅਧਿਕਾਰਾਂ ਦੇ ਕੀਤੇ ਜਾਣ ਰਹੇ ਘਾਣ ਨੂੰ ਠੱਲ੍ਹ ਪਾਈ ਜਾ ਸਕੇ।
ਅੱਜ ਦੀ ਇਸ ਪੰਥਕ ਇਕੱਤਰਤਾ ਵਿੱਚ ਸਤਨਾਮ ਸਿੰਘ ਝੰਜੀਆਂ, ਸਤਨਾਮ ਸਿੰਘ ਖੰਡਾ, ਤਰਲੋਕ ਸਿੰਘ, ਦਲਬੀਰ ਸਿੰਘ ਫੌਜੀ, ਤਰਸੇਮ ਸਿੰਘ, ਭੁਪਿੰਦਰ ਸਿੰਘ ਭਲਵਾਨ ਜਰਮਨੀ, ਅਕਾਲ ਯੂਥ ਸੁਪਰੀਮ ਕੌਂਸਲ ਦੇ ਮਹਾ ਸਿੰਘ, ਅਖੰਡ ਕੀਰਤਨੀ ਜਥੇ ਦੇ ਪ੍ਰਮੁੱਖ ਆਗੂ ਭਾਈ ਆਰਪੀ ਸਿੰਘ ਤੇ ਜਥੇਦਾਰ ਅਰਜਨ ਸਿੰਘ ਸ਼ੇਰਗਿੱਲ, ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਅਮਿਤੋਜ ਮਾਨ, ਗੁਰਮੀਤ ਸਿੰਘ ਬੱਬਰ, ਅਕਾਲ ਫੈਡਰੇਸ਼ਨ ਦੇ ਭਾਈ ਕੰਵਰ ਸਿੰਘ ਧਾਮੀ, ਪ੍ਰਗਟ ਸਿੰਘ ਹਵਾਰਾ, ਗੁਰਪਾਲ ਸਿੰਘ ਦਿੱਲੀ, ਗੁਰਪ੍ਰੀਤ ਸਿੰਘ ਦਿੱਲੀ, ਬਲਦੇਵ ਸਿੰਘ ਨਵਾਂਪਿੰਡ, ਰਘਬੀਰ ਸਿੰਘ ਭੁੱਚਰ, ਦਲਜੀਤ ਸਿੰਘ ਗਿੱਲ, ਅਕਾਲ ਯੂਥ ਤੋਂ ਗੁਰਿੰਦਰ ਸਿੰਘ ਮੁਹਾਲੀ ਤੇ ਜਸਪ੍ਰੀਤ ਸਿੰਘ, ਬੀਬੀ ਪ੍ਰੀਤਮ ਕੌਰ, ਜਸਵਿੰਦਰ ਸਿੰਘ ਯੂਨਾਈਟਿਡ ਅਕਾਲੀ ਦਲ, ਗੁਰਨਾਮ ਸਿੰਘ ਸਿੱਧੂ ਅਤੇ ਰਾਜ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।