nabaz-e-punjab.com

ਪੰਜਾਬ ਪੁਲੀਸ ਦੇ ਉੱਚ ਅਧਿਕਾਰੀ ਦੀ ਵਧੀਕੀਆਂ ਤੋਂ ਤੰਗ ਪਤਨੀ ਨੇ ਅਦਾਲਤ ਦਾ ਬੂਹਾ ਖੜਕਾਇਆ

ਅਦਾਲਤ ਵੱਲੋਂ ਪੁਲੀਸ ਅਧਿਕਾਰੀ ਨੂੰ ਫਲੈਟ ’ਚ ਆਉਣ ਤੇ ਪਤਨੀ\ਬੱਚਿਆਂ ਨੂੰ ਬਾਹਰ ਕੱਢਣ ’ਤੇ ਰੋਕ

ਵਿਜੀਲੈਂਸ ਦੇ ਐਸਐਸਪੀ ਗੌਤਮ ਸਿੰਘਲ ਨੇ ਸਾਰੇ ਦੋਸ ਨਕਾਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਈ:
ਪੰਜਾਬ ਪੁਲੀਸ ਦੇ ਇਕ ਉੱਚ ਅਧਿਕਾਰੀ ਵੱਲੋਂ ਕਥਿਤ ਤੌਰ ’ਤੇ ਆਪਣੀ ਪਤਨੀ ਦੀ ਕੁੱਟਮਾਰ ਅਤੇ ਉਸ ਨੂੰ ਬੱਚਿਆਂ ਸਮੇਤ ਸਰਕਾਰੀ ਫਲੈਟ ’ਚੋਂ ਜ਼ਬਰਦਸਤੀ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਅਧਿਕਾਰੀ ਦੀਆਂ ਕਥਿਤ ਵਧੀਕੀਆਂ ਤੋਂ ਤੰਗ ਪ੍ਰੇਸ਼ਾਨ ਪਤਨੀ ਨੇ ਇਨਸਾਫ਼ ਪ੍ਰਾਪਤੀ ਲਈ ਮੁਹਾਲੀ ਅਦਾਲਤ ਵਿੱਚ ਸ਼ਿਕਾਇਤ ਦਾਇਰ ਕੀਤੀ ਹੈ।
ਸ੍ਰੀਮਤੀ ਅੰਜੂ ਸਿੰਘਲ (42) ਵਾਸੀ ਕਮਾਂਡੋ ਕੰਪਲੈਕਸ ਫੇਜ਼-11 ਨੇ ਸੀਨੀਅਰ ਵਕੀਲ ਰਾਜੇਸ਼ ਗੁਪਤਾ ਰਾਹੀਂ ਮੁਹਾਲੀ ਅਦਾਲਤ ਵਿੱਚ ਸ਼ਿਕਾਇਤ ਦਾਇਰ ਕੀਤੀ ਹੈ। ਜੁਡੀਸ਼ਲ ਮੈਜਿਸਟਰੇਟ ਰਵਤੇਸ਼ ਇੰਦਰਜੀਤ ਸਿੰਘ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐਸਐਸਪੀ ਗੌਤਮ ਸਿੰਘਲ ਨੂੰ ਸਰਕਾਰੀ ਫਲੈਟ ਵਿੱਚ ਆਉਣ ਅਤੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਜ਼ਬਰਦਸਤੀ ਬਾਹਰ ਕੱਢਣ ’ਤੇ ਰੋਕ ਲਗਾਈ ਗਈ ਹੈ। ਉਧਰ, ਗੌਤਮ ਸਿੰਘਲ ਨੇ ਉਕਤ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ।
ਅੱਜ ਇੱਥੇ ਵਕੀਲ ਰਾਜੇਸ਼ ਗੁਪਤਾ ਨੇ ਦੱਸਿਆ ਕਿ ਪਤਨੀ ਅੰਜੂ ਸਿੰਘਲ ਨੇ ਮੁਹਾਲੀ ਅਦਾਲਤ ਵਿੱਚ ਆਪਣੇ ਪਤੀ ਜੋ ਲੁਧਿਆਣਾ ਵਿੱਚ ਵਿਜੀਲੈਂਸ ਬਿਊਰੋ (ਆਰਥਿਕ ਅਪਰਾਧਾ ਸ਼ਾਖਾ) ਦੇ ਐਸਐਸਪੀ ਗੌਤਮ ਸਿੰਘਲ ਦੇ ਅਹੁਦੇ ’ਤੇ ਤਾਇਤਾਨ ਹਨ, ਦੇ ਖ਼ਿਲਾਫ਼ ਸ਼ਿਕਾਇਤ ਦਾਇਰ ਕੀਤੀ ਹੈ ਕਿ ਉਸ ਦਾ ਪਤੀ ਉਨ੍ਹਾਂ ਨੂੰ ਸਰਕਾਰੀ ਫਲੈਟ ’ਚੋਂ ਧੱਕੇ ਨਾਲ ਬਾਹਰ ਕੱਢਣਾ ਚਾਹੁੰਦਾ ਹੈ ਅਤੇ ਉਸ ਦੀ ਕੁੱਟਮਾਰ ਕਰਦਾ ਹੈ। ਅੰਜੂ ਨੇ ਸਰਕਾਰ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਸ ਕੋਲ ਆਪਣਾ ਕੋਈ ਮਕਾਨ ਨਹੀਂ ਹੈ ਅਤੇ ਲਾਕਡਾਊਨ ਵਿੱਚ ਉਹ ਆਪਣੇ ਬੱਚਿਆਂ ਨੂੰ ਲੈ ਕੇ ਕਿੱਥੇ ਜਾਵੇ। ਸਰਕਾਰ ਨੇ ਉਸ ਨੂੰ ਦੋ ਮਹੀਨੇ ਲਈ ਉਕਤ ਫਲੈਟ ਵਿੱਚ ਰਹਿਣ ਦੀ ਮੋਹਲਤ ਦਿੱਤੀ ਹੈ।
ਸ੍ਰੀ ਗੁਪਤਾ ਨੇ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਐਸਐਸਪੀ ਗੌਤਮ ਬੀਤੀ 12 ਮਈ ਨੂੰ ਥਾਣਾ ਫੇਜ਼-11 ਦੇ ਐਸਐਚਓ ਨਾਲ ਕਮਾਂਡੋ ਕੰਪਲੈਕਸ ਸਥਿਤ ਸਰਕਾਰੀ ਫਲੈਟ ਵਿੱਚ ਆਇਆ ਅਤੇ ਆਪਣੀ ਪਤਨੀ ਨੂੰ ਫਲੈਟ ਖਾਲੀ ਕਰਨ ਲਈ ਆਖਿਆ ਗਿਆ। ਪੀੜਤ ਅਨੁਸਾਰ ਪੁਲੀਸ ਅਧਿਕਾਰੀ ਵਾਪਸ ਜਾਣ ਸਮੇਂ ਫਲੈਟ ’ਚੋਂ ਟਰੱਕ ਵਿੱਚ ਕਾਫੀ ਸਮਾਨ ਲੈ ਗਿਆ ਹੈ। ਉਸ ਦੀ ਨਾਬਾਲਗ ਬੇਟੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਹੈ ਜਦੋਂਕਿ ਬੇਟਾ ਮਾਨਵ ਮੰਗਲ ਸਕੂਲ ਵਿੱਚ ਪੜ੍ਹਦਾ ਹੈ। ਪੁਲੀਸ ਅਧਿਕਾਰੀ ਨੇ ਉਨ੍ਹਾਂ ਨੂੰ ਬਿਨਾਂ ਭਰੋਸੇ ਵਿੱਚ ਲਏ ਬੱਚੇ ਦਾ ਸਕੂਲ ’ਚੋਂ ਦਾਖ਼ਲਾ ਰੁਕਵਾ ਦਿੱਤਾ.ਉਸ ਨੇ ਬੜੀ ਮੁਸ਼ਕਲ ਨਾਲ ਬੱਚੇ ਦਾ ਦਾਖ਼ਲ ਕਰਵਾਇਆ ਹੈ।
(ਬਾਕਸ ਆਈਟਮ)
ਵਿਜੀਲੈਂਸ ਦੇ ਐਸਅਸਪੀ ਗੌਤਮ ਸਿੰਘਲ ਨੇ ਉਕਤ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਿਆ ਕਿ ਕਿਹਾ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਆਪਣੇ ਨਾਲ ਲੁਧਿਆਣਾ ਰੱਖਣਾ ਚਾਹੁੰਦਾ ਹੈ ਪ੍ਰੰਤੂ ਉਸ ਦੀ ਪਤਨੀ ਆਪਣੇ ਫੁਫੜ ਬੀਕੇ ਗਰਗ (ਸੇਵਾਮੁਕਤ ਏਡੀਜੀਪੀ) ਦੇ ਬਹਿਕਾਵੇ ਵਿੱਚ ਆ ਕੇ ਘਰ ਵਿੱਚ ਕਲੇਸ਼ ਪਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਤਨੀ ਦਾ ਫੁਫੜ ਹੀ ਸਾਰੇ ਪੁਆੜੇ ਦੀ ਜੜ ਹੈ। ਜੇ ਉਹ ਗਲਤ ਦਖ਼ਲਅੰਦਾਜ਼ੀ ਕਰਨੀ ਬੰਦ ਕਰ ਦੇਵੇ ਤਾਂ ਉਨ੍ਹਾਂ ਦਾ ਘਰ ਵਸ ਸਕਦਾ ਹੈ ਪ੍ਰੰਤੂ ਸਾਬਕਾ ਅਧਿਕਾਰੀ ਨੇ ਉਸ ਦੀ ਪਤਨੀ ਅਤੇ ਬੱਚਿਆਂ ਨੂੰ ਕੈਨੇਡਾ ਸੈਟਲ ਕਰਵਾਉਣ ਦਾ ਝਾਂਸਾ ਦੇ ਕੇ ਪਰਿਵਾਰ ਵਿੱਚ ਵੰਡੀਆਂ ਜਾ ਦਿੱਤੀਆਂ ਹਨ। ਗੌਤਮ ਨੇ ਦੱਸਿਆ ਕਿ ਅੰਜੂ ਨਾਲ 19 ਸਾਲ ਪਹਿਲਾਂ 2001 ਵਿੱਚ ਵਿਆਹ ਹੋਇਆ ਸੀ। ਉਨ੍ਹਾਂ ਕੋਲ ਇਕ ਬੇਟਾ ਅਤੇ ਬੇਟੀ ਵੀ ਹੈ। ਹੁਣ ਤੱਕ ਉਨ੍ਹਾਂ ਵਿੱਚ ਕਦੇ ਕੋਈ ਝਗੜਾ ਨਹੀਂ ਹੋਇਆ ਅਤੇ ਡੇਢ ਦਹਾਕੇ ਵਿੱਚ ਉਨ੍ਹਾਂ ਖ਼ਿਲਾਫ਼ ਇਹ ਪਹਿਲੀ ਸ਼ਿਕਾਇਤ ਹੈ। ਉਸ ਦੀ ਬਦਲੀ ਲੁਧਿਆਣਾ ਹੋਣ ਕਾਰਨ ਇਕ ਨਾ ਇਕ ਦਿਨ ਤਾਂ ਉਸ ਨੂੰ ਮੁਹਾਲੀ ਵਾਲਾ ਫਲੈਟ ਖਾਲੀ ਕਰਨਾ ਹੀ ਹੈ। ਉਸ ਦੀ ਮੰਨਸ਼ਾ ਪਤਨੀ ਤੇ ਬੱਚਿਆਂ ਨੂੰ ਆਪਣੇ ਨਾਲ ਰੱਖਣ ਦੀ ਹੈ। ਐਸਐਸਪੀ ਨੇ ਦੱਸਿਆ ਕਿ ਬੀਤੀ 4 ਮਈ ਨੂੰ ਉਸ ਨੇ ਡੀਜੀਪੀ, ਵਿਜੀਲੈਂਸ ਬਿਊਰੋ ਦੇ ਮੁਖੀ ਅਤੇ ਐਸਐਸਪੀ ਮੁਹਾਲੀ ਨੂੰ ਤਿੰਨ ਪੰਨਿਆਂ ਦੀ ਲਿਖਤੀ ਸ਼ਿਕਾਇਤ ਦਿੱਤੀ ਹੈ। ਜਿਸ ਵਿੱਚ ਉਸ ਨੇ ਸੇਵਾਮੁਕਤ ਏਡੀਜੀਪੀ ’ਤੇ ਉਸ ਦੀ ਮਾਨਸਿਕ ਰੋਗੀ ਬੇਟੀ ਨੂੰ ਵਰਗਲਾਉਣ ਸਮੇਤ ਹੋਰ ਗੰਭੀਰ ਦੋਸ਼ ਲਗਾਏ ਹਨ। ਇਸ ਮਾਮਲੇ ਦੀ ਜਾਂਚ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਕਰ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…