nabaz-e-punjab.com

ਅਕਾਦਮਿਕ ਅੰਕਾਂ ’ਤੇ ਆਧਾਰਿਤ ਰਹੇਗੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਸਲਾਨਾ ਗੁਪਤ ਰਿਪੋਰਟ

ਅਧਿਆਪਕਾਂ ਦੀ ਕਾਰਗੁਜ਼ਾਰੀ ਮੁਲਾਂਕਣ ਕਰਕੇ ਸਾਲਾਨਾ ਗੁਪਤ ਰਿਪੋਰਟਾਂ ਲਿਖਣ ਤੇ ਦਰਜਾਬੰਦੀ ਲਈ 16 ਪ੍ਰੋਫਾਰਮੇ ਵੈੱਬਸਾਈਟ ’ਤੇ ਅਪਲੋਡ

ਸਕੂਲ ਮੁਖੀਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਲਈ 64 ਅੰਕ ਸਕੂਲ ਪ੍ਰਬੰਧ ਅਤੇ 12 ਅੰਕ ਨਤੀਜਿਆਂ ’ਤੇ ਆਧਾਰਿਤ ਹੋਣਗੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਨਵੰਬਰ:
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਕਾਰਗੁਜ਼ਾਰੀ ਲਈ ਵਿੱਦਿਅਕ ਸੈਸ਼ਨ ਵਿੱਚ ਅਕਾਦਮਿਕ, ਸਹਿ-ਅਕਾਦਮਿਕ ਅਤੇ ਵਿਅਕਤੀਗਤ ਤੇ ਸਮੂਹਿਕ ਵਿਅਕਤੀਤਵ ਬਾਰੇ ਦਰਜ ਕਥਨਾਂ ਦੇ ਆਧਾਰ ’ਤੇ ਮੁਲਾਂਕਣ ਕਰਕੇ ਸਾਲਾਨਾ ਗੁਪਤ ਰਿਪੋਰਟਾਂ ਲਿਖਣ ਅਤੇ ਦਰਜਾਬੰਦੀ ਲਈ 16 ਪ੍ਰੋਫਾਰਮੇ ਸਿੱਖਿਆ ਵਿਭਾਗ ਦੀ ਵੈੱਬਸਾਈਟ ’ਤੇ ਅਪਲੋਡ ਕੀਤੇ ਗਏ ਹਨ।
ਸਿੱਖਿਆ ਵਿਭਾਗ ਪੰਜਾਬ (ਸਕੂਲ) ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਹਿਲਾਂ ਵਾਂਗ ਦੋ ਪੰਨਿਆਂ ਦਾ ਸਲਾਨਾ ਗੁਪਤ ਰਿਪੋਰਟ ਪ੍ਰੋਫਾਰਮਾ ਤਿਆਰ ਕਰਕੇ ਵਿਭਾਗ ਦੀ ਵੈੱਬਸਾਈਟ ’ਤੇ ਸਮੂਹ ਸਕੂਲ ਮੁਖੀਆਂ ਲਈ ਅਪਲੋਡ ਕੀਤਾ ਗਿਆ ਹੈ। ਜਿਸ ਵਿੱਚ ਵੱਖ-ਵੱਖ ਕਾਡਰਾਂ ਜੇਬੀਟੀ/ਈਟੀਟੀ, ਮਾਸਟਰ/ਮਿਸਟ੍ਰੈਂਸ, ਲੈਕਚਰਾਰ ਅਤੇ ਸਕੂਲ ਮੁਖੀਆਂ (ਪ੍ਰਿੰਸੀਪਲ/ਮੁੱਖ ਅਧਿਆਪਕ) ਦੀਆਂ ਵੱਖ-ਵੱਖ ਵਿਸ਼ਿਆਂ ਲਈ ਕਾਰਗੁਜ਼ਾਰੀ ਸਬੰਧੀ ਕਥਨ ਅਤੇ ਅੰਕ ਦਰਜ ਕੀਤੇ ਜਾਣਗੇ। ਪਹਿਲਾਂ ਨਿੱਜੀ ਵੇਰਵਿਆਂ ਦੇ ਨਾਲ-ਨਾਲ ਕਰਮਚਾਰੀਆਂ ਦੀਆਂ ਸਲਾਨਾ ਛੁੱਟੀਆਂ ਜਿਵੇਂ ਕਿ ਅਚਨਚੇਤ ਛੁੱਟੀ, ਮੈਡੀਕਲ ਛੁੱਟੀ ਆਦਿ ਦੇ ਵੇਰਵੇ ਭਰਵਾਏ ਜਾਂਦੇ ਸਨ। ਜਿਨ੍ਹਾਂ ਦਾ ਰਿਕਾਰਡ ਅਧਿਆਪਕਾਂ ਨੂੰ ਰੱਖਣਾ ਜਾਂ ਸਕੂਲ ਮੁਖੀ ਤੋੱ ਲੈਣਾ ਪੈਂਦਾ ਸੀ, ਨੂੰ ਸਕੱਤਰ ਸਕੂਲ ਸਿੱਖਿਆ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਟਾ ਦਿੱਤਾ ਗਿਆ ਹੈ।
ਸਿੱਖਿਆ ਦੇ ਕਾਨੂੰਨ 2009 ਦਾ ਪ੍ਰਭਾਵ ਪ੍ਰਾਇਮਰੀ ਜਮਾਤਾਂ ਦੇ ਨਤੀਜਿਆਂ ਦਾ ਅਪਰ-ਪ੍ਰਾਇਮਰੀ ਜਮਾਤਾਂ ਵਿੱਚ ਨਜ਼ਰ ਆਉਣ ਲੱਗਾ ਹੈ। ਅਪਰ-ਪ੍ਰਾਇਮਰੀ ਅਧਿਆਪਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਹਿੱਤ ਅਤੇ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਦਾ ਸਿੱਖਣ ਪੱਧਰ ਪੈਮਾਨਾ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਤਹਿਤ ਜਾਂਚਿਆ ਜਾਣ ਲੱਗਾ ਹੈ। ਇਸ ਸਬੰਧੀ ਪ੍ਰਾਇਮਰੀ ਜਮਾਤਾਂ ਦੀ ਅੰਤਿਮ ਜਾਂਚ ਦੇ ਨਤੀਜਿਆਂ ਦੀ ਕਾਰਗੁਜ਼ਾਰੀ ਨਿਰਧਾਰਿਤ ਕਰਨ ਲਈ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਦੇ ਨਿਰਧਾਰਿਤ ਟੀਚਿਆਂ ਨੂੰ ਆਧਾਰ ਮੰਨਦਿਆਂ 76 ਅੰਕ ਰੱਖੇ ਗਏ ਹਨ। ਜਿਨ੍ਹਾਂ ’ਚੋਂ ਪ੍ਰਾਇਮਰੀ ਅਧਿਆਪਕਾਂ ਦੀਆਂ ਸਲਾਨਾ ਗੁਪਤ ਰਿਪੋਰਟਾਂ ਲਿਖੀਆਂ ਜਾਣਗੀਆਂ ਅਤੇ 24 ਅੰਕ ਸਵੇਰ ਦੀ ਸਭਾ ਲਈ ਯੋਗਦਾਨ, ਸਮਰ ਕੈਂਪਾਂ ਦਾ ਆਯੋਜਨ, ਸਾਹਿਤ ਵਿੱਚ ਯੋਗਦਾਨ, ਸਕੂਲ ਦੇ ਸਰਵਪੱਖੀ ਵਿਕਾਸ ਲਈ ਕੀਤੇ ਕੰਮਾਂ, ਪ੍ਰਸ਼ੰਸ਼ਾ ਪੱਤਰਾਂ, ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਕੀਤੇ ਉਪਰਾਲਿਆਂ ਆਦਿ ਬਾਰੇ ਰੱਖੇ ਗਏ ਹਨ।
ਸਲਾਨਾ ਗੁਪਤ ਰਿਪੋਰਟਾਂ ਵਿੱਚ ਸਬੰਧਤ ਅਧਿਆਪਕਾਂ ਵੱਲੋਂ ਪੜ੍ਹਾਏ ਗਏ ਵਿਸ਼ਿਆਂ ਦੇ ਨਤੀਜਿਆਂ ਦਾ ਅਕਾਦਮਿਕ ਮੁਲਾਂਕਣ ਕਰਨ ਲਈ 76 ਅੰਕ ਰੱਖੇ ਗਏ ਹਨ ਅਤੇ 24 ਅੰਕ ਸਹਿ-ਅਕਾਦਮਿਕ ਕਿਰਿਆਵਾਂ ਦੇ ਦਿੱਤੇ ਗਏ ਹਨ। ਗਣਿਤ, ਸਾਇੰਸ, ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੇ ਵਿਸ਼ਿਆਂ ਦੇ ਅਧਿਆਪਕਾਂ ਲਈ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਦੀਆਂ ਕਿਰਿਆਵਾਂ ਸਬੰਧੀ 76 ਅੰਕਾਂ ’ਚੋਂ 16 ਅੰਕ ਰੱਖ ਕੇ ਅਧਿਆਪਕਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਨੂੰ ਵੀ ਮਹੱਤਵ ਦਿੱਤਾ ਗਿਆ ਹੈ। ਵੱਖ-ਵੱਖ ਕਾਡਰਾਂ ਲਈ ਵਿਸ਼ਿਆਂ ਅਨੁਸਾਰ 16 ਤਰ੍ਹਾਂ ਦੇ ਸਲਾਨਾ ਗੁਪਤ ਰਿਪੋਰਟ ਦੇ ਪ੍ਰੋਫਾਰਮੇ ਜਿਨ੍ਹਾਂ ਵਿੱਚ ਪ੍ਰਾਇਮਰੀ ਅਧਿਆਪਕ, ਵਿਗਿਆਨ, ਗਣਿਤ, ਸੋਸ਼ਲ ਸਾਇੰਸ, ਕਾਮਰਸ, ਭਾਸ਼ਾ ਵਿਸ਼ਿਆਂ, ਫਾਈਨ ਆਰਟਸ, ਵੋਕੇਸ਼ਨਲ, ਸਰੀਰਕ ਸਿੱਖਿਆ ਦੇ ਲੈਕਚਰਾਰ ਅਤੇ ਮਾਸਟਰ ਗਰੇਡਿੰਗ ਵਿਸ਼ਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ, ਕੰਪਿਊਟਰ ਫੈਕਲਟੀ, ਸਕੂਲ ਮੁਖੀਆਂ (ਪ੍ਰਿੰਸੀਪਲ/ਮੁੱਖ ਅਧਿਆਪਕ) ਲਈ ਤਿਆਰ ਕੀਤੇ ਗਏ ਹਨ।
ਸਿੱਖਿਆ ਵਿਭਾਗ ਦੀ ਜਾਣਕਾਰੀ ਅਨੁਸਾਰ ਛੇਵੀਂ ਅਤੇ ਸੱਤਵੀਂ ਦੇ ਨਤੀਜਿਆਂ ਦਾ ਮੁਲਾਂਕਣ ਅੱਠਵੀਂ ਜਮਾਤ ਦੀ ਐੱਸ.ਸੀ.ਈ.ਆਰ.ਟੀ. ਪੰਜਾਬ ਵੱਲੋਂ ਲਈ ਜਾਣ ਵਾਲੀ ਪ੍ਰੀਖਿਆ ਦੇ ਆਧਾਰ ’ਤੇ ਤੁਲਨਾ ਕਰਕੇ ਹੋਵੇਗਾ। ਜਿਹੜੇ ਵਿਸ਼ਿਆਂ ਦੀ ਗਰੇਡਿੰਗ ਅਨੁਸਾਰ ਨਤੀਜਾ ਬਣਦਾ ਹੈ। ਉਨ੍ਹਾਂ ਅਧਿਆਪਕਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਗਰੇਡਿੰਗ ਦੀ ਦਰਜਾਬੰਦੀ ਅਨੁਸਾਰ ਵਿਦਿਆਰਥੀਆਂ ਦੀ ਗਿਣਤੀ ਨਾਲ ਜੋੜਿਆ ਜਾਵੇਗਾ। ਜਦੋਂ ਕਿ ਸਕੂਲ ਮੁਖੀਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ 64 ਅੰਕ ਸਕੂਲ ਪ੍ਰਬੰਧ ਅਤੇ ਨਤੀਜਿਆਂ ਅਤੇ 12 ਅੰਕ ਸਕੂਲ ਮੁਖੀ ਵੱਲੋਂ ਪੜ੍ਹਾਏ ਗਏ ਵਿਸ਼ਿਆਂ ਦੇ ਨਤੀਜਿਆਂ ’ਤੇ ਆਧਾਰਿਤ ਹੋਣਗੇ। ਸਕੂਲ ਵਿੱਚ ਹੋਣ ਵਾਲੀਆਂ ਸਹਿ-ਅਕਾਦਮਿਕ ਕਿਰਿਆਵਾਂ ਬਾਰੇ ਵੀ ਸਕੂਲ ਮੁਖੀ ਦੀ ਸਲਾਨਾ ਗੁਪਤ ਰਿਪੋਰਟ ਵਿੱਚ ਅੰਕ ਦਰਜ ਹੋਣਗੇ। ਸਲਾਨਾ ਗੁਪਤ ਰਿਪੋਰਟਾਂ ਵਿੱਚ ਅਧਿਆਪਕਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਸਹਿ-ਅਕਾਦਮਿਕ ਕਿਰਿਆਵਾਂ ਦੇ ਵੀ ਅੰਕ ਜਿਵੇਂ ਕਿ ਸਕੂਲ ਵਿੱਚ ਦਾਖ਼ਲਾ ਵਧਾਉਣ ਲਈ ਪਾਏ ਯੋਗਦਾਨ ਲਈ ਕੀਤੀਆਂ ਕਿਰਿਆਵਾਂ, ਸਿਖਲਾਈ ਪ੍ਰੋਗਰਾਮਾਂ ਅਤੇ ਹੋਰ ਗਤੀਵਿਧੀਆਂ ਵਿੱਚ ਨਿਭਾਈ ਡਿਊਟੀਆਂ, ਪ੍ਰਕਾਸ਼ਤ ਰਚਨਾਵਾਂ, ਸਵੇਰ ਦੀ ਸਭਾ ਨੂੰ ਉਪਯੋਗੀ ਬਣਾਉਣ ਲਈ ਯੋਗਦਾਨ, ਅਧਿਆਪਨ ਕਾਰਜ, ਐਨਸੀਸੀ/ਐਨਐਸਐਸ, ਬਿਲਡਿੰਗ ਦੇ ਰੱਖ-ਰਖਾਓ ਅਤੇ ਵਿਸਤਾਰ ਲਈ ਦਾਨ, ਵਿਗਿਆਨ, ਗਣਿਤ, ਅੰਗਰੇਜ਼ੀ, ਸਮਾਜਿਕ ਸਿੱਖਿਆ ਦੇ ਅਕਾਦਮਿਕ ਅਤੇ ਸਹਿ-ਅਕਾਦਮਿਕ ਮੁਕਾਬਲਿਆਂ ਵਿੱਚ ਸਹਿਯੋਗ, ਸਾਲ ਦੌਰਾਨ ਪ੍ਰਾਪਤ ਪ੍ਰਸ਼ੰਸ਼ਾ ਪੱਤਰ, ਗਤੀਵਿਧੀਆਂ ਆਧਾਰਿਤ ਸਿੱਖਣ ਸਿਖਾਉਣ ਪ੍ਰਕਿਰਿਆ ਦੇ ਵੀ ਅੰਕ ਦਿੱਤੇ ਜਾਣਗੇ। ਵਿਦਿਆਰਥੀਆਂ ਦੇ ਰਚਨਾਤਮਿਕ ਮੁਕਾਬਲਿਆਂ (ਕਵਿਤਾਵਾਂ, ਕਹਾਣੀਆਂ, ਲੇਖ ਰਚਨਾ) ਵਿੱਚ ਭਾਗ ਲੈਣ, ਵਿਦਿਆਰਥੀਆਂ ਨੂੰ ਇਤਿਹਾਸਕ ਅਤੇ ਵਿਸ਼ੇਸ਼ ਭੂਗੋਲਿਕ ਸਥਾਨਾਂ ਦੀ ਸਿੱਖਿਆ ਦਾਇਕ ਯਾਤਰਾ ਕਰਵਾਉਣ, ਡਰਾਇੰਗ ਅਤੇ ਪੇਂਟਿੰਗ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਤੋਂ ਮਾਟੋ, ਸਕੂਲ ਦੀਆਂ ਸਾਰਣੀਆਂ ਤਿਆਰ ਕਰਵਾਉਣ, ਸਕੂਲਾਂ ਵਿੱਚ ਤਿਆਰ ਮੈਥ, ਸਾਇੰਸ, ਸਮਾਜਿਕ ਸਿੱਖਿਆ, ਕੰਪਿਊਟਰ ਲੈਬ ਦੀ ਤਿਆਰੀ ਅਤੇ ਸਾਂਭ-ਸੰਭਾਲ ਅਤੇ ਸਕੂਲ ਦੀ ਬਿਹਤਰੀ ਦੇ ਨਾਲ-ਨਾਲ ਵਿੱਦਿਅਕ ਗਤੀਵਿਧੀਆਂ ਲਈ ਲਗਾਏ ਸਮੇਂ ਵੀ ਅੰਕ ਸਲਾਨਾ ਗੁਪਤ ਰਿਪੋਰਟ ਵਿੱਚ ਦਰਜ ਹੋਣਗੇ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…