
ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਸਮੇਂ ਸਿਰ ਕਰਵਾਉਣ ਦੀ ਮੰਗ ਉੱਠੀ
ਖੰਗੂੜਾ ਗਰੁੱਪ ਨੇ ਚੋਣਾਂ ਕਰਵਾਉਣ ਸਬੰਧੀ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਨੂੰ ਲਿਖਿਆ ਮੰਗ ਪੱਤਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਨਵੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਸੰਵਿਧਾਨ ਵਿਧੀ ਵਿਧਾਨ ਮੁਤਾਬਕ ਸਮੇਂ ਸਿਰ ਕਰਵਾਉਣ ਲਈ ਖੰਗੂੜਾ ਗਰੁੱਪ ਨੇ ਜਥੇਬੰਦੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਨਾਮ ਮੰਗ ਪੱਤਰ ਦਿੱਤਾ ਹੈ। ਖੰਗੂੜਾ ਗਰੁੱਪ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਨੇ ਪੱਤਰ ਵਿੱਚ ਲਿਖਿਆ ਹੈ ਕਿ ਮੁਲਾਜ਼ਮ ਜਥੇਬੰਦੀ ਦੇ ਸੰਵਿਧਾਨ ਦੇ ਪੰਨਾ ਨੰਬਰ-10, ਲੜੀ ਨੰਬਰ-13 ਦੇ ਭਾਗ ‘ਓ’ ਅਤੇ ‘ਅ’ ਅਨੁਸਾਰ ਐਸੋਸੀਏਸ਼ਨ ਦੇ ਮੈਂਬਰਾਂ/ਅਹੁਦੇਦਾਰਾਂ ਦੀ ਚੋਣ ਹਰ ਸਾਲ ਨਿਰਧਾਰਿਤ ਸਮੇਂ ਅਨੁਸਾਰ ਅਕਤੂਬਰ ਮਹੀਨੇ ਵਿੱਚ ਹੋਵੇਗੀ। ਪਿਛਲੇ ਲੰਮੇ ਸਮੇਂ ਤੋਂ ਇਹ ਚੋਣਾਂ ਜਥੇਬੰਦੀ ਦੇ ਸੰਵਿਧਾਨ ਅਨੁਸਾਰ ਅਕਤੂਬਰ ਵਿੱਚ ਹੋ ਰਹੀਆਂ ਹਨ ਪ੍ਰੰਤੂ ਸਾਲ 2016 ਵਿੱਚ ਜਥੇਬੰਦੀ ਦੇ ਕੁੱਝ ਆਗੂ ਕੁਝ ਨਿੱਜੀ ਸੁਆਰਥਾਂ ਲਈ ਇਹ ਚੋਣਾਂ 22 ਦਸੰਬਰ ਨੂੰ ਕਰਵਾਈਆਂ ਗਈਆਂ ਸਨ, ਜਦੋਂਕਿ ਮੁਲਾਜ਼ਮ ਚੋਣਾਂ ਅਕਤੂਬਰ ਵਿੱਚ ਹੋਣੀਆਂ ਚਾਹੀਦੀਆਂ ਸਨ। ਇਸ ਮਗਰੋਂ ਹਰੇਕ ਸਾਲ ਜਥੇਬੰਦੀ ਦੇ ਸੰਵਿਧਾਨ ਦੇ ਉਲਟ ਚੋਣਾਂ ਦੇਰੀ ਨਾਲ ਕਰਵਾਈਆਂ ਜਾ ਰਹੀਆਂ ਹਨ।
ਖੰਗੂੜਾ ਗਰੁੱਪ ਦੇ ਆਗੂਆਂ ਪਰਵਿੰਦਰ ਸਿੰਘ ਖੰਗੂੜਾ ਅਤੇ ਪਰਮਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਜਨਵਰੀ ਵਿੱਚ ਸਾਲਾਨਾ ਪ੍ਰੀਖਿਆਵਾਂ ਦਾ ਕੰਮ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਜ਼ਿਆਦਾਤਰ ਮੁਲਾਜ਼ਮ ਚੋਣਾਂ ਵਿੱਚ ਭਾਗ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਧੁੰਦ ਅਤੇ ਠੰਢ ਹੋਣ ਕਾਰਨ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਾਬਜ਼ ਗਰੁੱਪ ’ਤੇ ਦੋਸ਼ ਲਾਇਆ ਕਿ ਚੋਣਾਂ ਸਮੇਂ ’ਤੇ ਨਾ ਹੋਣ ਕਰਕੇ ਮੁਲਾਜ਼ਮਾਂ ਦਾ ਭਰੋਸਾ ਤੋੜਿਆ ਹੈ ਅਤੇ ਜ਼ਿਆਦਾਤਰ ਕਰਮਚਾਰੀ ਜਥੇਬੰਦੀ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਹਨ।
ਆਗੂਆਂ ਨੇ ਕਿਹਾ ਕਿ ਸਮੂਹ ਮੁਲਾਜ਼ਮਾਂ ਦੀ ਮੰਗ ਨੂੰ ਮੁੱਖ ਰੱਖਦਿਆਂ 15 ਨਵੰਬਰ ਤੱਕ ਜਥੇਬੰਦੀ ਭੰਗ ਕਰਕੇ ਸਾਲਾਨਾ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਜਥੇਬੰਦੀ ਚੋਣਾਂ 15 ਦਸੰਬਰ 2022 ਤੱਕ ਹਰ ਹਾਲਤ ਵਿੱਚ ਕਰਵਾਈਆਂ ਜਾਣ। ਜੇਕਰ 15 ਨਵੰਬਰ ਤੱਕ ਜਥੇਬੰਦੀ ਭੰਗ ਕਰਕੇ ਚੋਣਾਂ ਕਰਵਾਉਣ ਦਾ ਐਲਾਨ ਨਹੀਂ ਕੀਤਾ ਗਿਆ ਤਾਂ ਮੁਲਾਜ਼ਮਾਂ ਦੀ ਮੰਗ ਅਨੁਸਾਰ ਜਨਰਲ ਬਾਡੀ ਦੀ ਮੀਟਿੰਗ ਸੱਦ ਕੇ ਮਜਬੂਰਨ ਚੋਣਾਂ ਦਾ ਐਲਾਨ ਕਰਨਾ ਪਵੇਗਾ।
ਇਸ ਮੌਕੇ ਗੁਰਚਰਨ ਸਿੰਘ ਤਰਮਾਲਾ, ਸਤਨਾਮ ਸਿੰਘ ਸੱਤਾ, ਕੁਲਵਿੰਦਰ ਸਿੰਘ ਸ਼ੇਰਗਿੱਲ, ਹਰਮਨਦੀਪ ਸਿੰਘ ਬੋਪਾਰਾਏ, ਲਖਵਿੰਦਰ ਸਿੰਘ ਘੜੂੰਆ, ਜਸਵਿੰਦਰ ਸਿੰਘ ਕਲੌੜ, ਬੰਤ ਸਿੰਘ, ਮਲਕੀਤ ਸਿੰਘ ਨੰਦਗੜ੍ਹ, ਜਸਪ੍ਰੀਤ ਸਿੰਘ ਗਿੱਲ, ਗੁਰਦੀਪ ਸਿੰਘ ਪਨੇਸਰ, ਮਨਜਿੰਦਰ ਸਿੰਘ, ਸਰਬਜੀਤ ਸਿੰਘ, ਜਸਪਾਲ ਸਿੰਘ ਟਹਿਣਾ, ਗੁਰਨਾਮ ਸਿੰਘ ਕੁਰਾਲੀ, ਲਖਵਿੰਦਰ ਸਿੰਘ ਗਾਹਲੇ, ਬਲਵਿੰਦਰ ਕੌਰ, ਅੰਮ੍ਰਿਤ ਕੌਰ, ਰੁਪਿੰਦਰ ਕੌਰ, ਅਵਿਨਾਸ਼ ਸੰਧੂ, ਅਮਨਦੀਪ ਬੈਂਸ, ਗੁਰਪ੍ਰੀਤ ਸਿੰਘ ਚਾਓਮਾਜਰਾ, ਨਵਦੀਪ ਸਿੰਘ, ਗੁਰਿੰਦਰ ਸਿੰਘ, ਜਸਪ੍ਰੀਤ ਸਿੰਘ, ਸੰਦੀਪ ਕੁਮਾਰ, ਅਸ਼ਵਨੀ ਕੁਮਾਰ, ਕੁਲਦੀਪ ਸਿੰਘ ਮੰਡੇਰ, ਮਨਜੀਤ ਸਿੰਘ, ਸਵਰਨ ਸਿੰਘ ਤਿਊੜ, ਯਾਦਵਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।