Nabaz-e-punjab.com

ਸਾਲਾਨਾ ਪ੍ਰੀਖਿਆ: ਸਿੱਖਿਆ ਬੋਰਡ ਦੇ ਚੇਅਰਮੈਨ ਨੇ ਉੱਚ ਅਧਿਕਾਰੀਆਂ ਤੇ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ

ਪ੍ਰੀਖਿਆ ਅਮਲਾ ਤੇ ਉਡਣ ਦਸਤਿਆਂ ਦੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਕਲੋਹੀਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਅੱਜ ਕਮੇਟੀ ਰੂਮ ਵਿੱਚ ਬੋਰਡ ਦੇ ਉੱਚ ਅਧਿਕਾਰੀਆਂ ਅਤੇ ਸਮੂਹ ਨੋਡਲ ਅਫ਼ਸਰਾਂ ਅਤੇ ਉਡਣ ਦਸਤਿਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਕਰਕੇ ਸਾਲਾਨਾ ਪ੍ਰੀਖਿਆਵਾਂ ਸਬੰਧੀ ਗਤੀਵਿਧੀਆਂ ਦੀ ਸਮੀਖਿਆ ਕੀਤੀ ਅਤੇ ਭਲਕੇ 5 ਮਾਰਚ ਨੂੰ ਬਾਰ੍ਹਵੀਂ ਦੇ ਜਨਰਲ ਅੰਗਰੇਜ਼ੀ ਦੇ ਹੋਣ ਵਾਲੇ ਪੇਪਰ ਸਬੰਧੀ ਨਕਲ ਰੋਕਣ ਲਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਨਵੀਂ ਰਣਨੀਤੀ ਉਲੀਕੀ ਗਈ। ਦੁਪਹਿਰ ਵੇਲੇ ਸ਼ੁਰੂ ਇਹ ਮੀਟਿੰਗ ਸ਼ਾਮ ਤੱਕ ਚੱਲੀ। ਜਿਸ ਵਿੱਚ ਸ੍ਰੀ ਕਲੋੋਹੀਆ ਵੱਲੋਂ ਪ੍ਰੀਖਿਆ ਸਬੰਧੀ ਆ ਰਹੀਆਂ ਅੌਕੜਾਂ ਸਬੰਧੀ ਵੱਖ-ਵੱਖ ਨੋਡਲ ਅਫ਼ਸਰਾਂ ਤੋਂ ਰਿਪੋਰਟ ਹਾਸਲ ਕੀਤੀ ਅਤੇ ਖੇਤਰ ਤੋਂ ਦਫ਼ਤਰ ਵਿੱਚ ਪੁੱਜ ਰਹੀਆਂ ਰਿਪੋਰਟਾਂ ਅਤੇ ਸ਼ਿਕਾਇਤਾਂ ਦਾ ਜਾਇਜ਼ਾ ਲੈਣ ਉਪਰੰਤ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ।
ਉੱਡਣ ਦਸਤਿਆਂ ਸਬੰਧੀ ਚੇਅਰਮੈਨ ਨੇ ਕਿਹਾ ਕਿ ਬੋਰਡ ਮੈਨੇਜਮੈਂਟ ਇਸ ਵਾਰ ਵਿਸ਼ੇਸ਼ ਉੱਡਣ ਦਸਤੇ ਦਿਹਾਤੀ ਖੇਤਰ ਵਿੱਚ ਭੇਜੇਗਾ। ਇਸ ਸਬੰਧ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਨੋਡਲ ਅਫ਼ਸਰਾਂ ਦੀਆਂ ਡਿਊਟੀਆਂ ਲਗਾਈਆ ਗਈਆਂ ਹਨ। ਇਨ੍ਹਾਂ ਸਾਰੇ ਇੰਤਜ਼ਾਮਾਂ ਉੱਤੇ ਚੇਅਰਮੈਨ ਅਤੇ ਬੋਰਡ ਦੇ ਹੋਰ ਉੱਚ-ਅਧਿਕਾਰੀਆਂ ਵੱਲੋਂ ਕਿਸੇ ਵੀ ਮੁਸ਼ਕਲ ਨੂੰ ਜਲਦੀ ਹੱਲ ਕਰਨ ਲਈ ਵਿਸ਼ੇਸ਼ ਤੌਰ ’ਤੇ ਨਜ਼ਰ ਰੱਖੀ ਜਾਏਗੀ। ਉਨ੍ਹਾਂ ਇਹ ਵੀ ਕਿਹਾ ਕਿ ਹਰੇਕ ਪ੍ਰੀਖਿਆ ਕੇਂਦਰ ਵਿੱਚ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਯਕੀਨੀ ਬਣਾਈ ਜਾਵੇ। ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪ੍ਰੀਖਿਆ ਕੇਂਦਰਾਂ ’ਤੇ ਤਿੱਖੀ ਨਜ਼ਰ ਰੱਖੀ ਜਾਵੇ। ਵਿਲੱਖਣ ਸਮਰਥਾ ਵਾਲੇ ਵਿਦਿਆਰਥੀਆਂ ਸਬੰਧੀ ਕੀਤੇ ਗਏ ਇੰਤਜ਼ਾਮਾਂ ਲਈ ਵੀ ਚੇਅਰਮੈਨ ਨੇ ਰਿਪੋਰਟ ਤਲਬ ਕਰਦਿਆਂ ਆਦੇਸ਼ ਦਿੱਤੇ ਕਿ ਪ੍ਰੀਖਿਆ ਕੇਂਦਰਾਂ ਵਿੱਚ ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਨੂੰ ਪਹਿਲੀ ਜਾਂ ਉਸ ਤੋਂ ਉੱਪਰ ਵਾਲੀਆਂ ਮੰਜ਼ਲਾਂ ’ਤੇ ਨਾ ਬਿਠਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।
ਸ੍ਰੀ ਕਲੋਹੀਆ ਨੇ ਦੱਸਿਆ ਕਿ ਦਸਮੇਸ਼ ਪਬਲਿਕ ਹਾਈ ਸਕੂਲ, ਮੰਡੀ ਗੁਰੂ ਹਰਸਹਾਏ (ਫਿਰੋਜ਼ਪੁਰ) ਦਾ ਪ੍ਰੀਖਿਆ ਕੇਂਦਰ ਬਦਲ ਕੇ ਐਚਕੇਐਲ ਕਾਲਜ ਆਫ਼ ਨਰਸਿੰਗ, ਗੁਰੂ ਹਰਸਹਾਏ (ਫਿਰੋਜ਼ਪੁਰ) ਅਤੇ ਸਰਕਾਰੀ ਹਾਈ ਸਕੂਲ, ਗੁੱਦੜ ਪੰਜਗਰਾਈਂ ਦਾ ਪ੍ਰੀਖਿਆ ਕੇਂਦਰ ਸਰਕਾਰੀ ਹਾਈ ਸਕੂਲ, ਜੀਵਾਂ ਅਰਾਈਂ ਵਿੱਚ ਸ਼ਿਫ਼ਟ ਕੀਤਾ ਗਿਆ। ਇਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਅਤੇ ਸਬੰਧਤ ਸਕੂਲਾਂ ਨੂੰ ਸੂਚਿਤ ਕੀਤਾ ਗਿਆ ਕਿ ਉਹ ਭਲਕੇ 5 ਮਾਰਚ ਤੋਂ ਨਵੇਂ ਬਦਲੇ ਗਏ ਪ੍ਰੀਖਿਆ ਕੇਂਦਰਾਂ ਵਿੱਚ ਅਪੀਅਰ ਹੋਣ ਅਤੇ ਵਿਦਿਆਰਥੀਆਂ ਦੀ ਸਹੂਲਤ ਸਬੰਧੀ ਇੰਤਜ਼ਾਮ ਯਕੀਨੀ ਬਣਾਏ ਜਾਣ। ਮੀਟਿੰਗ ਵਿੱਚ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਨੇ ਕਿਹਾ ਕਿ ਪੰਜਾਬ ਵਿੱਚ ਨਕਲ ਮੁਕਤ ਪ੍ਰੀਖਿਆ ਕਰਵਾਉਣ ਲਈ ਬੋਰਡ ਮੈਨੇਜਮੈਂਟ ਵਚਨਬੱਧ ਹੈ। ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਵੇਗੀ। ਕੰਟਰੋਲਰ (ਪ੍ਰੀਖਿਆਵਾਂ) ਸੁਖਵਿੰਦਰ ਕੌਰ ਸਰੋਇਆ ਨੇ ਦੱਸਿਆ ਕਿ ਨਕਲ ਰੋਕਣ ਲਈ 270 ਉਡਣ ਦਸਤੇ ਬਣਾਏ ਗਏ ਹਨ ਲੇਕਿਨ ਹੁਣ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ 20 ਹੋਰ ਟੀਮਾਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ 40 ਵੱਖਰੀਆਂ ਟੀਮਾਂ ਹਨ। ਜਿਨ੍ਹਾਂ ਵੱਲੋਂ ਅਚਨਚੇਤ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਕੀਤੀ ਜਾਵੇਗੀ।
(ਬਾਕਸ ਆਈਟਮ)
ਦਸਵੀਂ ਦੇ ਵਿਦਿਆਰਥੀਆਂ ਦੇ ਰੋਲ ਨੰਬਰ ਵੈਬਸਾਈਟ ’ਤੇ ਅਪਲੋਡ ਕੀਤੇ: ਸ੍ਰੀਮਤੀ ਸਰੋਇਆ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 15 ਮਾਰਚ ਤੋਂ ਲਈ ਜਾਣ ਵਾਲੀ ਦਸਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਸਬੰਧੀ ਅੱਜ ਵਿਦਿਆਰਥੀਆਂ ਦੇ ਰੋਲ ਨੰਬਰ ਬੋਰਡ ਦੀ ਵੈਬਸਾਈਟ ’ਤੇ ਅਪਲੋਡ ਕਰ ਦਿੱਤੇ ਹਨ। ਇਹ ਜਾਣਕਾਰੀ ਦਿੰਦਿਆਂ ਕੰਟਰੋਲਰ (ਪ੍ਰੀਖਿਆਵਾਂ) ਸੁਖਵਿੰਦਰ ਕੌਰ ਸਰੋਇਆ ਨੇ ਦੱਸਿਆ ਕਿ ਇਸ ਸਬੰਧੀ ਪ੍ਰੀਖਿਆਰਥੀਆਂ ਨੂੰ ਰੋਲ ਨੰਬਰ ਸਬੰਧੀ ਤਰੁੱਟੀਆਂ ਦਰੁਸਤ ਕਰਵਾਉਣ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਦਿਆਰਥੀ ਵੈਬਸਾਈਟ ’ਤੇ ਅਪਲੋਡ ਕੀਤੇ ਦਸਵੀਂ ਦੇ ਰੋਲ ਨੰਬਰ ਸਬੰਧੀ 8 ਮਾਰਚ ਤੱਕ ਮੁਫ਼ਤ ਰੂਪ ਵਿੱਚ ਤਰੁੱਟੀ ਦੂਰ ਕਰਵਾ ਸਕਦਾ ਹੈ। ਇਸ ਤੋਂ ਬਾਅਦ ਕਿਸੇ ਕਿਸਮ ਦੀ ਤਰੱੁਟੀ ਦਰੁਸਤ ਕਰਵਾਉਣ ਲਈ ਪ੍ਰੀਖਿਆਰਥੀ ਨੂੰ 5 ਹਜ਼ਾਰ ਰੁਪਏ ਫੀਸ ਜਮ੍ਹਾ ਕਰਵਾਉਣੀ ਹੋਵੇਗੀ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…