nabaz-e-punjab.com

ਸਾਲਾਨਾ ਪ੍ਰੀਖਿਆ: ਪੰਜਾਬ ਵਿੱਚ ਦਸਵੀਂ ਦੇ 19 ਅਤੇ ਬਾਰ੍ਹਵੀਂ ਦੇ 26 ਨਕਲ ਦੇ ਕੇਸ ਫੜੇ

ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ, 12 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਸ਼੍ਰੇਣੀ ਦੀ ਅੱਜ ਪ੍ਰੀਖਿਆ ਸ਼ੁਰੂ ਹੋ ਗਈ ਹੈ ਅਤੇ ਬਾਰਡਰ ਏਰੀਆ ਵਿੱਚ ਨਕਲ ਦਾ ਰੁਝਾਨ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਪਹਿਲੇ ਦਿਨ ਅੰਗਰੇਜ਼ੀ ਦਾ ਪੇਪਰ ਲਿਆ ਗਿਆ ਅਤੇ ਇਸ ਦੌਰਾਨ 19 ਨਕਲ ਦੇ ਕੇਸ ਮਿਲੇ ਹਨ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਦਸਵੀਂ ਦੀ ਪ੍ਰੀਖਿਆ ਦੇ ਮੱਦੇਨਜ਼ਰ ਸਰਕਾਰੀ, ਓਪਨ ਸਕੂਲ ਅਤੇ ਪ੍ਰਾਈਵੇਟ ਤੌਰ ’ਤੇ ਪ੍ਰੀਖਿਆ ਵਿੱਚ ਲਗਭਗ 3 ਲੱਖ 80 ਹਜ਼ਾਰ 785 ਵਿਦਿਆਰਥੀ ਅਪੀਅਰ ਹੋਏ। ਇਸ ਸਬੰਧੀ ਪੰਜਾਬ ਭਰ ਵਿੱਚ 2411 ਰੈਗੂਲਰ ਅਤੇ 163 ਓਪਨ ਸਕੂਲ ਵਿੱਚ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਅੱਜ ਦੀ ਪ੍ਰੀਖਿਆ ਦੌਰਾਨ ਵੱਖ ਵੱਖ ਉਡਣ ਦਸਤਿਆਂ ਵੱਲੋਂ ਟੀਮਾਂ ਬਣਾ ਕੇ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਤਰਨ ਤਾਰਨ ਵਿੱਚ 8 ਅਤੇ ਜ਼ਿਲ੍ਹਾ ਫਾਜ਼ਿਲਕਾ ਵਿੱਚ 8, ਫਿਰੋਜ਼ਪੁਰ, ਮੋਗਾ ਅਤੇ ਰੂਪਨਗਰ ਵਿੱਚ ਇੱਕ-ਇੱਕ ਨਕਲ ਦਾ ਕੇਸ ਸਾਹਮਣੇ ਆਇਆ ਹੈ।
ਇਸੇ ਤਰ੍ਹਾਂ ਅੱਜ ਬਾਰ੍ਹਵੀਂ ਸ਼੍ਰੇਣੀ ਇਤਿਹਾਸ, ਕੈਮਿਸਟਰੀ, ਬਿਜ਼ਨਸ ਇਕਨਾਮਿਕਸ ਐਂਡ ਕੁਐਂਟੀਟੇਟਿਵ ਮੈਥਡਸ ਅਤੇ ਵੋਕੇਸ਼ਨਲ ਗਰੁੱਪ ਦੇ ਵਿਸ਼ਿਆਂ ਦੀ ਪ੍ਰੀਖਿਆ ਦਾ ਅਮਲ ਸਮੁੱਚੇ ਪੰਜਾਬ ਵਿੱਚ ਸੁਚਾਰੂ ਪ੍ਰਬੰਧਾਂ ਅਧੀਨ ਸੁੱਖੀ ਸਾਂਦੀ ਨੇਪਰੇ ਚੜ੍ਹ ਗਿਆ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਅੱਜ 1811 ਪ੍ਰੀਖਿਆ ਕੇਂਦਰਾਂ ਵਿੱਚ 2 ਲੱਖ 44 ਹਜ਼ਾਰ 079 ਰੈਗੂਲਰ ਅਤੇ 17 ਹਜ਼ਾਰ 853 ਓਪਨ ਸਕੂਲ ਦੇ ਵਿਦਿਆਰਥੀ ਅਪੀਅਰ ਹੋਏ। ਇਸ ਦੌਰਾਨ ਉਡਣ ਦਸਤਿਆਂ ਦੀਆਂ ਟੀਮਾਂ ਵੱਲੋਂ ਬਾਰਡਰ ਏਰੀਆ ਦੇ ਪਿੰਡਾਂ ਸਮੇਤ ਹੋਰ ਵੱਖ ਵੱਖ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ 5, ਬਠਿੰਡਾ ਵਿੱਚ 4, ਫਿਰੋਜ਼ਪੁਰ ਵਿੱਚ 2, ਗੁਰਦਾਸਪੁਰ ਵਿੱਚ 3, ਕਪੂਰਥਲਾ ਵਿੱਚ 1, ਲੁਧਿਆਣਾ ਵਿੱਚ 6, ਮੋਗਾ ਵਿੱਚ 2, ਜ਼ਿਲ੍ਹਾ ਤਰਨ ਤਾਰਨ ਵਿੱਚ 3 ਨਕਲ ਦੇ ਕੇਸ ਸਾਹਮਣੇ ਆਏ ਹਨ।
ਇਸ ਮੌਕੇ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਕਿਹਾ ਕਿ ਨਕਲ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨਕਲ ਨੂੰ ਲੈ ਕੇ ਕਾਫੀ ਗੰਭੀਰ ਹਨ। ਉਨ੍ਹਾਂ ਦੱਸਿਆ ਕਿ ਬਾਰਡਰ ਏਰੀਆ ਵਿੱਚ ਉੱਡਣ ਦਸਤਿਆਂ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਕਈ ਇਲਾਕਿਆਂ ਵਿੱਚ ਲੋੜ ਅਨੁਸਾਰ ਪ੍ਰੀਖਿਆ ਕੇਂਦਰਾਂ ਵਿੱਚ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਪ੍ਰੀਖਿਆ ਕੇਂਦਰਾਂ ਦੇ ਨੇੜੇ ਧਾਰਾ 144 ਲਗਾਉਣ ਅਤੇ ਚੌਕਸੀ ਵਧਾਉਣ ਲਈ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਅਗਾਊਂ ਪੱਤਰ ਲਿਖ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪ੍ਰੀਖਿਆ ਬਿਲਕੁਲ ਭੈਅ ਰਹਿਤ ਤੇ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਵੇਗੀ। ਉਨ੍ਹਾਂ ਇਹ ਵੀ ਸਪੱਸ਼ਟ ਆਖਿਆ ਕਿ ਪ੍ਰੀਖਿਆ ਡਿਊਟੀ ਵਿੱਚ ਲਾਪਰਵਾਹੀ ਅਤੇ ਨਕਲ ਕਰਵਾਉਣ ਵਾਲੇ ਅਮਲੇ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ। ਕਈ ਇਲਾਕਿਆਂ ਵਿੱਚ ਲੋੜ ਅਨੁਸਾਰ ਪ੍ਰੀਖਿਆ ਕੇਂਦਰਾਂ ਵਿੱਚ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਪ੍ਰੀਖਿਆ ਕੇਂਦਰਾਂ ਦੇ ਨੇੜੇ ਧਾਰਾ 144 ਲਗਾਉਣ ਅਤੇ ਚੌਕਸੀ ਵਧਾਉਣ ਲਈ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਅਗਾਊਂ ਪੱਤਰ ਲਿਖ ਦਿੱਤਾ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…