Nabaz-e-punjab.com

ਸਾਲਾਨਾ ਪ੍ਰੀਖਿਆਵਾਂ: ਪੜ੍ਹੇ ਲਿਖੇ ਮੁਲਾਜ਼ਮਾਂ ਤੋਂ ਮਜ਼ਦੂਰੀ ਦਾ ਕੰਮ ਲੈਣ ਦਾ ਮਾਮਲਾ ਭਖਿਆ

ਮੁਲਾਜ਼ਮ ਜਥੇਬੰਦੀ ਨੇ ਸ਼ੋਸ਼ਣ ਦਾ ਮੁੱਦਾ ਚੁੱਕਿਆ, ਸਿੱਖਿਆ ਸਕੱਤਰ ਕਮ ਬੋਰਡ ਦੇ ਚੇਅਰਮੈਨ ਨੂੰ ਲਿਖਿਆ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਜਾ ਰਹੀਆਂ ਸਾਲਾਨਾ ਪ੍ਰੀਖਿਆਵਾਂ ਦੇ ਮੱਦੇਨਜ਼ਰ ਮੁੱਖ ਦਫ਼ਤਰ ਵਿੱਚ ਕੰਮ ਕਰ ਰਹੇ ਪੜ੍ਹੇ-ਲਿਖੇ ਦਿਹਾੜੀਦਾਰ ਮੁਲਾਜ਼ਮਾਂ ਤੋਂ ਗੁਪਤ ਸ਼ਾਖਾ ਅਤੇ ਕੰਡਕਟ ਸ਼ਾਖਾ ਵਿੱਚ ਦਿਨ ਰਾਤ ਮਜ਼ਦੂਰੀ ਦਾ ਕੰਮ ਲਿਆ ਜਾ ਰਿਹਾ ਹੈ ਅਤੇ ਮਹਿਲਾ ਕਰਮਚਾਰਨਾਂ ਅਤੇ ਵੱਡੀ ਉਮਰ ਦੇ ਕਰਮਚਾਰੀ 25 ਤੋਂ 30 ਕਿੱਲੋ ਵਜਨ ਦੇ ਬੰਡਲ ਚੁੱਕਣ ਲਈ ਮਜਬੂਰ ਹਨ। ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਨੇ ਇਸ ਕਾਰਵਾਈ ਦਾ ਗੰਭੀਰ ਨੋਟਿਸ ਲੈਂਦਿਆਂ ਦਫ਼ਤਰ ਵਿੱਚ ਸੀਜ਼ਨਲ ਮਜਦੂਰ ਰੱਖਣ ਲਈ ਵੱਖ ਵੱਖ ਬ੍ਰਾਂਚਾਂ ਵਿੱਚ ਜਾ ਕੇ ਮੁਲਾਜ਼ਮਾਂ ਕੋਲੋਂ ਚੰਦਾ ਇਕੱਠਾ ਕਰਕੇ ਰੋਸ ਪ੍ਰਗਟਾਇਆ ਤਾਂ ਜੋ ਇਕੱਠੀ ਹੋਈ ਰਾਸ਼ੀ ਨਾਲ ਬਾਹਰੋਂ ਰੱਖੀ ਲੇਬਰ ਨੂੰ ਅਦਾਇਗੀ ਕੀਤੀ ਜਾ ਸਕੇ। ਮੁਲਾਜ਼ਮ ਜਥੇਬੰਦੀ ਨੇ ਬੋਰਡ ਮੈਨੇਜਮੈਂਟ ਨੂੰ ਅਪੀਲ ਕੀਤੀ ਕਿ ਪ੍ਰੀਖਿਆਵਾਂ ਦੇ ਕੰਮ ਨੂੰ ਧਿਆਨ ਵਿੱਚ ਰੱਖਦਿਆਂ ਪਹਿਲਾਂ ਵਾਂਗ ਬਾਹਰੋਂ ਆਰਜ਼ੀ ਲੇਬਰ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਪ੍ਰੀਖਿਆ ਸ਼ਾਖਾਵਾਂ ਦਾ ਕੰਮ ਪ੍ਰਭਾਵਿਤ ਨਾ ਹੋਵੇ, ਨਾ ਹੀ ਲੋਕ ਖੱਜਲ-ਖੁਆਰ ਹੋਣ। ਇਸ ਤਰ੍ਹਾਂ ਕਰਨ ਨਾਲ ਦਿਹਾੜੀਦਾਰ ਮੁਲਾਜ਼ਮਾਂ ਦਾ ਸੋਸ਼ਣ ਵੀ ਬੰਦ ਹੋਵੇਗਾ।
ਆਗੂਆਂ ਨੇ ਇਨ੍ਹਾਂ ਕਰਮਚਾਰੀਆਂ ਦੀ ਗੁਪਤ ਸ਼ਾਖਾ ਵਿੱਚ ਡਿਊਟੀ ਕਾਰਨ ਦਫ਼ਤਰ ਦੀਆਂ ਬਾਕੀ ਸ਼ਾਖਾਵਾਂ ਦਾ ਕੰਮ ਪ੍ਰਭਾਵਿਤ ਹੋ ਗਿਆ ਹੈ। ਕਿਉਂਕਿ ਪ੍ਰੀਖਿਆ ਸ਼ਾਖਾਵਾਂ ਵਿੱਚ ਰੈਗੂਲਰ ਅਤੇ ਦਿਹਾੜੀਦਾਰ ਕਰਮਚਾਰੀ ਕੰਮ ਚਲਾਉਂਦੇ ਹਨ। ਰੈਗੂਲਰ ਕਰਮਚਾਰੀਆਂ ਦੀਆਂ ਫੀਲਡ ਵਿੱਚ ਪ੍ਰਸ਼ਨ-ਪੱਤਰ ਵੰਡਣ ਅਤੇ ਉੱਤਰ-ਪੱਤਰੀਆਂ ਲੈ ਕੇ ਆਉਣ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ। ਦਿਹਾੜੀਦਾਰ ਕਰਮਚਾਰੀਆਂ ਨੂੰ ਗੁਪਤ ਸ਼ਾਖਾ ਵਿੱਚ ਤਬਦੀਲ ਕਰਨ ਨਾਲ ਸੀਟਾਂ ਦਾ ਕੰਮ ਬੰਦ ਹੋ ਗਿਆ ਹੈ। ਜਿਸ ਕਾਰਨ ਖੇਤਰ ’ਚੋਂ ਸੈਂਕੜੇ ਕਿੱਲੋਮੀਟਰ ਤਹਿ ਕਰਕੇ ਆ ਰਹੇ ਲੋਕ ਖੱਜਲ ਖੁਆਰ ਹੋ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਰਮਚਾਰੀ ਐਸੋਸੀਏਸ਼ਨ ਵੱਲੋਂ ਬੀਤੀ 5 ਮਾਰਚ ਨੂੰ ਲਿਖਤੀ ਰੂਪ ਵਿੱਚ ਚੇਅਰਮੈਨ ਨੂੰ ਲੇਬਰ ਸਬੰਧੀ ਆ ਰਹੀ ਸਮੱਸਿਆ ਬਾਰੇ ਪੱਤਰ ਲਿਖਿਆ ਸੀ। ਚੇਅਰਮੈਨ ਨੇ ਭਰੋਸਾ ਦਿੱਤਾ ਸੀ ਕਿ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਸੋਮਵਾਰ ਨੂੰ ਜਥੇਬੰਦੀ ਦੇ ਧਿਆਨ ਵਿੱਚ ਆਇਆ ਕਿ ਮੈਨੇਜਮੈਂਟ ਵੱਲੋਂ ਸ਼ੀਜਨਲ ਲੇਬਰ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਇਸ ਸਾਲ ਬੋਰਡ ਵੱਲੋਂ ਪੰਜਵੀਂ ਅਤੇ ਅੱਠਵੀਂ ਦੀਆਂ ਪ੍ਰੀਖਿਆਵਾਂ ਕਾਰਨ ਦਫ਼ਤਰੀ ਕਰਮਚਾਰੀਆਂ ’ਤੇ ਕੰਮ ਦਾ ਬੋਝ ਕਾਫ਼ੀ ਵੱਧ ਗਿਆ ਹੈ। ਕਰਮਚਾਰੀ ਐਸੋਸ਼ੀਏਸਨ ਵੱਲੋਂ ਇੱਕ ਦਿਨ ਲਈ ਲੇਬਰ ਦਾ ਆਰਜ਼ੀ ਪ੍ਰਬੰਧ ਆਪਣੇ ਪੱਧਰ ’ਤੇ ਕੀਤਾ ਗਿਆ ਹੈ ਤਾਂ ਜੋ ਬੋਰਡ ਦੇ ਦਿਹਾੜੀਦਾਰ ਮੁਲਾਜ਼ਮਾਂ ਨੂੰ ਰਾਹਤ ਮਿਲ ਸਕੇ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…