
ਸਰਕਾਰੀ ਆਈਟੀਆਈ ਵਿੱਚ ਸਾਲਾਨਾ ਪ੍ਰੀਖਿਆਵਾਂ ਸ਼ੁਰੂ
ਨਕਲ ਰਹਿਤ ਪ੍ਰੀਖਿਆ ਯਕੀਨੀ ਬਣਾਉਣ ਲਈ ਸੀਸੀਟੀਵੀ ਕੈਮਰੇ ਲਗਾਏ: ਪ੍ਰਿੰਸੀਪਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ:
ਸਰਕਾਰੀ ਆਈਟੀਆਈ (ਲੜਕੀਆਂ) ਫੇਜ਼-5 ਵਿੱਚ ਵੱਖ-ਵੱਖ ਟਰੇਡਾਂ ਦੀ ਅੱਜ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋ ਗਈ ਹੈ। ਇਸ ਦੌਰਾਨ ਨਕਲ ਰਹਿਤ ਪ੍ਰੀਖਿਆ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵੱਲੋਂ ਪ੍ਰੀਖਿਆ ਕੇਂਦਰ ਦੇ ਅੰਦਰ ਅਤੇ ਬਾਹਰ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਹ ਜਾਣਕਾਰੀ ਆਈਟੀਆਈ ਦੇ ਪ੍ਰਿੰਸੀਪਲ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਸ਼ਮਸ਼ੇਰ ਪੁਰਖਾਲਵੀ ਨੇ ਮੀਡੀਆ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਵੱਖ-ਵੱਖ ਪ੍ਰੋਗਰਾਮਾਂ ਅਧੀਨ ਇਲੈਕਟ੍ਰੋਨਿਕਸ, ਕੰਪਿਊਟਰ, ਇਨਫਰਮੇਸ਼ਨ ਟੈਕਨਾਲੋਜੀ, ਡਰਾਫਟਸਮੈਨ ਸਿਵਲ, ਅੰਗਰੇਜ਼ੀ ਸਟੈਨੋ, ਡਰਾਫਟਸਮੈਨ ਮਕੈਨੀਕਲ, ਸਿਲਾਈ-ਕਟਾਈ, ਪੰਜਾਬੀ ਸਟੈਨੋ, ਬਿਊਟੀ ਪਾਰਲਰ, ਕੰਪਿਊਟਰ ਹਾਰਡਵੇਅਰ ਅਤੇ ਫੈਸ਼ਨ ਡਿਜ਼ਾਇਨਿੰਗ ਕੋਰਸ ਚਲਾਏ ਜਾ ਰਹੇ ਹਨ। ਰਾਜ ਪੱਧਰੀ ਕੋਰਸਾਂ ਲਈ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਵੱਲੋਂ ਲਿਖਤੀ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ ਜਦਕਿ ਨੈਸ਼ਨਲ ਪੱਧਰੀ ਕੋਰਸਾਂ ਲਈ ਸੀਬੀਟੀ ਪ੍ਰੀਖਿਆ ਲਈ ਜਾ ਰਹੀ ਹੈ।
ਸ੍ਰੀ ਪੁਰਖਾਲਵੀ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਤਮਾਮ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਸਿੱਖਿਆਰਥੀ ਸਰਕਾਰੀ ਆਈਟੀਆਈ (ਲੜਕੀਆਂ) ਮੁਹਾਲੀ ਵਿੱਚ ਪ੍ਰੀਖਿਆ ਦੇਣ ਲਈ ਹਾਜ਼ਰ ਹੁੰਦੇ ਹਨ। ਜਿਨ੍ਹਾਂ ਲਈ ਸੰਸਥਾ ਵੱਲੋਂ ਹਰ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਕਲ ਰਹਿਤ ਪ੍ਰੀਖਿਆ ਯਕੀਨੀ ਬਣਾਉਣ ਲਈ ਸੰਸਥਾ ਦੇ ਹਰ ਪ੍ਰੀਖਿਆ ਹਾਲ ਵਿੱਚ ਵੱਡੀ ਗਿਣਤੀ ਵਿੱਚ ਸੀਸੀਟੀਵੀ ਕੈਮਰੇ ਲਗਵਾਏ ਗਏ ਹਨ। ਜਿਨ੍ਹਾਂ ਦਾ ਸਬੰਧ ਸਿੱਧੇ ਤੌਰ ’ਤੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਅਤੇ ਕੰਟਰੋਲਰ ਪ੍ਰੀਖਿਆਵਾਂ ਨਾਲ ਜੋੜਿਆ ਗਿਆ ਹੈ ਤਾਂ ਜੋ ਲੋੜ ਪੈਣ ’ਤੇ ਪੰਜਾਬ ਦੀ ਕਿਸੇ ਵੀ ਸੰਸਥਾ ਦੀ ਨਿਗਰਾਨੀ ਕੀਤੀ ਜਾ ਸਕੇ।