
ਸੂਖਮ ਯੋਜਨਾਬੰਦੀ ਕਰਕੇ ਵਿਦਿਆਰਥੀਆਂ ਦੀ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਸਕੂਲ ਮੁਖੀ: ਕ੍ਰਿਸ਼ਨ ਕੁਮਾਰ
ਮਿਸ਼ਨ ਸ਼ਤ-ਪ੍ਰਤੀਸ਼ਤ 2021 ਲਈ ਅੰਕੜਾ ਵਿਸ਼ਲੇਸ਼ਣ ਕਰਕੇ ਸਕੂਲਾਂ ਨੂੰ ਅਗਵਾਈ ਦੇਣ ’ਤੇ ਜ਼ੋਰ
ਸਿੱਖਿਆ ਸਕੱਤਰ ਨੇ ਜ਼ਿਲ੍ਹਾ ਮੁਹਾਲੀ ਦੇ ਜ਼ਿਲ੍ਹਾ ਤੇ ਬਲਾਕ ਮੈਂਟਰਾਂ ਨਾਲ ਕੀਤੀ ਅਹਿਮ ਮੀਟਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜਨਵਰੀ:
ਮਿਸ਼ਨ ਸ਼ਤ-ਪ੍ਰਤੀਸ਼ਤ 2021 ਵਿੱਚ ਸਾਰੇ ਵਿਦਿਆਰਥੀ ਪਾਸ ਹੋਣ, 90 ਫੀਸਦੀ ਅੰਕ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧੇ ਅਤੇ ਵੇਟੇਡ ਐਵਰੇਜ਼ ਵਿੱਚ ਵਧੀਆ ਸੁਧਾਰ ਹੋਵੇ ਦੇ ਮੰਤਵ ਨਾਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਅੱਜ ਜ਼ਿਲ੍ਹਾ ਮੁਹਾਲੀ ਦੇ ਪ੍ਰਿੰਸੀਪਲ ਮੈਂਟਰਾਂ, ਵੱਖ-ਵੱਖ ਵਿਸ਼ਿਆਂ ਦੇ ਜ਼ਿਲ੍ਹਾ ਮੈਂਟਰਾਂ, ਬਲਾਕ ਮੈਂਟਰਾਂ, ਬਲਾਕ ਨੋਡਲ ਅਫ਼ਸਰਾਂ, ਸਿੱਖਿਆ ਸੁਧਾਰ ਟੀਮ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦਾ ਆਯੋਜਨ ਪੰਜਾਬ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ1 ਵਿਖੇ ਕੀਤਾ ਗਿਆ। ਇਸ ਮੌਕੇ ਸਹਾਇਕ ਡਾਇਰੈਕਟਰ (ਟਰੇਨਿੰਗਾਂ) ਸ਼ਲਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਿੰਮਤ ਸਿੰਘ ਹੁੰਦਲ ਵੀ ਮੌਜੂਦ ਸਨ।
ਸਿੱਖਿਆ ਸਕੱਤਰ ਨੇ ਸਮੂਹ ਜ਼ਿਲ੍ਹਾ ਅਤੇ ਬਲਾਕ ਮੈਂਟਰਾਂ ਨੂੰ ‘ਮਿਸ਼ਨ ਸ਼ਤ-ਪ੍ਰਤੀਸ਼ਤ’ ਮੁਹਿੰਮ ਤਹਿਤ ਹਰ ਬੱਚੇ ਦੀ ਕਾਰਗੁਜ਼ਾਰੀ ਦਾ ਮਾਈਕਰੋ ਵਿਸ਼ਲੇਸ਼ਣ ਕਰਕੇ ਆਪਣੀ ਯੋਜਨਾਬੰਦੀ ਕਰਕੇ ਆਪਣੀ ਪੂਰੀ ਵਾਹ ਲਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਸਾਲਾਨਾ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਸ਼ਾਨਦਾਰ ਬਣਾਇਆ ਜਾ ਸਕੇ। ਇਸ ਮੀਟਿੰਗ ਵਿੱਚ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਰਾਹੀਂ ਦਸੰਬਰ ਟੈਸਟਾਂ ਵਿੱਚ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਵਿਸ਼ਲੇਸ਼ਣ ਕਰਦਿਆਂ ਮਹੱਤਵਪੂਰਨ ਨੁਕਤਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ਪ੍ਰਿੰਸੀਪਲ ਸੁਖਵਿੰਦਰ ਕੌਰ ਧਾਲੀਵਾਲ ਨੇ ਸਮੂਹ ਟੀਮਾਂ ਨੂੰ ਜੀ ਆਇਆਂ ਕਿਹਾ। ਇਸ ਮੀਟਿੰਗ ਵਿੱਚ ਜ਼ਿਲ੍ਹਾ ਦੇ ਨੋਡਲ ਅਫ਼ਸਰ ਸੁਰਿੰਦਰ ਪਾਲ ਕੌਰ ਹੀਰਾ, ਡਾ. ਹਰਪਾਲ ਸਿੰਘ ਸਟੇਟ ਕੋਆਰਡੀਨੇਟਰ ਪੰਜਾਬੀ ਅਤੇ ਹਿੰਦੀ, ਕੁਲਦੀਪ ਸਿੰਘ ਡੀਐੱਸਐੱਮ, ਸੰਜੀਵ ਭਾਰਦਵਾਜ ਜ਼ਿਲ੍ਹਾ ਮੈਂਟਰ ਕੋਆਰਡੀਨੇਟਰ, ਬਲਦੇਵ ਸਿੰਘ ਸੰਧੂ ਹਿਊਮੈਨਟੀਜ਼ ਸਟੇਟ ਰਿਸੋਰਸ ਪਰਸਨ, ਡਾ. ਭੁਪਿੰਦਰ ਸਿੰਘ ਹਿਸਟਰੀ ਸਟੇਟ ਰਿਸੋਰਸ ਪਰਸਨ, ਰਵਿੰਦਰ ਸੇਖੋਂ ਜ਼ਿਲ੍ਹਾ ਮੈਂਟਰ ਸਾਇੰਸ, ਸੁਰਜੀਤ ਕੁਮਾਰ ਜ਼ਿਲ੍ਹਾ ਮੈਂਟਰ ਅੰਗਰੇਜ਼ੀ, ਹਰਨੇਕ ਸਿੰਘ ਜ਼ਿਲ੍ਹਾ ਮੈਂਟਰ ਪੰਜਾਬੀ, ਕਮਲ ਜੋਸ਼ੀ ਜ਼ਿਲ੍ਹਾ ਮੈਂਟਰ ਹਿੰਦੀ ਅਤੇ ਵੱਖ-ਵੱਖ ਬਲਾਕਾਂ ਤੋਂ ਬਲਾਕ ਮੈਂਟਰ ਅਤੇ ਬਲਾਕ ਨੋਡਲ ਅਫ਼ਸਰ ਵੀ ਮੌਜੂਦ ਸਨ।