nabaz-e-punjab.com

ਪੰਜਾਬ ਵਿੱਚ ਬਾਰ੍ਹਵੀਂ ਤੇ ਅੱਠਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਿੰਮਤ ਸਿੰਘ ਹੁੰਦਲ ਨੇ ਕੀਤੀ ਚੈਕਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਾਰਚ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਜਾਣ ਵਾਲੀਆਂ ਬਾਰ੍ਹਵੀਂ ਅਤੇ ਅੱਠਵੀਂ ਸ਼੍ਰੇਣੀ ਦੀਆਂ ਸਾਲਾਨਾ ਪ੍ਰੀਖਿਆਵਾਂ ਅੱਜ ਸ਼ੁਰੂ ਹੋ ਗਈਆਂ। ਸ਼ਾਮ ਦੇ ਸੈਸ਼ਨ ਵਿੱਚ ਹੋਈ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੌਰਾਨ ਪੂਰੇ ਪੰਜਾਬ ’ਚੋਂ ਨਕਲ ਦਾ ਇਕ ਕੇਸ ਫੜਿਆ ਗਿਆ ਹੈ। ਜਿਸ ਵਿੱਚ ਸਬੰਧਤ ਵਿਦਿਆਰਥੀ ਦੀ ਥਾਂ ਕੋਈ ਹੋਰ ਵਿਅਕਤੀ ਪ੍ਰੀਖਿਆ ਦਿੰਦਾ ਕਾਬੂ ਕੀਤਾ ਗਿਆ ਹੈ। ਜਦੋਂਕਿ ਸਵੇਰ ਦੇ ਸੈਸ਼ਨ ਵਿੱਚ ਹੋਈ ਅੱਠਵੀਂ ਸ਼ੇ੍ਰਣੀ ਦੀ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਦੌਰਾਨ ਨਕਲ ਜਾਂ ਹੋਰ ਕਿਸੇ ਤਰ੍ਹਾਂ ਦੀ ਕੋਤਾਹੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਸਮੇਤ ਜ਼ਿਲ੍ਹਾ ਸਿੱਖਿਆ ਅਫ਼ਸਰ ਹਿੰਮਤ ਸਿੰਘ ਹੁੰਦਲ ਨੇ ਵੱਖ ਵੱਖ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਵਿਦਿਆਰਥੀਆਂ ਅਤੇ ਪ੍ਰੀਖਿਆ ਕੇਂਦਰ ਦੇ ਸਟਾਫ਼ ਨਾਲ ਵੀ ਗੱਲਬਾਤ ਕੀਤੀ।
ਸ਼ਾਮ ਦੇ ਸੈਸ਼ਨ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਪੰਜਾਬੀ ਲਾਜ਼ਮੀਂ ਦੀ ਪ੍ਰੀਖਿਆ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਿਆਰਾਂ (ਸ੍ਰੀ ਮੁਕਤਸਰ ਸਾਹਿਬ) ਦੇ ਪ੍ਰੀਖਿਆ ਕੇਂਦਰ ਵਿੱਚ ਇਕ ਬਾਹਰੀ ਵਿਅਕਤੀ ਅਸਲ ਪ੍ਰੀਖਿਆਰਥੀ ਦੀ ਥਾਂ ਪ੍ਰੀਖਿਆ ਦਿੰਦਾ ਫੜਿਆ ਗਿਆ ਹੈ। ਇਸ ਸਬੰਧੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਬੰਧਤ ਵਿਅਕਤੀ ਖ਼ਿਲਾਫ਼ ਪੁਲੀਸ ਰਿਪੋਰਟ ਦਰਜ ਕਰਵਾਈ ਗਈ ਹੈ।
ਉਧਰ, ਸਿੱਖਿਆ ਸਕੱਤਰ-ਕਮ-ਸਕੂਲ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਨੇ ਮੁਹਾਲੀ ਸਮੇਤ ਤਿੰਨ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਦਾ ਦੌਰਾ ਕਰਕੇ ਵੱਖ ਵੱਖ ਪ੍ਰੀਖਿਆ ਕੇਂਦਰਾਂ ਦਾ ਜਾਇਜ਼ਾ ਲਿਆ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੇਰ ਸ਼ਾਮ ਦੱਸਿਆ ਕਿ ਸਿੱਖਿਆ ਸਕੱਤਰ ਨੇ ਅੱਜ ਹਰਦੋਝੰਡੇ ਕੇ, ਸ਼ੇਖੁਪੁਰ, ਅਬਦਾਲ, ਕੱਥੂਨੰਗਲ, ਅਟਾਰੀ, ਗੰਢੀਵਿੰਡ, ਝਬਾਲ, ਖੇਮਕਰਨ, ਭੂਰਾ ਕੋਨਾ, ਵਲਟੋਹਾ ਅਤੇ ਸੁਰ ਸਿੰਘ ਸਮਾਰਟ ਸਕੂਲਾਂ ਵਿੱਚ ਅੱਠਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਬਣਾਏ ਗਏ ਪ੍ਰੀਖਿਆ ਕੇਂਦਰਾਂ ਦਾ ਜਾਇਜ਼ਾ ਲਿਆ ਅਤੇ ਪ੍ਰੀਖਿਆਵਾਂ ਪ੍ਰਬੰਧਾਂ ’ਤੇ ਤਸੱਲੀ ਪ੍ਰਗਟ ਕਰਦਿਆਂ ਸਿੱਖਿਆ ਬੋਰਡ ਅਤੇ ਪ੍ਰੀਖਿਆ ਅਮਲੇ ਦੀ ਹੌਸਲਾ ਅਫਜਾਈ ਕੀਤੀ। ਇਸੇ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਹਿੰਮਤ ਸਿੰਘ ਹੁੰਦਲ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਘੜੂੰਆਂ ਅਤੇ ਸਕਰੂਲਾਂਪੁਰ ਸਕੂਲ ਵਿੱਚ ਬਣੇ ਪ੍ਰੀਖਿਆ ਕੇਂਦਰ ਦਾ ਦੌਰਾ ਕਰਕੇ ਜਾਇਜ਼ਾ ਲਿਆ ਅਤੇ ਪ੍ਰੀਖਿਆ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਨੇ ਪ੍ਰੀਖਿਆ ਕੇਂਦਰਾਂ ਵਿੱਚ ਤਾਇਨਾਤ ਅਮਲਾ ਅਤੇ ਪ੍ਰੀਖਿਆਰਥੀਆਂ ਨਾਲ ਵੀ ਗੱਲ ਕੀਤੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…