ਸਾਲਾਨਾ ਪ੍ਰੀਖਿਆਵਾਂ: ਉਡਣ ਦਸਤਿਆਂ ਵੱਲੋਂ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ
ਸਾਲਾਨਾ ਪ੍ਰੀਖਿਆਵਾਂ ਨਕਲ ਰਹਿਤ ਕਰਵਾਉਣ ’ਤੇ ਜ਼ੋਰ
ਨਬਜ਼-ਏ-ਪੰਜਾਬ, ਮੁਹਾਲੀ, 28 ਫਰਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਜਾ ਰਹੀਆਂ ਅੱਠਵੀਂ ਅਤੇ ਬਾਰ੍ਹਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਸਬੰਧੀ ਅੱਜ ਉਡਣ ਦਸਤਿਆਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਮੁਹਾਲੀ ਸਮੇਤ ਪੰਜਾਬ ਭਰ ਅੰਦਰ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਚੈਕਿੰਗ ਕੀਤੀ। ਸਿੱਖਿਆ ਬੋਰਡ ਦੇ ਉਪ ਸਕੱਤਰ ਗੁਰਤੇਜ ਸਿੰਘ ਦੀ ਅਗਵਾਈ ਟੀਮ ਨੇ ਸ਼ੁੱਕਰਵਾਰ ਨੂੰ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਪ੍ਰੀਖਿਆ ਅਮਲੇ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਅੱਠਵੀਂ ਜਮਾਤ ਲਈ ਕਰੀਬ ਤਿੰਨ ਲੱਖ ਅਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿੱਚ ਕੁੱਲ 2,72,105 ਵਿਦਿਆਰਥੀ ਅਤੇ ਸੀਨੀਅਰ ਸੈਕੰਡਰੀ ਓਪਨ ਸਕੂਲ ਪ੍ਰੀਖਿਆ ਵਿੱਚ 13,363 ਵਿਦਿਆਰਥੀ ਪ੍ਰੀਖਿਆ ਦੇ ਰਹੇ ਹਨ ਜਦੋਂਕਿ 10 ਮਾਰਚ ਤੋਂ ਸ਼ੁਰੂ ਹੋਣ ਵਾਲੀ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ 2,84,658 ਵਿਦਿਆਰਥੀ ਅਤੇ ਓਪਨ ਸਕੂਲ ਪ੍ਰੀਖਿਆ ਵਿੱਚ 9,877 ਵਿਦਿਆਰਥੀ ਅਪੀਅਰ ਹੋਣਗੇ।
ਉਪ ਸਕੱਤਰ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲਾਨਾ ਪ੍ਰੀਖਿਆਵਾਂ ਨਕਲ ਰਹਿਣ ਕਰਵਾਉਣ 278 ਉੱਡਣ ਦਸਤੇ ਬਣਾਏ ਗਏ ਹਨ ਅਤੇ ਹਰੇਕ ਟੀਮ ਵਿੱਚ ਤਿੰਨ ਮੈਂਬਰ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਲਾਨਾ ਪ੍ਰੀਖਿਆਵਾਂ ਸਬੰਧੀ ਪੰਜਾਬ ਭਰ ਵਿੱਚ 2579 ਪ੍ਰੀਖਿਆ ਕੇਂਦਰਾਂ ਸਥਾਪਿਤ ਕੀਤੇ ਗਏ। ਸਾਲਾਨਾ ਪ੍ਰੀਖਿਆਵਾਂ ਨੂੰ ਸੁਚਾਰੂ ਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ 2579 ਸੁਪਰਡੈਂਟ ਅਤੇ 3269 ਡਿਪਟੀ ਸੁਪਰਡੈਂਟ ਨਿਯੁਕਤ ਕੀਤੇ ਗਏ ਹਨ। ਪ੍ਰੀਖਿਆਵਾਂ ਦੀ ਨਿਗਰਾਨੀ ਲਈ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਕੰਟਰੋਲ ਰੂਮ (0172-5227136, 137,138) ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸੇ ਪਾਸਿਓਂ ਨਕਲ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਅਤੇ ਇਸ ਵਾਰ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਸਰਹੱਦੀ ਇਲਾਕਿਆਂ ਦੇ ਪ੍ਰੀਖਿਆ ਕੇਂਦਰਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।