ਸਾਲਾਨਾ ਪ੍ਰੀਖਿਆਵਾਂ ਸਿਰ ’ਤੇ: ਸਰਕਾਰੀ ਸਕੂਲਾਂ ’ਚ ਹਾਲੇ ਤੱਕ ਨਹੀਂ ਪੁੱਜੀਆਂ ਭੂਗੋਲ ਵਿਸ਼ੇ ਦੀਆਂ ਕਿਤਾਬਾਂ

ਜੌਗਰਫ਼ੀ ਟੀਚਰਜ਼ ਯੂਨੀਅਨ ਦੇ ਵਫ਼ਦ ਨੇ ਸਿੱਖਿਆ ਬੋਰਡ ਦੇ ਚੇਅਰਮੈਨ ਨਾਲ ਕੀਤੀ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਦਸੰਬਰ:
ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਦੇ ਵਫ਼ਦ ਨੇ ਅੱਜ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸੁਖੀ ਦੀ ਅਗਵਾਈ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਜ਼ਿਆਦਾਤਰ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 11ਵੀਂ ਅਤੇ 12ਵੀਂ ਸ਼੍ਰੇਣੀ ਦੇ ਭੂਗੋਲ (ਜੌਗਰਫ਼ੀ) ਵਿਸ਼ਾ ਪੜ੍ਹ ਰਹੇ ਵਿਦਿਆਰਥੀਆਂ ਨੂੰ ਸਿੱਖਿਆ ਬੋਰਡ ਵੱਲੋਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਪੁਸਤਕਾਂ ਹਾਲੇ ਤੱਕ ਨਾ ਪੁੱਜਦੀਆਂ ਕਰਨ ਦਾ ਮੁੱਦਾ ਚੁੱਕਿਆ। ਜਦੋਂਕਿ ਸਾਲਾਨਾ ਪ੍ਰੀਖਿਆਵਾਂ ਸਿਰ ’ਤੇ ਹਨ।
ਮੀਟਿੰਗ ਦੌਰਾਨ ਜਥੇਬੰਦੀਆਂ ਦੇ ਆਗੂਆਂ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ, ਸਕੱਤਰ ਸ਼ਮਸ਼ੇਰ ਸਿੰਘ ਸ਼ੈਰੀ, ਕੈਸ਼ੀਅਰ ਚਮਕੌਰ ਸਿੰਘ ਮੋਗਾ, ਤਲਵਿੰਦਰ ਸਿੰਘ ਪਟਿਆਲਾ, ਬਲਜੀਤ ਸਿੰਘ ਫਤਹਿਗੜ੍ਹ ਸਾਹਿਬ ਅਤੇ ਸੁਖਵਿੰਦਰ ਸਿੰਘ ਲੁਧਿਆਣਾ ਨੇ ਬੋਰਡ ਮੁਖੀ ਦੇ ਧਿਆਨ ਵਿੱਚ ਲਿਆਂਦਾ ਕਿ ਸੈਸ਼ਨ 2022-23 ਦੌਰਾਨ 11ਵੀਂ ਤੇ 12ਵੀਂ ਸ਼੍ਰੇਣੀਆਂ ਨੂੰ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਅਜੇ ਤੱਕ ਜੌਗਰਫ਼ੀ ਵਿਸ਼ੇ ਦੀਆਂ ਕਿਤਾਬਾਂ ਪ੍ਰਾਪਤ ਨਹੀਂ ਹੋਈਆਂ। ਜਦੋਂਕਿ ਸਾਲਾਨਾ ਪ੍ਰੀਖਿਆਵਾਂ ਵਿੱਚ ਬਹੁਤ ਘੱਟ ਸਮਾਂ ਬਚਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਵਿਦਿਆਰਥੀਆਂ ਦਾ ਬਹੁਤ ਸਾਰਾ ਵਿੱਦਿਅਕ ਨੁਕਸਾਨ ਹੋ ਚੁੱਕਾ ਹੈ। ਜਦੋਂ ਸੁਖਜਿੰਦਰ ਸੁਖੀ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਹੁਣ ਤੱਕ ਆਨਲਾਈਨ ਵਿਧੀ ਰਾਹੀਂ ਪੜ੍ਹਨਯੋਗ ਸਮੱਗਰੀ ਇਕੱਠੀ ਕਰਕੇ ਵਿਦਿਆਰਥੀਆਂ ਨੂੰ ਪਰੋਸੀ ਗਈ ਹੈ।
ਇਸ ਵਿੱਦਿਅਕ ਨੁਕਸਾਨ ਦੀ ਪੂਰਤੀ ਅਤੇ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੀ ਕਾਮਯਾਬੀ ਲਈ ਫੀਲਡ (ਸਕੂਲਾਂ) ਵਿੱਚ ਦੋਵਾਂ ਸ਼੍ਰੇਣੀਆਂ ਦੀਆਂ ਭੂਗੋਲ (ਜੌਗਰਫੀ) ਵਿਸ਼ੇ ਦੀਆਂ ਪੰਜਾਬੀ ਮਾਧਿਅਮ ਅਤੇ ਕੁਝ ਅੰਗਰੇਜ਼ੀ ਮਾਧਿਅਮ ਦੀਆਂ ਪਾਠ-ਪੁਸਤਕਾਂ ਜਲਦੀ ਭੇਜੀਆਂ ਜਾਣ। ਮੁਲਾਕਾਤ ਦੌਰਾਨ ਚੇਅਰਮੈਨ ਪ੍ਰੋ. ਯੋਗਰਾਜ ਨੇ ਜਥੇਬੰਦੀ ਦੀ ਇਸ ਜਾਇਜ਼ ਮੰਗ ਨਾਲ ਸਹਿਮਤ ਹੁੰਦਿਆਂ ਬੋਰਡ ਦੀ ਸਬੰਧਤ ਸ਼ਾਖਾ ਨੂੰ ਤੁਰੰਤ ਰਿਪੋਰਟ ਕਰਨ ਬਾਰੇ ਲਿਖਿਆ ਗਿਆ। ਉਨ੍ਹਾਂ ਕਿਹਾ ਕਿ ਇਹ ਵੀ ਭਰੋਸਾ ਦਿੱਤਾ ਕਿ ਉਹ ਖ਼ੁਦ ਵੀ ਇਸ ਗੱਲ ਦਾ ਪਤਾ ਲਗਾਉਣਗੇ ਕਿ ਹਾਲੇ ਤੱਕ ਸਾਰੇ ਸਕੂਲਾਂ ਵਿੱਚ ਭੂਗੋਲ (ਜੌਗਰਫੀ) ਵਿਸ਼ੇ ਦੀਆਂ ਕਿਤਾਬਾਂ ਕਿਉਂ ਨਹੀਂ ਪੁੱਜੀਆਂ।

Load More Related Articles

Check Also

ਡੀਆਈਜੀ ਭੁੱਲਰ ਵੱਲੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਆ ਦਾ ਭਰੋਸਾ

ਡੀਆਈਜੀ ਭੁੱਲਰ ਵੱਲੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਆ ਦਾ ਭਰੋਸਾ ਗੁਮਰਾਹਕੁਨ ਪ੍ਰਚਾਰ/ਅਫ਼ਵਾਹਾਂ ਫੈਲਾਉਣ …