ਸੀਜੀਸੀ ਕਾਲਜ ਝੰਜੇੜੀ ਵਿੱਚ ਸਾਲਾਨਾ ਖੇਡਾਂ ਦਾ ਆਯੋਜਨ, ਅੰਕੁਰ ਤੇ ਗੁਰਪ੍ਰੀਤ ਬਣੇ ਬੈੱਸਟ ਐਥਲੀਟ

ਵਿਸ਼ਵ ਪ੍ਰਸਿੱਧ ਮੁੱਕੇਬਾਜ਼ ਮਨੋਜ ਕੁਮਾਰ ਤੇ ਅਰਜੁਨ ਐਵਾਰਡੀ ਨਵਜੀਤ ਕੌਰ ਢਿੱਲੋਂ ਨੇ ਨੌਜਵਾਨਾਂ ਨਾਲ ਪਾਈ ਵਿਚਾਰਾਂ ਦੀ ਸਾਂਝ

ਸਫਲ ਜੀਵਨ ਦੀ ਕਾਮਨਾ ਲਈ ਸਿੱਖਿਆ ਦੇ ਨਾਲ ਖੇਡਾਂ ਦਾ ਹਿੱਸਾ ਬਣਨ ਵਿਦਿਆਰਥੀ: ਰਛਪਾਲ ਧਾਲੀਵਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਪਰੈਲ:
ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕੈਂਪਸ ਵਿੱਚ ਸਤਵੀਆਂ ਸਾਲਾਨਾ ਖੇਡਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਸਾਲਾਨਾ ਖੇਡਾਂ ਉਦਘਾਟਨ ਵਿਸ਼ਵ ਪ੍ਰਸਿੱਧ ਓਲੰਪੀਅਨ ਮੁੱਕੇਬਾਜ਼ ਮਨੋਜ ਕੁਮਾਰ ਅਤੇ ਅਰਜੁਨ ਐਵਾਰਡੀ ਡਿਸਕਸ ਥਰੋਅ ਖਿਡਾਰੀ ਨਵਜੀਤ ਕੌਰ ਢਿੱਲੋਂ ਨੇ ਕੀਤਾ। ਉਨ੍ਹਾਂ ਨੇ ਆਸਮਾਨ ਵਿੱਚ ਰੰਗ-ਬਰੰਗੇ ਗੁਬਾਰੇ ਛੱਡ ਕੇ ਖੇਡ ਦਿਹਾੜੇ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਜਿੱਥੇ ਕ੍ਰਿਕਟ, ਵਾਲੀਬਾਲ, ਬੈਡਮਿੰਟਨ, ਖੋ-ਖੋ, ਟੇਬਲ ਟੈਨਿਸ ਖੇਡਾਂ ਵਿੱਚ ਵਿਦਿਆਰਥੀਆਂ ਵਿਚਕਾਰ ਮੁਕਾਬਲੇ ਕਰਵਾਏ ਗਏ, ਉੱਥੇ ਹੀ ਐਥਲੈਟਿਕ ਵਿੱਚ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ ਅਤੇ 1500 ਮੀਟਰ, ਲੜਕੀਆਂ ਦੀ ਸਪੂਨ ’ਤੇ ਨਿੰਬੂ ਦੌੜ, ਤਿੰਨ ਲੱਤ ਦੌੜ, ਲਾਂਗ ਜੰਪ, ਹਾਈ ਜੰਪ ਅਤੇ ਸ਼ਾਟ ਪੁੱਟ ਦੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਖਿਡਾਰੀਆਂ ਨੇ ਮਾਰਚ ਪਾਸਟ ਕੀਤਾ ਅਤੇ ਉਪਰੰਤ ਖੇਡ ਭਾਵਨਾ ਦੀ ਸਹੁੰ ਚੁੱਕੀ। ਪੂਰਾ ਦਿਨ ਚੱਲੇ ਇਨ੍ਹਾਂ ਮੁਕਾਬਲਿਆਂ ਵਿੱਚ ਸਮੂਹ ਵਿਭਾਗਾਂ ਦੇ ਖਿਡਾਰੀਆਂ ਨੇ ਹਰ ਈਵੈਂਟ ਵਿੱਚ ਹਿੱਸਾ ਲੈਣ ਲਈ ਭਾਰੀ ਉਤਸ਼ਾਹ ਦਿਖਾਇਆ ਅਤੇ ਵਧੀਆਂ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਐਥਲੈਟਿਕ ਮੁਕਾਬਲਿਆਂ ਵਿੱਚ ਸਭ ਤੋਂ ਵਧੀਆ ਐਥਲੀਟ ਹੋਣ ਦਾ ਮਾਣ ਦੂਜੇ ਸਮੈਸਟਰ ਦੇ ਅੰਕੁਰ ਅਤੇ ਗੁਰਪ੍ਰੀਤ ਨੇ ਹਾਸਲ ਕੀਤਾ।
ਇਸ ਮੌਕੇ ਵਿਸ਼ਵ ਪ੍ਰਸਿੱਧ ਮੁੱਕੇਬਾਜ਼ ਮਨੋਜ ਕੁਮਾਰ ਨੇ ਆਪਣਾ ਦਾ ਬਚਪਨ ਦਾ ਤਜਰਬਾ ਸਾਂਝਾ ਕਰਦੇ ਹੋਏ ਵਿਦਿਆਰਥੀਆਂ ਨੂੰ ਜੀਵਨ ਵਿੱਚ ਅਨੁਸ਼ਾਸਿਤ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਮਰ ਕੋਈ ਰੁਕਾਵਟ ਨਹੀਂ ਹੈ। ਇਹ ਇੱਕ ਸੀਮਾ ਹੈ ਜੋ ਤੁਸੀਂ ਆਪਣੇ ਆਪ ’ਤੇ ਲਗਾਉਂਦੇ ਹੋ। ਅਕਸਰ ਦੇਖਿਆ ਗਿਆ ਹੈ ਕਿ ਮਾਪੇ, ਕੋਚ ਜਾਂ ਅਧਿਆਪਕ ਕਈ ਵਾਰੀ ਪੜਾਈ ਜਾਂ ਖੇਡਾਂ ਵਿੱਚ ਬਿਹਤਰੀਨ ਕਾਰਗੁਜ਼ਾਰੀ ਦੇ ਕਾਬਲ ਬਣਾਉਣ ਲਈ ਨੌਜਵਾਨਾਂ ਤੇ ਸਖ਼ਤੀ ਵਿਖਾਉਂਦੇ ਹਨ। ਜਿਸ ਨੂੰ ਉਹ ਪਸੰਦ ਨਹੀ ਕਰਦੇ ਹਨ। ਪਰ ਆਖਰ ਵਿੱਚ ਮਿਲਣ ਵਾਲੀ ਸਫਲਤਾ ਸਾਡੀ ਮਿਹਨਤ, ਅਨੁਸ਼ਾਸਨ ਅਤੇ ਉਸੇ ਸਖ਼ਤੀ ਦਾ ਮਿੱਠਾ ਫਲ ਹੁੰਦੀ ਹੈ। ਇਸ ਲਈ ਵਿਦਿਆਰਥੀ ਜੀਵਨ ਵਿਚ ਅਨੁਸ਼ਾਸਨ ਦੀ ਪਾਲਣਾ ਕਰਨੀ ਚਾਹੀਦੀ ਹੈ।
ਅਰਜੁਨ ਐਵਾਰਡੀ ਨਵਜੀਤ ਕੌਰ ਢਿੱਲੋਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ ਹਨ ਅਤੇ ਹਰ ਵਿਦਿਆਰਥੀ ਨੂੰ ਸਫਲ ਇਨਸਾਨ ਬਣਨ ਲਈ ਪੜਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਵੱਧ ਤੋਂ ਵੱਧ ਖੇਡਾਂ ਵਿਚ ਹਿੱਸਾ ਲੈਣ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਪੜਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਵਿਦਿਆਰਥੀ ਹਿੱਸਾ ਲੈ ਕੇ ਆਪਣੇ ਕਾਲਜ ਅਤੇ ਆਪਣੇ ਮਾਂ-ਬਾਪ ਦਾ ਨਾਮ ਵਿਸ਼ਵ ਪੱਧਰ ’ਤੇ ਉੱਚਾ ਕਰ ਸਕਦੇ ਹਨ।

ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦੀ ਮੁਕਾਬਲੇ ਵਾਲੀ ਦੁਨੀਆ ਵਿੱਚ, ਸਿਰਫ਼ ਵਿੱਦਿਅਕ ਵਿਦਿਆਰਥੀ ਹੀ ਇੱਕ ਵਿਦਿਆਰਥੀ ਨੂੰ ਸਫ਼ਲ ਨਹੀਂ ਬਣਾਉਂਦੇ। ਖੇਡਾਂ ਅਤੇ ਹੋਰ ਗਤੀਵਿਧੀਆਂ ਸਮੇਤ ਸਮੁੱਚੀ ਸ਼ਖ਼ਸੀਅਤ ਜੀਵਨ ਵਿੱਚ ਸਫਲਤਾ ਨੂੰ ਯਕੀਨੀ ਬਣਾਉਣ ਵਿੱਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਅੰਤ ਵਿੱਚ ਜੇਤੂ ਖਿਡਾਰੀਆਂ ਨੂੰ ਵਿਸ਼ਵ ਪ੍ਰਸਿੱਧ ਮੁੱਕੇਬਾਜ਼ ਮਨੋਜ ਕੁਮਾਰ, ਅਰਜੁਨ ਐਵਾਰਡੀ ਨਵਜੀਤ ਕੌਰ ਢਿੱਲੋਂ ਅਤੇ ਪ੍ਰਧਾਨ ਧਾਲੀਵਾਲ ਵੱਲੋਂ ਮੈਡਲ ਅਤੇ ਸੈਟੀਫੀਕੇਟ ਵੰਡੇ। ਸੀਜੀਸੀ ਦੇ ਐਮਡੀ ਅਰਸ਼ ਧਾਲੀਵਾਲ ਨੇ ਸਾਰੇ ਵਿਦਿਆਰਥੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਅਗਲੇ ਸਾਲ ਦੁਬਾਰਾ ਮਿਲਣ ਦਾ ਵਾਅਦਾ ਕਰਦੇ ਹੋਏ ਸਭ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…