Nabaz-e-punjab.com

ਸਰਬੱਤ ਦੇ ਭਲੇ ਲਈ ਕੁੰਭੜਾ ਚੌਕ ਨੇੜੇ ਕਰਵਾਇਆ ਸਾਲਾਨਾ ਗੁਰਮਤਿ ਸਮਾਗਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਫਰਵਰੀ:
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਵਾਂਗ ਸਥਾਨਕ ਕੁੰਭੜਾ ਚੌਕ ਨੇੜੇ ਸਰਬੱਤ ਦੇ ਭਲੇ ਲਈ ਗੁਰਮਤਿ ਸਮਾਗਮ ਕਰਵਾਇਆ ਗਿਆ। ਟਰੈਫ਼ਿਕ ਲਾਈਟ ਚੌਕ ਨਾਲ ਲੱਗਦੀ ਖਾਲੀ ਥਾਂ ਵਿੱਚ ਟੈਂਟ ਲਗਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਸਾਰਾ ਦਿਨ ਗੁਰਮਤਿ ਸਮਾਗਮ ਚੱਲਿਆ।
ਸਮਾਗਮ ਵਿੱਚ ਭਾਈ ਨਿਹਾਲ ਸਿੰਘ, ਭਾਈ ਹਰਬੰਸ ਸਿੰਘ, ਭਾਈ ਦਲਜੀਤ ਸਿੰਘ, ਭਾਈ ਅਮਨਦੀਪ ਸਿੰਘ ਅਤੇ ਭਾਈ ਬਲਜਿੰਦਰ ਸਿੰਘ ਦੇ ਜਥਿਆਂ ਨੇ ਰਸਭਿੰਨੇ ਕੀਰਤਨ ਰਾਹੀ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਸਮਾਗਮ ਵਿੱਚ ਇਲਾਕੇ ਦੀ ਸੰਗਤ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਇਸ ਦੌਰਾਨ ਚਾਹ, ਬਿਸਕੂਟ, ਜਲੇਬੀਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਕੁੰਭੜਾ ਟਰੈਫ਼ਿਕ ਲਾਈਟ ਚੌਕ ਵਿੱਚ ਅਕਸਰ ਸੜਕ ਦੁਰਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇੱਥੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਬਚਨਾਂ ਸਦਕਾ ਸਰਬੱਤ ਦੇ ਭਲੇ ਲਈ ਹਰ ਸਾਲ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵੱਲੋਂ ਗੁਰਮਤਿ ਸਮਾਗਮ ਕਰਵਾਇਆ ਜਾਂਦਾ ਹੈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ।
(ਬਾਕਸ ਆਈਟਮ)
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਅਤੇ ਇਤਿਹਾਸਕ ਗੁਰਦੁਆਰਾ ਫਤਹਿ-ਏ-ਜੰਗ ਸਾਹਿਬ ਚੱਪੜਚਿੜੀ ਕਲਾਂ ਵਿੱਚ ਭਲਕੇ 4 ਫਰਵਰੀ ਨੂੰ ਦਸਵੀਂ ਦੇ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਣਗੇ। ਇਸ ਮੌਕੇ ਦੋਵੇਂ ਥਾਵਾਂ ’ਤੇ ਵੱਖ ਵੱਖ ਰਾਗੀ ਅਤੇ ਢਾਡੀ ਜਥਿਆਂ ਵੱਲੋਂ ਕਥਾ, ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਨਗੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…