
ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸੋਹਾਣਾ ਵਿੱਚ ਸਾਲਾਨਾ ਗੁਰਮਤਿ ਸਮਾਗਮ 25 ਤੋਂ 27 ਮਾਰਚ ਤੱਕ
ਐਸਜੀਪੀਸੀ ਦੇ ਪ੍ਰਧਾਨ ਸਮੇਤ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕੀਰਤਨੀ ਜਥੇ ਭਰਨਗੇ ਹਾਜ਼ਰੀਆਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਾਰਚ:
ਇੱਥੋਂ ਦੇ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲੀ ਆਸ਼ਰਮ ਸੋਹਾਣਾ ਵਿਖੇ ਸਲਾਨਾ ਗੁਰਮਤਿ ਸਮਾਗਮ 25 ਮਾਰਚ ਤੋਂ 27 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟੀ ਗੁਰਮੀਤ ਸਿੰਘ ਅਤੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਏ.ਕੇ. ਸੂਰੀ ਨੇ ਦੱਸਿਆ ਕਿ ਸਾਲਾਨਾ ਗੁਰਮਤਿ ਸਮਾਗਮ ਦੇ ਪਹਿਲੇ ਦਿਨ 25 ਮਾਰਚ ਨੂੰ ਗੁਰਸਿੱਖ ਬਾਲ ਦਰਬਾਰ ਸਵੇਰੇ 9 ਵਜੇ ਸ਼ੁਰੂ ਹੋਵੇਗਾ, ਉਪਰੰਤ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਗੁਰਸਿੱਖ ਇਸਤਰੀ ਸਤਿਸੰਗ ਸੰਮੇਲਨ ਕਰਵਾਇਆ ਜਾਵੇਗਾ। ਉਪਰੰਤ 6:30 ਵਜੇ ਤੱਕ ਕਥਾ ਕੀਰਤਨ ਸਮਾਗਮ ਹੋਵੇਗਾ। ਗੁਰਸਿੱਖ ਬਾਲ ਦਰਬਾਰ ਵੀ ਹੋਵੇਗਾ। ਉਨ੍ਹਾਂ ਦੱਸਿਆ ਕਿ ਦੂਜੇ ਦਿਨ 26 ਮਾਰਚ ਨੂੰ ਸਵੇਰੇ 6 ਵਜੇ ਤੋਂ 8.30 ਵਜੇ ਤੱਕ ਆਸਾ ਕੀ ਵਾਰ, 9.30 ਤੋਂ ਸ਼ਾਮ 6.30 ਵਜੇ ਤੱਕ ਕਥਾ ਕੀਰਤਨ ਸਮਾਗਮ ਹੋਵੇਗਾ। ਇਸ ਉਪਰੰਤ ਦੇਰ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਖਾਲਸਾ ਖੰਨੇ ਵਾਲੇ, ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ, ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਕਥਾ ਕੀਰਤਨ ਸਮਾਗਮ ਵਿੱਚ ਸੰਗਤ ਨੂੰ ਗੁਰੂ ਘਰ ਨਾਲ ਜੋੜਨਗੇ। ਇਸ ਦਿਨ ਮਹਾਨ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ।
ਸਮਾਗਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਲਾਨਾ ਸਮਾਗਮ ਦੇ ਅਖੀਰਲੇ ਦਿਨ 27 ਮਾਰਚ ਨੂੰ ਸਵੇਰੇ 9:30 ਵਜੇ ਤੋਂ ਸ਼ਾਮ 6:30 ਵਜੇ ਤੱਕ ਕਥਾ ਕੀਰਤਨ ਸਮਾਗਮ ਕਰਵਾਇਆ ਜਾਵੇਗਾ, ਦੇਰ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਭਾਈ ਦਵਿੰਦਰ ਸਿੰਘ ਖਾਲਸਾ ਖੰਨੇ ਵਾਲਿਆਂ ਨਾਲ ਗਿਆਨੀ ਹਰਪਾਲ ਸਿੰਘ ਅਤੇ ਭਾਈ ਅਨੰਤਵੀਰ ਸਿੰਘ ਯੂਐਸਏ ਵਾਲੇ ਕੀਰਤਨ ਕਰਨਗੇ। ਇਸ ਮੌਕੇ ਵਿਸ਼ਾਲ ਖੂਨਦਾਨ ਕੈਂਪ ਸਵੇਰੇ 10 ਵਜੇ ਲਗਾਇਆ ਜਾਵੇਗਾ।