
ਮੁਹਾਲੀ ਪੁਲੀਸ ਦੀ ਇਕ ਹੋਰ ਵੱਡੀ ਪ੍ਰਾਪਤੀ: ਲੁੱਟਾਂ-ਖੋਹਾਂ ਤੇ ਵਾਹਨ ਚੋਰੀ ਮਾਮਲੇ ਵਿੱਚ 6 ਗ੍ਰਿਫ਼ਤਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਈ:
ਮੁਹਾਲੀ ਪੁਲੀਸ ਵੱਲੋਂ ਐਸਐਸਪੀ ਵਿਵੇਕਸ਼ੀਲ ਸੋਨੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮਾੜੇ ਅਨੁਸਾਰਾਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਲੁੱਟਾਂ-ਖੋਹਾਂ ਅਤੇ ਵਾਹਨ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਛੇ ਮੁਲਜ਼ਮਾਂ ਕੋਲੋਂ ਦੋ ਸਪਲੈਂਡਰ ਮੋਟਰ ਸਾਈਕਲ ਅਤੇ 24 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਮੁਹਾਲੀ ਦੇ ਐਸਪੀ (ਸਿਟੀ) ਜਸਵਿੰਦਰ ਸਿੰਘ ਚੀਮਾ ਅਤੇ ਡੀਐਸਪੀ (ਸਿਟੀ-2) ਸੁਖਜੀਤ ਸਿੰਘ ਵਿਰਕ ਦੀ ਨਿਗਰਾਨੀ ਹੇਠ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਅਜਿਤੇਸ਼ ਕੌਸ਼ਲ ਦੀ ਅਗਵਾਈ ਵਾਲੀ ਟੀਮ ਇੱਥੋਂ ਸੈਕਟਰ-68 ਅਤੇ ਸੈਕਟਰ-69 ਦੀਆਂ ਟਰੈਫ਼ਿਕ ਲਾਈਟ ਪੁਆਇੰਟ (ਪਿੰਡ ਕੁੰਭੜਾ) ’ਤੇ ਮੌਜੂਦ ਸੀ। ਇਸ ਦੌਰਾਨ ਅਨਿਲ ਕੁਮਾਰ ਵਾਸੀ ਨਵਾਂ ਗਰਾਓਂ ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਮੋਟਰ ਸਾਇਕਲ ’ਤੇ ਸਵਾਰ ਦੋ ਲੜਕੇ ਉਸ ਦੇ ਹੱਥ ਵਿੱਚ ਫੜਿਆ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ ਹਨ। ਜਿਨ੍ਹਾਂ ਬਾਰੇ ਪਤਾ ਲੱਗਾ ਹੈ ਕਿ ਮੋਬਾਇਲ ਖੋਹਣ ਵਾਲਾ ਲੜਕਾ ਆਪਣੇ ਸਾਥੀ ਨਾਲ ਕੁੰਭੜਾ ਖੇਤਰ ਵਿੱਚ ਘੁੰਮ ਰਹੇ ਹਨ।
ਐਸਐਸਪੀ ਨੇ ਦੱਸਿਆ ਕਿ ਪੁਲੀਸ ਨੇ ਸ਼ਿਕਾਇਤ ਕਰਤਾ ਦੀ ਨਿਸ਼ਾਨਦੇਹੀ ’ਤੇ ਇਕਬਾਲ ਸਿੰਘ ਵਾਸੀ ਮਾਡਲ ਟਾਊਨ (ਲੁਧਿਆਣਾ) ਅਤੇ ਉਸ ਦੇ ਸਾਥੀ ਹਰੀ ਓਮ ਵਾਸੀ ਪਿੰਡ ਨਵਾਬ ਗੰਜ (ਯੂਪੀ) ਨੂੰ ਗ੍ਰਿਫ਼ਤਾਰ ਕਰ ਲਿਆ, ਜੋ ਇੱਕ ਕਾਲੇ ਰੰਗ ਦੇ ਸਪਲੈਂਡਰ ਮੋਟਰ ਸਾਈਕਲ ’ਤੇ ਸਵਾਰ ਸਨ ਅਤੇ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ। ਉਹ ਸੋਹਾਣਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ। ਮੁਲਜ਼ਮਾਂ ਦੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਦੇ ਤੀਜੇ ਸਾਥੀ ਦਿਆਨੰਦ ਮੈਡਲ ਵਾਸੀ ਪਿੰਡ ਆਲਮ ਨਗਰ (ਬਿਹਾਰ) ਨੂੰ ਬਿਹਾਰ ਨੂੰ ਵੀ ਕਾਬੂ ਕਰ ਲਿਆ। ਉਹ ਪਿੰਡ ਮਟੌਰ ਵਿੱਚ ਕਿਰਾਏ ’ਤੇ ਰਹਿੰਦਾ ਸੀ। ਉਕਤ ਮੁਲਜ਼ਮ ਮੋਬਾਈਲ ਫੋਨ ਖੋਹ ਕੇ ਦਿਆਨੰਦ ਮੰਡਲ ਨੂੰ ਦਿੰਦੇ ਸੀ।
ਪੁੱਛਗਿੱਛ ਦੌਰਾਨ ਇਕਬਾਲ ਸਿੰਘ ਨੇ ਮੰਨਿਆ ਕਿ ਉਸ ਕੁਝ ਹੋਰ ਦੋਸਤ ਗੁਰਵਿੰਦਰ ਸਿੰਘ ਵਾਸੀ ਸੋਹਾਣਾ, ਖੁਸ਼ ਕੁਮਾਰ ਉਰਫ਼ ਛੋਟਾ ਵਾਸੀ ਕਰਮਾਵਾ (ਬਿਹਾਰ) ਅਤੇ ਅੰਮ੍ਰਿਤਪਾਲ ਸਿੰਘ ਉਰਫ਼ ਪੀਤਾ ਵਾਸੀ ਸੋਹਾਣਾ ਵੀ ਮੋਬਾਈਲ ਚੋਰੀ ਕਰਦੇ ਹਨ। ਇੰਜ ਇਨ੍ਹਾਂ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 24 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।