ਬੱਚਾ ਤਸਕਰੀ ਗਰੋਹ ਦਾ ਇੱਕ ਹੋਰ ਭਗੌੜਾ ਮੈਂਬਰ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਪਰੈਲ:
ਸੋਹਾਣਾ ਪੁਲੀਸ ਨੇ ਨਵ-ਜੰਮੇ ਬੱਚੇ ਖ਼ਰੀਦ ਕੇ ਅੱਗੇ ਵੇਚਣ ਅਤੇ ਬੱਚਿਆਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਇੱਕ ਹੋਰ ਮੈਂਬਰ ਸੰਨੀ ਦੇਵ ਵਾਸੀ ਮਾਨਸਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਪਿਛਲੇ ਕਰੀਬ ਤਿੰਨ ਮਹੀਨੇ ਤੋਂ ਭਗੌੜਾ ਚੱਲ ਰਿਹਾ ਸੀ। ਅੱਜ ਇੱਥੇ ਇਹ ਜਾਣਕਾਰੀ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਡੀਐਸਪੀ ਬੱਲ ਨੇ ਦੱਸਿਆ ਕਿ ਜਨਵਰੀ ਮਹੀਨੇ ਵਿੱਚ ਸਥਾਨਕ ਪੁਲੀਸ ਨੇ ਨਵ-ਜੰਮੇ ਬੱਚੇ ਖ਼ਰੀਦ ਕੇ ਅੱਗੇ ਵੇਚਣ ਅਤੇ ਬੱਚਿਆਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਸੀ। ਇਸ ਸਬੰਧੀ ਬੀਤੀ 28 ਜਨਵਰੀ ਨੂੰ ਧਾਰਾ 370 (5), 420, 120-ਬੀ ਅਤੇ ਜੁਵੈਨਾਈਲ ਜਸਟਿਸ ਪ੍ਰੋਟੈਕਸ਼ਨ ਆਫ਼ ਚਿਲਡਰਨ ਐਕਟ 1915 ਦੀ ਧਾਰਾ 81 ਦੇ ਤਹਿਤ ਚਰਨਵੀਰ ਸਿੰਘ ਅਤੇ ਉਸ ਦੀ ਪਤਨੀ ਪਰਵਿੰਦਰ ਕੌਰ ਉਰਫ਼ ਸਾਕਸ਼ੀ ਵਾਸੀ ਪਟਿਆਲਾ, ਮਨਜਿੰਦਰ ਸਿੰਘ ਅਤੇ ਉਸ ਦੀ ਪਤਨੀ ਪਰਵਿੰਦਰ ਕੌਰ ਵਾਸੀ ਫਰੀਦਕੋਟ, ਸੰਨੀ ਕੁਮਾਰ ਅਤੇ ਲੰਬਰ ਸਿੰਘ ਦੋਵੇਂ ਵਸਨੀਕ ਮਾਨਸਾ ਦੇ ਖ਼ਿਲਾਫ਼ ਅਪਰਾਧਿਕ ਪਰਚਾ ਦਰਜ ਕੀਤਾ ਗਿਆ ਸੀ।
ਡੀਐਸਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਏਐਸਆਈ ਓਮ ਪ੍ਰਕਾਸ਼ ਦੀ ਅਗਵਾਈ ਵਾਲੀ ਟੀਮ ਨੇ ਚਰਨਵੀਰ ਸਿੰਘ ਅਤੇ ਉਸ ਦੀ ਪਤਨੀ ਪਰਵਿੰਦਰ ਕੌਰ, ਮਨਜਿੰਦਰ ਸਿੰਘ ਤੇ ਉਸਦੀ ਪਤਨੀ ਪਰਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇੱਕ ਨਵ-ਜੰਮੀ ਬੱਚੀ ਬਰਾਮਦ ਕਰ ਲਈ ਸੀ ਅਤੇ ਬਾਅਦ ਵਿੱਚ 2 ਹੋਰ ਬੱਚੇ ਲੜਕੇ (ਉਮਰ ਕਰੀਬ 8 ਮਹੀਨੇ ਅਤੇ ਡੇਢ ਸਾਲ) ਬਰਾਮਦ ਕੀਤੇ ਗਏ ਸਨ। ਇਸ ਮਾਮਲੇ ਵਿੱਚ ਨਾਮਜ਼ਦ ਸੰਨੀ ਦੇਵ ਅਤੇ ਲੰਬਰ ਸਿੰਘ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਸਨ। ਹੁਣ ਪੁਲੀਸ ਨੇ ਸੰਨੀ ਦੇਵ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ ਅਤੇ ਪੁਲੀਸ ਨੂੰ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …