
ਮੁਹਾਲੀ ਵਿੱਚ ਕਰੋਨਾਵਾਇਰਸ ਦਾ ਇਕ ਹੋਰ ਪਾਜੇਟਿਵ ਕੇਸ ਮਿਲਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਾਰਚ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਅੱਜ ਕੋਰੋਨਾ ਵਾਈਰਸ ਤੋਂ ਪੀੜਤ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਕੁਲਵੰਤ ਕੌਰ ਨਾਮੀ ਇਕ ਮਹਿਲਾ ਦਾ ਕਰੋਨਾ ਵਾਇਰਸ ਪੋਜ਼ੀਟਿਵ ਪਾਇਆ ਗਿਆ ਹੈ। ਇਹ ਮਹਿਲਾ 80 ਸਾਲਾਂ ਦੀ ਹੈ ਅਤੇ ਉਸ ਨੂੰ ਖਰੜ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੇ ਨਾਲ ਜ਼ਿਲ੍ਹੇ ਵਿੱਚ ਸਕਾਰਾਤਮਕ ਮਾਮਲਿਆਂ ਦੀ ਕੁੱਲ ਗਿਣਤੀ 5 ਹੋ ਗਈ ਹੈ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕਰੋਨਾ ਤੋਂ ਪ੍ਰਭਾਵਤ ਲੋਕਾਂ ਨੂੰ ਉੱਚ ਪੱਧਰੀ ਡਾਕਟਰੀ ਇਲਾਜ ਮੁਹੱਈਆ ਕਰਵਾਉਣ ਲਈ ਹਰ ਸੰਭਵ ਉਪਰਾਲੇ ਕਰ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਜਿਹੜਾ ਵਿਅਕਤੀ ਕਰੋਨਾਵਾਇਰਸ ਸਕਾਰਾਤਮਿਕ ਜਾਂ ਕਰੋਨਾਵਾਇਰਸ ਦੇ ਲੱਛਣ ਵਾਲੇ ਵਿਅਕਤੀਆਂ ਦੇ ਸੰਪਰਕ ਵਿੱਚ ਆਉਂਦਾ ਹੈ, ਉਸ ਨੂੰ ਸਾਵਧਾਨੀ ਲਈ ਹੋਰਾਂ ਨਾਲੋਂ ਵੱਖ ਰਹਿਣਾ ਪੈਂਦਾ ਹੈ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਹੋਮ ਕੋਆਰੰਟੀਨ (ਘਰ ਵਿੱਚ ਅੱਡ ਰੱਖਣਾ) ਦਾ ਇਹ ਮਤਲਬ ਨਹੀਂ ਹੈ ਕਿ ਵਿਅਕਤੀ ਵਿੱਚ ਕਰੋਨਾਵਾਇਰਸ ਦੇ ਲੱਛਣ ਹਨ ਜਾਂ ਉਹ ਕਰੋਨਾਵਾਈਰਸ ਤੋਂ ਪੀੜਤ ਹੈ। ਇਹ ਸਿਰਫ਼ ਸਾਵਧਾਨੀ ਹੀ ਇਕ ਮਾਤਰ ਉਪਾਅ ਹੈ।