ਆਂਸਲ ਵਸਨੀਕਾਂ ਨੇ ਲਾਂਡਰਾਂ-ਖਰੜ ਸੜਕ ’ਤੇ ਕੀਤਾ ਚੱਕਾ ਜਾਮ, ਕੰਪਨੀ ਦਫ਼ਤਰ ਨੂੰ ਜੜਿਆਂ ਤਾਲਾ

‘ਆਪ’ ਵਿਧਾਇਕ ਕੁਲਵੰਤ ਸਿੰਘ ਨੂੰ ਵੀ ਦਿੱਤਾ ਸੀ ਮੰਗ ਪੱਤਰ, ਹੁਣ ਗਮਾਡਾ ਦੇ ਬਾਹਰ ਧਰਨਾ ਦੇਣ ਦਾ ਐਲਾਨ

ਨਬਜ਼-ਏ-ਪੰਜਾਬ, ਮੁਹਾਲੀ, 28 ਜੁਲਾਈ:
ਇੱਥੋਂ ਦੇ ਸੈਕਟਰ-114 (ਆਂਸਲ) ਦੇ ਵਸਨੀਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਗਮਾਡਾ ਅਧਿਕਾਰੀਆਂ ਦੀ ਬਿਲਡਰਾਂ ਨਾਲ ਕਥਿਤ ਮਿਲੀਭੁਗਤ ਦੇ ਚੱਲਦਿਆਂ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਸੈਕਟਰ ਵਾਸੀਆਂ ਨੇ ਰੋਸ ਵਜੋਂ ਅੱਜ ਲਾਂਡਰਾਂ-ਖਰੜ ਸੜਕ ’ਤੇ ਚੱਕਾ ਜਾਮ ਕਰਕੇ ਧਰਨਾ ਦਿੱਤਾ। ਇਸ ਦੌਰਾਨ ਧਰਨਾਕਾਰੀਆਂ ਨੇ ਰੀਅਲ ਅਸਟੇਟ ਕੰਪਨੀ ਦੇ ਦਫ਼ਤਰ ਨੂੰ ਤਾਲਾ ਜੜ ਦਿੱਤਾ ਅਤੇ ਮੈਂਟੀਨੈਂਸ ਕੰਪਨੀ ਕੋਲ ਜਮ੍ਹਾ ਰਾਸ਼ੀ ਵਿਆਜ ਸਮੇਤ ਵਾਪਸ ਮੋੜਨ ਦੀ ਮੰਗ ਕੀਤੀ।
ਆਂਸਲ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਅਤੇ ਆਂਸਲ ਗੋਲਫ਼ ਲਿੰਕਜ਼-1 ਦੇ ਪ੍ਰਧਾਨ ਭੁਪਿੰਦਰ ਸਿੰਘ ਸੈਣੀ, ਮੀਤ ਪ੍ਰਧਾਨ ਪਾਲ ਸਿੰਘ ਰੱਤੂ, ਜਨਰਲ ਸਕੱਤਰ ਅਚਿਨ ਗਾਬਾ, ਕੈਸ਼ੀਅਰ ਨਿਹਾਲ ਸਿੰਘ, ਸੰਯੁਕਤ ਸਕੱਤਰ ਗੁਰਮੀਤ ਸਿੰਘ, ਜਥੇਬੰਦਕ ਸਕੱਤਰ ਹਰਦੀਪ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਸਮੇਤ ਗਮਾਡਾ, ਡੀਸੀ ਅਤੇ ਐਸਐਸਪੀ ਨੂੰ ਮਿਲ ਕੇ ਸਮੱਸਿਆਵਾਂ ਦਾ ਹੱਲ ਕਰਨ ਦੀ ਗੁਹਾਰ ਲਗਾ ਚੁੱਕੇ ਹਨ ਲੇਕਿਨ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਜਿਸ ਕਾਰਨ ਅੱਜ ਵਰ੍ਹਦੇ ਮੀਂਹ ਵਿੱਚ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਗਮਾਡਾ ਨੇ ਬਿਲਡਰਾਂ ਨੂੰ ਰਿਹਾਇਸ਼ੀ ਜਾਂ ਵਪਾਰਕ ਪ੍ਰਾਜੈਕਟਾਂ ਦੀ ਮਨਜ਼ੂਰੀ ਦੇਣ ਤੋਂ ਬਾਅਦ ਕਦੇ ਜ਼ਮੀਨੀ ਪੱਧਰ ’ਤੇ ਨਿਰੀਖਣ ਕਰਨ ਵੱਲ ਧਿਆਨ ਨਹੀਂ ਦਿੱਤਾ ਕਿ ਸਬੰਧਤ ਪ੍ਰਾਜੈਕਟ ਦੇ ਵਸਨੀਕਾਂ ਨੂੰ ਸ਼ਰਤਾਂ ਮੁਤਾਬਕ ਬੁਨਿਆਦੀ ਸਹੂਲਤਾਂ ਮਿਲ ਰਹੀਆਂ ਹਨ ਜਾਂ ਨਹੀਂ?
ਸੈਕਟਰ ਵਾਸੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਅਤੇ ਟਰੈਫ਼ਿਕ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੜਕਾਂ ਦੀ ਬਹੁਤ ਮਾੜੀ ਹਾਲਤ ਹੈ ਪ੍ਰੰਤੂ ਮਹਿਜ਼ ਪੈਚ ਵਰਕ ਨਾਲ ਬੱਤਾ ਸਾਰਿਆ ਜਾ ਰਿਹਾ ਹੈ। ਬਿਜਲੀ-ਪਾਣੀ ਦੀ ਸਪਲਾਈ ਦਾ ਮਾੜਾ ਹੈ। ਉਨ੍ਹਾਂ ਚਿਤਵਨੀ ਦਿੱਤੀ ਕਿ ਜੇਕਰ ਬਿਲਡਰ ਅਤੇ ਗਮਾਡਾ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਗਮਾਡਾ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …