
ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਵੱਲੋਂ ਸਕਾਈ ਰਾਕ ਸਿਟੀ ਦੇ ਪ੍ਰਬੰਧਕਾਂ ’ਤੇ ਪੈਸੇ ਲੈ ਕੇ ਪਲਾਟ/ਮਕਾਨ ਨਾ ਦੇਣ ਦਾ ਦੋਸ਼
ਕੰਪਨੀ ਪ੍ਰਬੰਧਕਾਂ ’ਤੇ 1800 ਕਰੋੜ ਰੁਪਏ ਦੇ ਘਪਲੇ ਦਾ ਇਲਜਾਮ ਲਗਾਇਆ, ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਾਰਚ:
ਭ੍ਰਿਸ਼ਟਾਚਾਰ ਦੇ ਵਿਰੁੱਧ ਕੰਮ ਕਰਨ ਵਾਲੀ ਸੰਸਥਾ ਪੰਜਾਬ ਅਗੇਂਸਟ ਕੁਰੱਪਸ਼ਨ ਵੱਲੋਂ ਅੱਜ ਐਸ ਏ ਐਸ ਨਗਰ ਅਤੇ ਮੁੱਲਾਂਪੁਰ ਦੇ ਖੇਤਰ ਵਿੱਚ ਲੋਕਾਂ ਨੂੰ ਪਲਾਟ ਅਤੇ ਮਕਾਨ ਵੇਚਣ ਵਾਲੀ ਕੰਪਨੀ ਸਕਾਈ ਰਾਕ ਸਿਟੀ ਦੇ ਪ੍ਰਬੰਧਕਾਂ ਉੱਤੇ ਵੱਖ ਵੱਖ ਕੰਪਨੀਆਂ ਬਣਾ ਕੇ ਆਮ ਲੋਕਾਂ ਤੋਂ ਕਰੀਬ 1800 ਕਰੋੜ ਰੁਪਏ ਠੱਗਣ ਦਾ ਇਲਜਾਮ ਲਗਾਉਂਦਿਆਂ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਅੱਜ ਇੱਥੇ ਜ਼ਿਲ੍ਹਾ ਪ੍ਰੈਸ ਕਲੱਬ ਐਸਏਐਸ ਨਗਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਸੰਸਥਾ ਦੇ ਸੂਬਾਈ ਪ੍ਰਧਾਨ ਸਤਨਾਮ ਸਿੰਘ ਦਾਊ ਅਤੇ ਸਕਾਈ ਰਾਕ ਸਿਟੀ ਦੇ ਨਿਵੇਸ਼ਕਾਂ ਸਰਵਸ੍ਰੀ ਅਵਿਨਾਸ਼ ਚੌਧਰੀ, ਵਿਨੀਤ ਸੂਦ, ਅਸ਼ਵਨੀ ਕੁਮਾਰ ਅਰੋੜਾ, ਸੁਖਮਿੰਦਰ ਸਿੰਘ, ਗੁਰਨਾਮ ਸਿੰਘ ਅਤੇ ਹੋਰਨਾਂ ਨੇ ਇਲਜਾਮ ਲਗਾਇਆ ਕਿ ਸਕਾਈ ਰਾਕ ਸਿਟੀ ਦੇ ਪ੍ਰਬੰਧਕਾਂ ਵੱਲੋਂ ਪਿਛਲੇ ਸਮੇਂ ਦੌਰਾਨ ਇਸ ਖੇਤਰ ਵਿੱਚ ਕੁਲ ਅੱਠ ਵੱਖ ਵੱਖ ਕੰਪਨੀਆਂ ਬਣਾ ਕੇ ਆਮ ਲੋਕਾਂ ਤੋਂ ਪੂਰੇ ਯੋਜਨਾਬੱਧ ਤਰੀਕੇ ਨਾਲ ਵਸੂਲੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਇਸ ਕੰਪਨੀ ਦੇ ਮਾਲਕਾਂ ਦੇ ਖਿਲਾਫ ਕਈ ਮਾਮਲੇ ਦਰਜ ਹੋਣ ਦੇ ਬਾਵਜੂਦ ਉਹਨਾਂ ਦੇ ਖਿਲਾਫ ਕਿਸੇ ਕਿਸਮ ਦੀ ਕਾਰਵਾਈ ਨੂੰ ਟਾਲਿਆ ਜਾਂਦਾ ਰਿਹਾ ਹੈ ਉਸ ਨਾਲ ਇਹ ਸਾਫ ਜਾਹਿਰ ਹੁੰਦਾ ਹੈ ਕਿ ਇਸ ਕੰਪਨੀ ਦੇ ਪ੍ਰਬੰਧਕ ਸਿਰਫ ਮੋਹਰੇ ਬਣ ਕੇ ਕੰਮ ਕਰਦੇ ਰਹੇ ਹਨ ਅਤੇ ਇਸ ਘਪਲੇਬਾਜੀ ਵਿੱਚ ਕਈ ਵੱਡੇ ਅਤੇ ਪ੍ਰਭਾਵਸ਼ਾਲੀ ਲੋਕ ਸ਼ਾਮਲ ਹੋ ਸਕਦੇ ਹਨ।
ਸ੍ਰੀ ਦਾਊ ਨੇ ਇਲਜਾਮ ਲਗਾਇਆ ਕਿ ਇਸ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਪਿਛਲੇ ਸਮੇਂ ਦੌਰਾਨ 1500 ਤੋਂ 1800 ਕਰੋੜ ਰੁਪਏ ਦੀ ਘਪਲੇਬਾਜੀ ਕੀਤੀ ਗਈ ਹੈ ਅਤੇ ਇਹ ਇਲਜਾਮ ਉਹ ਨਹੀਂ ਲਗਾ ਰਹੇ ਬਲਕਿ ਪੁਲੀਸ ਵਲੋੱ ਇਸ ਕੰਪਨੀ ਦੇ ਪ੍ਰਬੰਧਕਾਂ ਦੇ ਖਿਲਾਫ ਦਰਜ ਕੀਤੇ ਗਏ ਇੱਕ ਮਾਮਲੇ ਵਿੱਚ ਪੁਲੀਸ ਵਲੋੱ ਚਾਲਾਨ ਪੇਸ਼ ਕਰਨ ਦੌਰਾਨ ਅਦਾਲਤ ਵਿੱਚ ਦਿੱਤੀ ਆਪਣੀ ਜਾਂਚ ਰਿਪੋਰਟ ਵਿੱਚ ਇਹ ਗੱਲ ਲਿਖੀ ਹੈ ਕਿ ਇਹਨਾਂ ਵਿਅਕਤੀਆਂ ਵੱਲੋਂ 9 ਤੋਂ 10 ਹਜਾਰ ਦੇ ਕਰੀਬ ਲੋਕਾਂ ਤੋਂ ਪੈਸੇ ਲਏ ਗਏ ਹਨ ਅਤੇ ਇਸ ਮਾਮਲੇ ਵਿੱਚ 1500 ਤੋਂ 1800 ਕਰੋੜ ਰੁਪਏ ਦਾ ਲੈਣ ਦੇਣ ਹੋਇਆ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਇਸ ਘਪਲੇਬਾਜੀ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਨਾਲ ਇਹ ਜਾਹਿਰ ਹੁੰਦਾ ਹੈ ਕਿ ਕੰਪਨੀ ਦੇ ਜਿਹੜੇ ਵਿਅਕਤੀ ਸਾਹਮਣੇ ਨਜਰ ਆਉਂਦੇ ਰਹੇ ਹਨ ਉਹਨਾਂ ਦੇ ਪਿੱਛੇ ਕੋਈ ਵੱਡਾ ਪ੍ਰਭਾਵਸ਼ਾਲੀ ਗਰੋਹ ਕੰਮ ਕਰਦਾ ਹੋ ਸਕਦਾ ਹੈ ਅਤੇ ਬਾਕਾਇਦਾ ਸਰਕਾਰੀ ਅਧਿਕਾਰੀਆਂ ਅਤੇ ਸੱਤਾਧਾਰੀਆਂ ਦੀ ਮਿਲੀਭੁਗਤ ਨਾਲ ਹੀ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਰਿਹਾ ਹੈ।
ਸ੍ਰੀ ਦਾਊ ਨੇ ਦੱਸਿਆ ਕਿ ਇਸ ਕੰਪਨੀ ਵਲੋੱ ਜੁਲਾਈ 1 ਜੁਲਾਈ 2011 ਵਿੱਚ ਗਮਾਡਾ ਨੂੰ ਪਿੰਡ ਬੈਰਮਪੁਰ ਦੀ 25 ਏਕੜ ਜਮੀਨ ਦਾ ਸੀ ਐਲ ਯੂ ਹਾਸਿਲ ਕਰਨ ਲਈ ਅਪਲਾਈ ਕਰਕੇ ਇਸ ਮਾਮਲੇ ਦੀ ਸ਼ੁਰੂਆਤ ਕੀਤੀ ਗਈ ਸੀ। ਉਹਨਾਂ ਕਿਹਾ ਕਿ 6 ਜੁਲਾਈ 2011 ਨੂੰ ਗਮਾਡਾ ਵਲੋੱ ਇਸ ਕੰਪਨੀ ਦੇ ਖਿਲਾਫ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਕਿ ਇਸ ਕੰਪਨੀ ਵਲੋੱ ਪੂਡਾ ਐਕਟ ਦੀ ਉਲੰਘਣਾ ਕਰਕੇ ਇਸ਼ਤਿਹਾਰਬਾਜੀ ਕੀਤੀ ਜਾ ਰਹੀ ਹੈ। ਪਰੰਤੂ ਬਾਅਦ ਵਿੱਚ ਗਮਾਡਾ ਵੱਲੋਂ ਇਸ ਕੰਪਨੀ ਕੋਲ ਪੂਰੀ ਜਮੀਨ ਨਾ ਹੋਣ ਦੇ ਬਾਵਜੂਦ ਉਸਨੂੰ ਸੀਐਲਯੂ ਜਾਰੀ ਕਰ ਦਿੱਤਾ ਗਿਆ ਅਤੇ ਗਮਾਡਾ ਅਤੇ ਪੁਲੀਸ ਵਲੋੱ ਇਹ ਕਹਿ ਕੇ ਅਦਾਲਤ ਵਿੱਚ ਮਾਮਲਾ ਵੀ ਖਤਮ ਕਰਵਾ ਦਿੱਤਾ ਗਿਆ ਕਿ ਇਸ ਮਾਮਲੇ ਵਿੱਚ ਚਾਲਾਨ ਪੇਸ਼ ਕਰਨ ਦੀ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਇਸ ਨਾਲ ਜਾਹਿਰ ਹੁੰਦਾ ਹੈ ਕਿ ਪੁਲੀਸ ਅਤੇ ਗਮਾਡਾ ਦੇ ਅਧਿਕਾਰੀ ਸੱਤਾਧਾਰੀਆਂ ਦੇ ਦਬਾਅ ਵਿੱਚ ਕੰਮ ਕਰ ਰਹ ਸਨ ਅਤੇ ਇਸੇ ਕਾਰਨ ਕੰਪਨੀ ਦੇ ਖਿਲਾਫ ਕੀਤੀ ਐਫ ਆਈ ਆਰ ਖਾਰਿਜ ਕਰਵਾਈ ਗਈ। ਉਹਨਾਂ ਕਿਹਾ ਕਿ ਇਸ ਕੰਪਨੀ ਵਲੋੱ ਸਾਲ 2013-14 ਵਿੱਚ ਆਮਦਨ ਕਰ ਵਿਭਾਗ ਕੋਲ ਜਮਾਂ ਕਰਵਾਈ ਗਈ ਰਿਟਰਨ ਵਿੱਚ 750 ਕਰੋੜ ਰੁਪਏ ਦੀ ਟਰਨਓਵਰ ਵਿਖਾਈ ਗਈ ਹੈ ਪਰੰਤੂ ਇਹ ਸਾਰਾ ਪੈਸਾ ਅਖੀਰਕਾਰ ਕਿੱਥੇ ਗਿਆ ਇਹ ਜਾਂਚ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਕੰਪਨੀ ਦੇ ਪ੍ਰਬੰਧਕ ਨਵਜੀਤ ਸਿੰਘ (ਜਿਹਨਾਂ ਨੂੰ ਪਿਛਲੇ ਦਿਨੀ ਪੁਲੀਸ ਵਲੋੱ ਪਾਸਪੋਰਟ ਬਣਵਾਉਣ ਵੇਲੇ ਜਰੂਰੀ ਜਾਣਕਾਰੀ ਲੁਕਾਉਣ ਦੇ ਦੋਸ਼ ਵਿੱਚ ਕਾਬੂ ਕੀਤਾ ਗਿਆ ਸੀ) ਅਤੇ ਉਸਦੀ ਪਤਨੀ ਦੇ ਬੈਂਕ ਖਾਤਿਆਂ ਵਿੱਚ ਸਿਰਫ 50 ਹਜਾਰ ਦੇ ਕਰੀਬ ਰਕਮ ਪਈ ਹੈ ਅਤੇ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਨਿਵੇਸ਼ਕਾਂ ਤੋੱ ਲਿਆ ਗਿਆ ਪੈਸਾ ਖੁਰਦ ਬੁਰਦ ਕੀਤਾ ਜਾ ਚੁੱਕਿਆ ਹੈ। ਉਹਨਾਂ ਕਿਹਾ ਕਿ ਲੋਕਾਂ ਵਲੋੱ ਆਪਣੀ ਜੀਵਨ ਭਰ ਦੀ ਕਮਾਈ ਇਸ ਕੰਪਨੀ ਵਿੱਚ ਲਗਾਈ ਗਈ ਸੀ ਕਿ ਉਹਨਾਂ ਨੂੰ ਫਲੈਟ ਜਾਂ ਮਕਾਨ ਮਿਲੇਗਾ ਪਰੰਤੂ ਹੁਣ ਇਹ ਪੈਸੇ ਡੁੱਬ ਗਏ ਹਨ ਅਤੇ ਲੋਕਾਂ ਨੂੰ ਨਿਆਂ ਦੀ ਕੋਈ ਆਸ ਨਜਰ ਨਹੀਂ ਆ ਰਹੀ ਹੈ।
ਸ੍ਰੀ ਦਾਊ ਨੇ ਮੰਗ ਕੀਤੀ ਕਿ ਨਵੀਂ ਸਰਕਾਰ ਬਣਨ ਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਇਸ ਮਾਮਲੇ ਵਿੱਚ ਸ਼ਾਮਿਲ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਪਹਿਚਾਣ ਕਰਕੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਨਿਵੇਸ਼ਕਾਂ ਨੂੰ ਉਹਨਾ ਦਾ ਪੈਸਾ ਵਾਪਿਸ ਦਿਵਾਇਆ ਜਾਵੇ ਅਤੇ ਇਸ ਗੱਲ ਦੇ ਵੀ ਪ੍ਰਬੰਧ ਕੀਤੇ ਜਾਣ ਕਿ ਅਜਿਹੀਆਂ ਬੋਗਸ ਕੰਪਨੀਆਂ ਵਲੋੱ ਭਵਿੱਚ ਵਿੱਚ ਲੋਕਾਂ ਦੀ ਇਸ ਤਰੀਕੇ ਨਾਲ ਲੁੱਟ ਨਾ ਕੀਤੀ ਜਾ ਸਕੇ।
ਉਧਰ, ਇਸ ਸਬੰਧੀ ਪੁਲੀਸ ਹਿਰਾਸਤ ਦੌਰਾਨ ਕੰਪਨੀ ਸਕਾਈ ਰਾਕ ਸਿਟੀ ਦੇ ਨਿਰਦੇਸ਼ਕ ਸ੍ਰੀ ਨਵਜੀਤ ਸਿੰਘ ਨੇ ਉਕਤ ਸੰਸਥਾ ਅਤੇ ਨਿਵੇਸ਼ਕਾਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਾਰੀ ਕਾਰਵਾਈ ਗਮਾਡਾ ਦੀਆਂ ਹਦਾਇਤਾਂ ਅਤੇ ਨਿਯਮਾਂ ਅਨੁਸਾਰ ਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁੱਝ ਲੋਕ ਸੁਸਾਇਟੀ ਨੂੰ ਬਦਨਾਮ ਕਰਨ ਲਈ ਉਸ ਨੂੰ ਬਲੈਕਮੇਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹਵਾਲਾਤ ਤੋਂ ਬਾਹਰ ਆ ਕੇ ਅਹਿਮ ਖੁਲਾਸੇ ਕਰਨਗੇ। ਇਸ ਸਮੇਂ ਨਵਜੀਤ ਸਿੰਘ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਮੁਹਾਲੀ ਪੁਲੀਸ ਦੀ ਹਿਰਾਸਤ ਵਿੱਚ ਹੈ।