
ਨਸ਼ਾ ਵਿਰੋਧੀ ਹਸਤਾਖਰ ਮੁਹਿੰਮ: ਪੰਜਾਬ ’ਚੋਂ ਨਸ਼ਿਆਂ ਦਾ ਖ਼ਾਤਮਾ ਕੀਤਾ ਜਾਵੇਗਾ: ਕੁਲਜੀਤ ਰੰਧਾਵਾ
ਨਸ਼ਾ ਛੁਡਾਉਣ ਲਈ ਵੱਡੀ ਪੱਧਰ ’ਤੇ ਨੌਜਵਾਨਾਂ ਨੂੰ ਕੀਤਾ ਜਾਵੇਗਾ ਜਾਗਰੂਕ: ਡਾ. ਗੁਰਪ੍ਰੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ:
ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਟ ਵੱਲੋਂ ਨਸ਼ਾ ਵਿਰੋਧੀ ਹਸਤਾਖਰ ਮੁਹਿੰਮ ਦੇ ਤਹਿਤ ਜਾਗਰੂਕਤਾ ਪੈਦਾ ਕਰਨ ਅਤੇ ਇਸ ਸਮਾਜਿਕ ਬੁਰਾਈ ਵਿਰੁੱਧ ਸਰਗਰਮੀ ਨਾਲ ਪਿੱਛੇ ਹਟਣ ਲਈ ਇੱਕ ਐਂਟੀ-ਡਰੱਗ ਅਬਿਊਜ਼ ਹਸਤਾਖਰ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਡੇਰਾਬੱਸੀ ਤੋਂ ਆਪ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਰੂਪੀ ਬੁਰਾਈ ਨੂੰ ਖ਼ਤਮ ਕਰਨ ਲਈ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਟ ਦੇ ਵੱਲੋਂ ਸਰਗਰਮੀ ਨਾਲ ਪਹਿਲਕਦਮੀ ਕੀਤੀ ਗਈ ਹੈ, ਇਸ ਲਈ ਸੰਸਥਾ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ।
ਸ੍ਰੀ ਰੰਧਾਵਾ ਨੇ ਕਿਹਾ ਕਿ ਯੂਨੀਵਰਸਲ ਗਰੁੱਪ ਦੀ ਇਸ ਪਹਿਲ ਦੇ ਨਾਲ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਨਸ਼ੇ ਰੂਪੀ ਕੋਹੜ ਨੂੰ ਪੰਜਾਬ ’ਚੋਂ ਕੱਢਣ ਦੇ ਲਈ ਪ੍ਰੇਰਨਾ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ਼ ਮੁਹਿੰਮ ਛੇੜ ਰੱਖੀ ਹੈ ਅਤੇ ਯੂਨੀਵਰਸਲ ਵੱਲੋਂ ਇਹ ਪੈਲੇਸ ਪਹਿਲਕਦਮੀ ਸ਼ਲਾਘਾਯੋਗ ਹੈ। ਇਸ ਮੌਕੇ ਵਿਦਿਆਰਥੀਆਂ ਨੇ ਨਸ਼ਿਆਂ ਦੀ ਬੁਰਾਈ ਬਾਰੇ ਇੱਕ ਪ੍ਰੋਗਰਾਮ ਪੇਸ਼ ਕੀਤਾ ਅਤੇ ਭੰਗੜੇ ਦੇ ਰੂਪ ਵਿੱਚ ਪੰਜਾਬ ਦੇ ਸੱਭਿਆਚਾਰਕ ਵਿਰਸੇ ਨੂੰ ਪੇਸ਼ ਕੀਤਾ। ਪ੍ਰੋਗਰਾਮ ਤੋਂ ਬਾਅਦ ਨਸ਼ਾ ਵਿਰੋਧੀ ਸਹੁੰ ਚੁੱਕ ਸਮਾਗਮ ਹੋਇਆ, ਜਿਸ ਤੋਂ ਬਾਅਦ ਹਸਤਾਖਰ ਮੁਹਿੰਮ ਸ਼ੁਰੂ ਕੀਤੀ ਗਈ।
ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਟ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਨੇ ਅਜਿਹੀ ਮੁਹਿੰਮ ਚਲਾਉਣ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਦੁਰਵਰਤੋਂ ਅੱਜ ਦੇ ਨੌਜਵਾਨਾਂ ਵਿੱਚ ਚਿੰਤਾ ਦਾ ਇੱਕ ਵੱਡਾ ਮੁੱਦਾ ਬਣ ਗਈ ਹੈ, ਜੋ ਨਾ ਸਿਰਫ਼ ਨਸ਼ਾ ਕਰਨ ਵਾਲੇ ਦੀ ਜ਼ਿੰਦਗੀ ਨੂੰ ਤਬਾਹ ਕਰ ਦਿੰਦੀ ਹੈ, ਸਗੋਂ ਇਸ ਦੇ ਪਰਛਾਵੇਂ ਵਾਲੇ ਰੁਝਾਨਾਂ ਨੂੰ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਦੇ ਜੀਵਨ ਵਿੱਚ ਵੀ ਧੱਕਦਾ ਹੈ।