ਨਸ਼ਾ ਵਿਰੋਧੀ ਮੁਹਿੰਮ: 6 ਮਹੀਨਿਆਂ ਵਿੱਚ ਕੀਤੇ 140 ਕੇਸ ਦਰਜ, 190 ਮੁਲਜ਼ਮ ਗ੍ਰਿਫ਼ਤਾਰ

ਜ਼ਿਲ੍ਹਾ ਪੁਲੀਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਕੀਤੇ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੂਨ
ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਸਫਲ ਬਣਾਉਣ ਲਈ ਮੁਹਾਲੀ ਪੁਲੀਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਸ਼ਿਕੰਜਾ ਕੱਸਣ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜਿਸ ਦੇ ਤਹਿਤ ਇਸ ਸਾਲ ਹੁਣ ਤੱਕ ਜ਼ਿਲ੍ਹਾ ਪੁਲੀਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਐਨਡੀਪੀਐਸ ਐਕਟ ਤਹਿਤ ਦੋ ਕੇਸ ਦਰਜ ਕਰਕੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਕੋਲੋਂ 750 ਗਰਾਮ ਅਫ਼ੀਮ ਅਤੇ 48 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਐੱਸਐੱਸਪੀ ਸੋਨੀ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਨੇ ਪਿਛਲੇ 6 ਮਹੀਨਿਆਂ ਵਿੱਚ (1 ਜਨਵਰੀ ਤੋਂ 26 ਜੂਨ) ਐਨਡੀਪੀਐਸ ਐਕਟ ਤਹਿਤ ਕੁੱਲ ਵੱਖ-ਵੱਖ ਥਾਣਿਆਂ ਵਿੱਚ 140 ਕੇਸ ਦਰਜ ਕੀਤੇ ਗਏ ਹਨ ਅਤੇ 190 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲੀਸ ਵੱਲੋਂ ਹੁਣ ਤੱਕ 4 ਕਿੱਲੋ 350 ਗਰਾਮ ਹੈਰੋਇਨ, 12 ਕਿੱਲੋ 372 ਗਰਾਮ ਅਫ਼ੀਮ, 133 ਕਿੱਲੋ 390 ਗਰਾਮ ਭੁੱਕੀ, 1 ਕਿੱਲੋ 110 ਗਰਾਮ ਚਰਸ, 19 ਕਿੱਲੋ 670 ਗਰਾਮ ਗਾਂਜਾ, ਇੱਕ ਕਿੱਲੋ ਸੁਲਫ਼ਾ, 206 ਗਰਾਮ ਨਸ਼ੀਲਾ ਪਾਊਡਰ, 2830 ਨਸ਼ੀਲੇ ਟੀਕੇ, 109539 ਗੋਲੀਆਂ/ਕੈਪਸੂਲ ਅਤੇ 160 ਨਸ਼ੇ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਆਉਣ ਵਾਲੇ ਸਮੇਂ ਵਿੱਚ ਵੀ ਨਿਰੰਤਰ ਜਾਰੀ ਰਹੇਗੀ। ਐੱਸਐੱਸਪੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਆਸਪਾਸ ਜਿੱਥੇ ਕਿਤੇ ਵੀ ਨਸ਼ੀਲੇ ਪਦਾਰਥ ਵੇਚਣ ਵਾਲੇ ਦਾ ਪਤਾ ਲੱਗੇ ਤਾਂ ਉਹ ਤੁਰੰਤ ਉਸ ਬਾਰੇ ਮੁਹਾਲੀ ਪੁਲੀਸ ਨੂੰ ਜਾਣਕਾਰੀ ਦੇਣ। ਸੂਚਨਾ ਦੇਣ ਵਾਲੇ ਦਾ ਨਾਂ ਅਤੇ ਪਤਾ ਗੁਪਤ ਰੱਖਿਆ ਜਾਵੇਗਾ।

Load More Related Articles

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …