![](https://www.nabaz-e-punjab.com/wp-content/uploads/2023/09/Meeting-4-1.jpg)
ਐਂਟੀ ਅਨਹਾਂਸਮੈਂਟ ਸੰਘਰਸ਼ ਕਮੇਟੀ ਨੇ ਵਿਧਾਇਕ ਕੁਲਵੰਤ ਸਿੰਘ ਦਾ ਕੀਤਾ ਧੰਨਵਾਦ
ਜਲਦੀ ਹੱਲ ਹੋਵੇਗਾ ਮਸਲਾ: ਕੌਂਸਲਰ ਸੁਖਦੇਵ ਸਿੰਘ ਪਟਵਾਰੀ
ਨਬਜ਼-ਏ-ਪੰਜਾਬ, ਮੁਹਾਲੀ, 19 ਸਤੰਬਰ:
ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੀ ਪਹਿਲਕਦਮੀ ਸਦਕਾ ਗਮਾਡਾ ਵੱਲੋਂ ਲੋਕਾਂ ਨੂੰ ਨੋਟਿਸ ਜਾਰੀ ਕਰਨ ਦੀ ਕਾਰਵਾਈ ਬੰਦ ਕਰਾਉਣ ਲਈ ਇੱਥੋਂ ਦੇ ਸੈਕਟਰ-76 ਤੋਂ 80 ਐਂਟੀ ਅਨਹਾਂਸਮੈਂਟ ਸੰਘਰਸ਼ ਕਮੇਟੀ ਨੇ ਵਿਧਾਇਕ ਦਾ ਦਿਲੋਂ ਧੰਨਵਾਦ ਕਰਦਿਆਂ ਆਸ ਜਤਾਈ ਕਿ ਜਲਦੀ ਹੀ ਪੰਜਾਬ ਸਰਕਾਰ ਤੋਂ ਲੋਕਾਂ ਦੇ ਗਲ ਮੜੇ ਵਾਧੂ ਪੈਸਿਆਂ ਤੋਂ ਵੀ ਛੁਟਕਾਰਾ ਮਿਲੇਗਾ। ਅੱਜ ਇੱਥੇ ਸੈਕਟਰ-77 ਵਿੱਚ ‘ਆਪ’ ਵਲੰਟੀਅਰ ਅਤੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇਸ ਗੱਲ ’ਤੇ ਤਸੱਲੀ ਪ੍ਰਗਟਾਈ ਗਈ ਕਿ ਗਮਾਡਾ ਵੱਲੋਂ ਲੋਕਾਂ ਨੂੰ ਜਾਰੀ ਕੀਤੇ ਜਾ ਰਹੇ ਅਨਹਾਂਸਮੈਂਟ ਦੇ ਨੋਟਿਸ ਹੁਣ ਬੰਦ ਕਰ ਦਿੱਤੇ ਹਨ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਮਤਾ ਪਾਸ ਕਰਕੇ ਵਿਧਾਇਕ ਕੁਲਵੰਤ ਸਿੰਘ ਅਤੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਰੱਜ ਕੇ ਪ੍ਰਸੰਸਾ ਕੀਤੀ। ਕਮੇਟੀ ਨੇ ਇਹ ਵੀ ਨੋਟ ਕੀਤਾ ਕਿ ਹੁਣ ਇਹ ਕੇਸ ਸਹੀ ਦਿਸ਼ਾ ਵੱਲ ਜਾ ਰਿਹਾ ਹੈ।
ਮੀਟਿੰਗ ਦੇ ਸ਼ੁਰੂ ਵਿੱਚ ਕਨਵੀਨਰ ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਗਮਾਡਾ ਵੱਲੋਂ ਜਾਰੀ ਨੋਟਿਸਾਂ ਦਾ ਮਾਮਲਾ ਉਨ੍ਹਾਂ ਨੇ ਵਿਧਾਇਕ ਕੁਲਵੰਤ ਸਿੰਘ ਦੇ ਧਿਆਨ ਵਿੱਚ ਲਿਆਂਦਾ ਸੀ। ਜਿਸ ਦਾ ਉਨ੍ਹਾਂ ਨੇ ਤੁਰੰਤ ਐਕਸ਼ਨ ਲੈਂਦਿਆਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਨਾਲ ਸੰਪਰਕ ਕਰਕੇ ਇਸ ਕਾਰਵਾਈ ਨੂੰ ਬੰਦ ਕਰਨ ਲਈ ਕਿਹਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਨਾਲ ਵੀ ਇਸ ਮਾਮਲੇ ਨੂੰ ਲੈ ਕੇ ਗੱਲ ਕੀਤੀ ਗਈ ਸੀ। ਜਿਸ ਦੇ ਜਵਾਬ ਵਿੱਚ ਉਨ੍ਹਾਂ 15 ਸਤੰਬਰ ਤੋਂ ਬਾਅਦ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਸੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਨੋਟਿਸ ਬੰਦ ਹੋਣ ਨਾਲ ਉਨ੍ਹਾਂ ਦਾ ਅੱਧਾ ਮਸਲਾ ਹੱਲ ਹੋ ਗਿਆ ਹੈ। ਕੌਂਸਲਰ ਹਰਜੀਤ ਸਿੰਘ ਭੋਲੂ ਤੇ ਸੁੱਚਾ ਸਿੰਘ ਕਲੌੜ, ਚਰਨਜੀਤ ਕੌਰ, ਰਜੀਵ ਵਸ਼ਿਸ਼ਟ, ਨਵਜੋਤ ਸਿੰਘ ਬਾਛਲ, ਜਰਨੈਲ ਸਿੰਘ, ਦਿਆਲ ਚੰਦ ਬਡਬਰ ਨੇ ਕਿਹਾ ਕਿ ਵਿਧਾਇਕ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਸਿੱਟੇ ਵਧੀਆਂ ਨਿਕਲ ਰਹੇ ਹਨ ਅਤੇ ਉਨ੍ਹਾਂ ਦੀ ਸਭ ਦੀ ਤਸੱਲੀ ਹੈ ਕਿ ਕੁਲਵੰਤ ਸਿੰਘ ਇਸ ਮਸਲੇ ਨੂੰ ਸਹੀ ਅੰਜਾਮ ਉਤੇ ਪਹੁੰਚਾਉਣਗੇ।
ਇਸ ਮੌਕੇ ਸੁਖਦੇਵ ਸਿੰਘ ਪਟਵਾਰੀ ਨੇ ਮੀਟਿੰਗ ਵਿੱਚ ਇਹ ਜਾਣਕਾਰੀ ਵੀ ਸਾਂਝੀ ਕੀਤੀ ਕਿ ਵਿਧਾਇਕ ਵੱਲੋਂ ਸੀਏ ਗਮਾਡਾ ਨੂੰ ਡੀਓ ਨੋਟ ਵੀ ਭੇਜਿਆ ਗਿਆ ਸੀ। ਜਿਸ ਵਿੱਚ ਉਨ੍ਹਾਂ ਨੇ ਲੋਕਾਂ ਦੀਆਂ ਜਾਇਜ਼ ਮੰਗਾਂ ਮੰਨਣ ਦਾ ਜ਼ਿਕਰ ਕਰਦਿਆਂ ਤੁਰੰਤ ਮੀਟਿੰਗ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਸਕੱਤਰ ਹਾਊਸਿੰਗ, ਪੰਜਾਬ ਸਰਕਾਰ ਤੇ ਸੀਏ ਗਮਾਡਾ ਦੀ ਇਸ ਸਬੰਧੀ ਮੀਟਿੰਗ ਵੀ ਹੋ ਚੁੱਕੀ ਹੈ, ਜਿਸ ਵਿੱਚ ਮਸਲੇ ਨੂੰ ਵਿਚਾਰਿਆ ਗਿਆ। ਉਨ੍ਹਾਂ ਦੱਸਿਆ ਕਿ ਵਿਧਾਇਕ ਨਾਲ ਗੱਲਬਾਤ ਕਰਕੇ ਛੇਤੀ ਹੀ ਐਂਟੀ ਅਨਹਾਂਸਮੈਂਟ ਕਮੇਟੀ ਦੀ ਮੀਟਿੰਗ ਸਕੱਤਰ ਹਾਉਸਿੰਗ ਨਾਲ ਕਰਵਾਈ ਜਾਵੇਗੀ।
ਮੀਟਿੰਗ ਵਿੱਚ ਜੀਐਸ ਪਠਾਣੀਆਂ, ਸੁਖਚੈਨ ਸਿੰਘ, ਮੇਜਰ ਸਿੰਘ, ਅਨੋਖ ਸਿੰਘ ਕਾਹਲੋਂ, ਸੁਰਿੰਦਰ ਸਿੰਘ ਕੰਗ, ਜਸਪਾਲ ਸਿੰਘ ਢਿੱਲੋਂ, ਲਾਭ ਸਿੰਘ ਸਿੱਧੂ, ਭਗਵੰਤ ਸਿੰਘ ਗਿੱਲ, ਬਲਵਿੰਦਰ ਸਿੰਘ, ਸਰਦੂਲ ਸਿੰਘ ਪੂਨੀਆ, ਸੰਤ ਸਿੰਘ, ਰਾਜ ਕੁਮਾਰ, ਸੁਰੇਸ਼ ਸ਼ਰਮਾ, ਕਸ਼ਮੀਰ ਚੰਦ ਅਤੇ ਡੀਐਸ ਓਬਰਾਏ ਸ਼ਾਮਲ ਸਨ।