
ਕੱਚੇ ਦਫ਼ਤਰੀ ਕਾਮਿਆਂ ਵੱਲੋਂ ਬਾਜ਼ਾਰਾਂ ਤੇ ਗਲੀ ਮੁਹੱਲਿਆਂ ਵਿੱਚ ਸਰਕਾਰ ਵਿਰੁੱਧ ਭੰਡੀ ਪ੍ਰਚਾਰ
ਸਰਵ ਸਿੱਖਿਆ ਅਭਿਆਨ ਦਫ਼ਤਰੀ ਕੱਚੇ ਕਾਮਿਆਂ ਦਾ ਸਿੱਖਿਆ ਭਵਨ ਦੇ ਬਾਹਰ ਲੜੀਵਾਰ ਧਰਨਾ ਜਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਨਵੰਬਰ:
ਸਰਵ ਸਿੱਖਿਆ ਅਭਿਆਨ/ਮਿਡ-ਡੇਅ-ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਸੂਬਾਈ ਆਗੂ ਅਸੀਸ ਜੁਲਾਹਾ, ਰਜਿੰਦਰ ਸਿੰਘ ਸੰਧਾ, ਵਿਕਾਸ ਕੁਮਾਰ, ਚਮਕੌਰ ਸਿੰਘ, ਦਵਿੰਦਰਜੀਤ ਸਿੰਘ, ਬਲਜਿੰਦਰ ਸਿੰਘ, ਯੁਵਰਾਜ ਸ਼ਰਮਾ ਦੀ ਸਾਂਝੀ ਅਗਵਾਈ ਹੇਠ ਸਿੱਖਿਆ ਭਵਨ ਦੇ ਬਾਹਰ ਲੜੀਵਾਰ ਧਰਨਾ ਐਤਵਾਰ ਨੂੰ 6ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਅੱਜ ਕੱਚੇ ਕਾਮਿਆਂ ਨੇ ਪੈਦਲ ਰੋਸ ਮਾਰਚ ਕਰਦਿਆਂ ਇੱਥੋਂ ਦੇ ਫੇਜ਼-9 ਸਥਿਤ ਮਾਰਕੀਟ ਅਤੇ ਗਲੀ ਮੁਹੱਲਿਆਂ ਵਿੱਚ ਚੰਨੀ ਸਰਕਾਰ ਵਿਰੁੱਧ ਭੰਡੀ ਪ੍ਰਚਾਰ ਕੀਤਾ ਅਤੇ ਸ਼ਹਿਰ ਵਾਸੀਆਂ ਨੂੰ ਹੁਕਮਰਾਨਾਂ ਦੇ ਝੂਠੇ ਲਾਰਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਸਾਥੀ ਮੰਤਰੀ ਸਿਰਫ਼ ਫੌਕੇ ਐਲਾਨ ਕਰ ਕੇ ਰੋਜ਼ਾਨਾ ਡੰਗ ਟਪਾ ਰਹੇ ਹਨ।
ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਵਿਕਾਸ ਪੱਖੀ ਇਸ਼ਤਿਹਾਰੀ ਬੋਰਡ ਚਿੱਟਾ ਹਾਥੀ ਸਾਬਤ ਹੋ ਰਹੇ ਹਨ। ਇਨ੍ਹਾਂ ਐਲਾਨਾਂ ਵਿੱਚ ਹੀ ਇੱਕ ਪ੍ਰਮੁੱਖ ਐਲਾਨ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵੀ ਸ਼ਾਮਲ ਹੈ, ਪ੍ਰੰਤੂ 17 ਦਿਨ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਨੋਟੀਫ਼ਿਕੇਸ਼ਨ ਅਤੇ ਸਬੰਧਤ ਵਿਭਾਗਾਂ ਨੂੰ ਸਰਕਾਰੀ ਪੱਤਰ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਅਧਿਕਾਰੀਆਂ ਦੀ ਬੇਬਸੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀ ਕੱਚੇ ਕਾਮਿਆਂ ਨੂੰ ਪੱਕੇ ਕਰਨ ਤੋਂ ਇਹ ਕਹਿ ਕੇ ਪੱਲਾ ਝਾੜ ਲੈਂਦੇ ਹਨ ਕਿ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੀ ਕਾਰਵਾਈ ਆਰੰਭੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਅਤੇ ਨੀਅਤ ਵਿੱਚ ਖੋਟ ਦੇ ਚੱਲਦੇ ਕੱਚੇ ਕਾਮੇ ਇਨਸਾਫ਼ ਲਈ ਸੜਕਾਂ ’ਤੇ ਰੁਲ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਜਿਵੇਂ ਸਿਆਸੀ ਪਾਰਟੀਆਂ ਦੇ ਆਗੂ ਚੋਣਾਂ ਦੌਰਾਨ ਘਰ-ਘਰ ਜਾ ਕੇ ਵੋਟਾਂ ਮੰਗਦੇ ਹਨ, ਉਸੇ ਤਰ੍ਹਾਂ ਕੱਚੇ ਮੁਲਾਜ਼ਮਾਂ ਵੱਲੋਂ ਮਾਰਕੀਟਾਂ, ਗਲੀ ਮੁਹੱਲਿਆਂ ਵਿੱਚ ਝੂਠੇ ਲਾਰਿਆਂ ਦੀ ਪੋਲ ਖੋਲ੍ਹਣ ਲਈ ਭੰਡੀ ਪ੍ਰਚਾਰ ਕੀਤਾ ਜਾਵੇਗਾ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਜਦੋਂ ਹੁਕਮਰਾਨ ਜਾਂ ਬਾਕੀ ਪਾਰਟੀਆਂ ਦੇ ਆਗੂ ਵੋਟ ਮੰਗਣ ਆਉਣ ਤਾਂ ਉਨ੍ਹਾਂ ਨੂੰ ਮੁਲਾਜ਼ਮਾਂ ਦੀ ਅਣਦੇਖੀ ਬਾਰੇ ਸਵਾਲ ਜ਼ਰੂਰ ਪੁੱਛਣ।