
ਐਂਟੀ-ਨਾਰਕੋਟਿਕਸ ਸੈਲ ਵੱਲੋਂ 50 ਗਰਾਮ ਹੈਰੋਇਨ, ਦੇਸੀ ਪਿਸਤੌਲ ਸਣੇ ਤਿੰਨ ਮੁਲਜ਼ਮ ਗ੍ਰਿਫ਼ਤਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ:
ਪੰਜਾਬ ਪੁਲੀਸ ਦੇ ਐੱਟੀ-ਨਾਰਕੋਟਿਕਸ-ਕਮ-ਸਪੈਸ਼ਲ ਅਪਰੇਸ਼ਨ ਸੈਲ ਫੇਜ਼-7, ਮੁਹਾਲੀ ਦੀ ਵਿਸ਼ੇਸ਼ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 50 ਗਰਾਮ ਹੈਰੋਇਨ, ਇੱਕ .32 ਬੋਰ ਦਾ ਦੇਸੀ ਪਿਸਤੌਲ, 4 ਕਾਰਤੂਸ ਅਤੇ ਸਵਾ ਦੋ ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਰੂਪਨਗਰ ਰੇਂਜ ਦੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੌਰਾਨ ਐੱਟੀ-ਨਾਰਕੋਟਿਕਸ-ਕਮ-ਸਪੈਸ਼ਲ ਅਪਰੇਸ਼ਨ ਸੈਲ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਸ਼ਸ਼ੀਪਾਲ ਉਰਫ਼ ਸ਼ਸ਼ੀ ਵਾਸੀ ਪਿੰਡ ਸਲੇਮਪੁਰ (ਹੁਸ਼ਿਆਰਪੁਰ) ਅਤੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮੁਹਾਲੀ ਖੇਤਰ ਵਿੱਚ ਹੈਰੋਇਨ ਵੇਚਣ ਦਾ ਧੰਦਾ ਕਰਦਾ ਸੀ। ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇੰਸਪੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਤੇ ਹੋਰ ਪੁਲੀਸ ਮੁਲਾਜ਼ਮਾਂ ਵੱਲੋਂ ਸਪਾਈਸ ਚੌਕ ਨੇੜਿਓਂ ਸ਼ਸ਼ੀਪਾਲ ਅਤੇ ਉਸਦੇ ਸਾਥੀਆਂ ਮਨਦੀਪ ਸਿੰਘ ਉਰਫ਼ ਦੀਪ ਵਾਸੀ ਮੁਗੋਵਾਲ (ਹੁਸ਼ਿਆਰਪੁਰ) ਅਤੇ ਰਮਨ ਭਨੋਟ ਵਾਸੀ ਪਿੰਡ ਸਲੇਮਪੁਰ (ਹੁਸ਼ਿਆਰਪੁਰ) ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਮੁਲਜ਼ਮ ਮਨਦੀਪ ਸਿੰਘ ਦੀਪ ਦੀ ਸਵਿਫ਼ਟ ਕਾਰ ਵੀ ਆਪਣੇ ਕਬਜ਼ੇ ਵਿੱਚ ਲਈ ਹੈ। ਮੁਲਜ਼ਮ ਮਨਦੀਪ ਸਿੰਘ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਦੋ ਮਾਮਲਿਆਂ ਵਿੱਚ ਭਗੌੜਾ ਚੱਲ ਰਿਹਾ ਸੀ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲੀਸ ਨੂੰ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।