
ਐਂਟੀ-ਨਾਰਕੋਟਿਕਸ ਸੈੱਲ ਵੱਲੋਂ 1.5 ਕਿੱਲੋ ਅਫ਼ੀਮ ਸਣੇ ਮੁਲਜ਼ਮ ਗ੍ਰਿਫ਼ਤਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੁਲਾਈ:
ਰੂਪਨਗਰ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਪੁਲੀਸ ਦੇ ਰੂਪਨਗਰ ਰੇਂਜ ਦੇ ਐਂਟੀ-ਨਾਰਕੋਟਿਕਸ-ਕਮ-ਸਪੈਸ਼ਲ ਅਪਰੇਸ਼ਨ ਸੈਲ ਨੇ ਮੁਹਾਲੀ ਦੇ ਡੀਐਸਪੀ (ਐੱਚ) ਮਨਵੀਰ ਸਿੰਘ ਬਾਜਵਾ ਦੀ ਨਿਗਰਾਨੀ ਹੇਠ ਇਸ ਨਵੇਂ ਸੈੱਲ ਦੇ ਇੰਚਾਰਜ ਸਬ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਇੱਕ ਮੁਲਜ਼ਮ ਨੂੰ 1.5 ਕਿੱਲੋ ਅਫ਼ੀਮ ਸਣੇ ਗ੍ਰਿਫ਼ਤਾਰ ਕਰਨ ਵਿੱਚ ਸਫਲਾ ਹਾਸਲ ਕੀਤੀ ਹੈ। ਮੁਲਜ਼ਮ ਕੋਲੋਂ 52 ਹਜ਼ਾਰ ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।
ਐਂਟੀ-ਨਾਰਕੋਟਿਕਸ-ਕਮ-ਸਪੈਸ਼ਲ ਅਪਰੇਸ਼ਨ ਸੈਲ ਦੇ ਇੰਚਾਰਜ ਐਸਆਈ ਹਰਮਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਿਨੇਸ਼ ਕੁਮਾਰ ਵਾਸੀ ਪਿੰਡ ਐਹਿਮਾਗੜ੍ਹ (ਰਾਜਸਥਾਨ) ਜੋ ਇਸ ਸਮੇਂ ਸੈਕਟਰ-79, ਮੁਹਾਲੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ, ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਹੈ। ਸੂਚਨਾ ਨੂੰ ਆਧਾਰ ਬਣਾ ਕੇ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਤਲਾਸ਼ੀ ਦੌਰਾਨ ਡੇਢ ਕਿੱਲੋ ਅਫ਼ੀਮ ਬਰਾਮਦ ਕੀਤੀ ਗਈ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਰਾਜਸਥਾਨ ਤੋਂ ਅਫ਼ੀਮ ਲਿਆ ਕੇ ਮੁਹਾਲੀ ਵਿੱਚ ਆਪਣੇ ਪੱਕੇ ਗਾਹਕਾਂ ਨੂੰ ਸਪਲਾਈ ਕਰਦਾ ਹੈ। ਮੁਲਜ਼ਮ ਵਿਰੁੱਧ ਸੋਹਾਣਾ ਥਾਣੇ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਅਨੁਸਾਰ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਮੰਨਿਆਂ ਕਿ ਉਹ ਪਿਛਲੇ ਕਰੀਬ ਚਾਰ ਸਾਲ ਤੋਂ ਆਪਣਾ ਜੱਦੀ ਪਿੰਡ ਛੱਡ ਕੇ ਮੁਹਾਲੀ ਆ ਕੇ ਕਿਰਾਏ ’ਤੇ ਰਹਿਣ ਲੱਗ ਪਿਆ ਸੀ ਅਤੇ ਇੱਥੇ ਉਸ ਨੇ ਅਫ਼ੀਮ ਵੇਚਣ ਦਾ ਧੰਦਾ ਸ਼ੁਰੂ ਕਰ ਲਿਆ। ਉਂਜ ਮੁਲਜ਼ਮ ਨੇ ਸੈਕਟਰ-80 ਸਥਿਤ ਪਿੰਡ ਮੌਲੀ ਬੈਦਵਾਨ ਵਿੱਚ ਦੁਕਾਨ ਕਿਰਾਏ ’ਤੇ ਲੈ ਕੇ ਸਟੀਲ ਰੇਲਿੰਗ ਦਾ ਕੰਮ ਵੀ ਖੋਲ੍ਹਿਆ ਹੋਇਆ ਹੈ। ਪੁਲੀਸ ਅਨੁਸਾਰ ਮੁਲਜ਼ਮ ਕੋਲੋਂ ਪੁੱਛਗਿੱਛ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ ਵਿੱਚ ਹੋਰ ਵੀ ਅਹਿਮ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।