nabaz-e-punjab.com

ਮੁੱਖ ਮੰਤਰੀ ਵੱਲੋਂ ਸਿੱਖਾਂ ਦੇ ਜਬਰੀ ਧਰਮ ਪਰਿਵਰਤਨ ਦਾ ਮਸਲਾ ਪਾਕਿਸਤਾਨ ਕੋਲ ਉਠਾਉਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 19 ਦਸੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਖ਼ੈਬਰ-ਪਖ਼ਤੂਨਖਵਾ ਸੂਬੇ ਵਿੱਚ ਸਿੱਖਾਂ ਦੇ ਇਸਲਾਮ ਧਰਮ ਵਿੱਚ ਜਬਰੀ ਪਰਿਵਰਤਨ ਦਾ ਮਾਮਲਾ ਪਾਕਿਸਤਾਨ ਅਥਾਰਟੀ ਕੋਲ ਉਠਾਉਣ ਦੀ ਅਪੀਲ ਕੀਤੀ ਹੈ। ਖ਼ੈਬਰ-ਪਖ਼ਤੂਨਖਵਾ ਸੂਬੇ ਦੇ ਹੰਗੂ ਜ਼ਿਲ੍ਹੇ ਵਿੱਚ ਸਿੱਖ ਭਾਈਚਾਰੇ ਵੱਲੋਂ ਅਜਿਹੇ ਜਬਰੀ ਪਰਿਵਰਤਨ ਬਾਰੇ ਕੀਤੀ ਸ਼ਿਕਾਇਤ ਦੀਆਂ ਸਾਹਮਣੇ ਆਈਆਂ ਰਿਪੋਰਟਾਂ ’ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਸਿੱਖਾਂ ਦੇ ਹਿੱਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਭਾਰਤ ਸਰਕਾਰ ਦਾ ਫਰਜ਼ ਬਣਦਾ ਹੈ। ਸਿੱਖ ਭਾਈਚਾਰਾ ਜੋ ਇਸ ਇਲਾਕੇ ਵਿੱਚ ਇਕ ਸਦੀ ਤੋਂ ਵੀ ਵੱਧ ਸਮੇਂ ਤੋਂ ਰਹਿ ਰਿਹਾ ਹੈ, ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇਸ ਸਬੰਧ ਵਿੱਚ ਅਧਿਕਾਰਤ ਤੌਰ ’ਤੇ ਸ਼ਿਕਾਇਤ ਵੀ ਕੀਤੀ ਹੈ ਜਿਸ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਸਲਾ ਹੈ ਖਾਸਕਰ ਉਸ ਵੇਲੇ ਜਦੋਂ ਇਕ ਸਰਕਾਰੀ ਅਧਿਕਾਰੀ ਵੱਲੋਂ ਹੀ ਜਬਰੀ ਪਰਿਵਰਤਨ ਕਰਵਾਉਣ ਦੀ ਕਥਿਤ ਅਗਵਾਈ ਕੀਤੀ ਜਾ ਰਹੀ ਹੋਵੇ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਦਖ਼ਲਅੰਦਾਜ਼ੀ ਕਰਨੀ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਅਤੇ ਅਜਿਹੀ ਮਾੜੀ ਪ੍ਰਵਿਰਤੀ ਦੇ ਖਾਤਮੇ ਨੂੰ ਯਕੀਨੀ ਬਣਾਇਆ ਜਾਵੇ। ਮੁੱਖ ਮੰਤਰੀ ਨੇ ਕਿਹਾ,‘‘ਜਿੱਥੇ-ਜਿੱਥੇ ਵੀ ਸਿੱਖ ਰਹਿ ਰਹੇ ਹਨ, ਉਨ੍ਹਾਂ ਦੀ ਪਛਾਣ ਦੀ ਰਾਖੀ ਕਰਨਾ ਸਾਡਾ ਫਰਜ਼ ਬਣਦਾ ਹੈ।’’ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਇਸਲਾਮਾਬਾਦ ਵਿੱਚ ਉਚ ਪੱਧਰ ’ਤੇ ਇਸ ਮਾਮਲੇ ਦੀ ਪੈਰਵੀ ਕੀਤੀ ਜਾਵੇ ਤਾਂ ਕਿ ਇਸ ‘ਧਾਰਮਿਕ ਜਬਰ’ ਦਾ ਫੌਰੀ ਅੰਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਧਾਰਮਿਕ ਆਜ਼ਾਦੀ ਹਰੇਕ ਮਨੁੱਖ ਦਾ ਅਧਿਕਾਰ ਹੈ ਅਤੇ ਮਨੁੱਖਤਾ ਦੇ ਵਡੇਰੇ ਹਿੱਤ ਵਿੱਚ ਹਰੇਕ ਮੁਲਕ ਵੱਲੋਂ ਇਸ ’ਤੇ ਪਹਿਰਾ ਦਿੱਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮਸਲੇ ਵਿੱਚ ਸੁਸ਼ਮਾ ਸਵਰਾਜ ਦੀ ਦਖ਼ਲਅੰਦਾਜ਼ੀ ਪਾਕਿਸਤਾਨ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੇ ਬੁਨਿਆਦੀ ਅਧਿਕਾਰ ਦੀ ਸੁਰੱਖਿਆ ਕਰਨ ਵਿੱਚ ਸਹਾਈ ਹੋਵੇਗੀ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…