
ਅਨੁਰਾਗ ਠਾਕੁਰ ਨੇ ਕੁਰਾਲੀ ਵਿੱਚ ਮਹਾਰਾਣਾ ਪ੍ਰਤਾਪ ਭਵਨ ਦਾ ਨੀਂਹ ਪੱਥਰ ਰੱਖਿਆ
ਦੇਸ਼ ਨੂੰ ਧਰਮ ਤੇ ਜਾਤਾਂ ਦੇ ਆਧਾਰ ’ਤੇ ਵੰਡਣ ਦੀ ਕੋਸ਼ਿਸ਼ ਕਰਨਾ ਬਿਲਕੁਲ ਗਲਤ: ਅਨੁਰਾਗ ਠਾਕੁਰ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 28 ਮਈ:
ਸਥਾਨਕ ਸ਼ਹਿਰ ਵਿਚ ਬਣਨ ਵਾਲੇ ਮਹਾਰਾਣਾ ਪ੍ਰਤਾਪ ਭਵਨ ਦਾ ਨੀਂਹ ਪੱਥਰ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਰੱਖਿਆ। ਇਸ ਸਬੰਧੀ ਮਹਾਰਾਣਾ ਪ੍ਰਤਾਪ ਰਾਜਪੂਤ ਸਭਾ ਦੇ ਸੂਬਾ ਪ੍ਰਧਾਨ ਭਾਨੂੰ ਪ੍ਰਤਾਪ ਦੀ ਦੇਖ ਰੇਖ ਵਿਚ ਸ਼ਹਿਰ ਦੇ ਡੇਰਾ ਗੋਸਾਂਈਆਣਾ ਵਿਖੇ ਕੀਤੇ ਰਾਜਪੂਤ ਸੰਮੇਲਨ ਦੌਰਾਨ ਸੰਬੋਧਨ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਮਹਾਰਾਣਾ ਪ੍ਰਤਾਪ ਨੇ ਦੇਸ਼ ਦੀ ਅਖੰਡਤਾ ਨੂੰ ਬਹਾਲ ਰੱਖਣ ਲਈ ਆਪਣੀ ਕੁਰਬਾਨੀ ਦਿਤੀ ਸੀ ਤੇ ਉਸੇ ਤਰਜ਼ ਤੇ ਰਾਜਪੂਤ ਭਾਈਚਾਰੇ ਨੇ ਹਮੇਸ਼ਾਂ ਦੇਸ਼ ਲਈ ਬਣਦਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਦੇਸ਼ ਨੂੰ ਧਰਮ ਅਤੇ ਜਾਤਾਂ ਦੇ ਅਧਾਰ ਤੇ ਵੰਡਣ ਦੀ ਕੋਸ਼ਿਸ ਕਰ ਰਹੇ ਹਨ ਜੋ ਕਿ ਅਤਿ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਯੋਗੀ ਅਦਿੱਤਿਆ ਜੀ ਦੀ ਅਗਵਾਈ ਵਿਚ ਭਾਜਪਾ ਨੇ ਸਰਕਾਰ ਬਣਾਈ ਹੈ ਤੇ ਉਥੇ ਭਾਰਤੀ ਜਨਤਾ ਪਾਰਟੀ ਨੇ ਇੱਕ ਰਿਕਾਰਡਤੋੜ ਜਿੱਤ ਹਾਸਲ ਕੀਤੀ ਜਿਸ ਨੂੰ ਵਿਰੋਧੀ ਪਾਰਟੀਆਂ ਪਚਾ ਨਹੀਂ ਰਹੀਆਂ ਅਤੇ ਸਰਕਾਰ ਵਿਰੁੱਧ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਠਾਕੁਰ ਨੇ ਗਲਤ ਅਨਸਰਾਂ ਨੂੰ ਅਪੀਲ ਕੀਤੀ ਕਿ ਦੇਸ਼ ਨੂੰ ਵੰਡਣ ਦੀ ਥਾਂ ਦੇਸ਼ ਨੂੰ ਇੱਕਜੁਟ ਕਰਨ ਵਿਚ ਆਪਣਾ ਯੋਗਦਾਨ ਦੇਣ ਤਾਂ ਜੋ ਦੇਸ਼ ਅੱਗੇ ਵੱਧ ਸਕੇ। ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਦੇ ਜੀਵਨ ਸਬੰਧੀ ਰਾਜਪੂਤ ਭਾਈਚਾਰੇ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਪ੍ਰੋਗਰਾਮ ਉਲੀਕੇ ਜਾਣਗੇ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਉਨ੍ਹਾਂ ਦੇ ਜੀਵਨ ਬਾਰੇ ਜਾਣੂੰ ਕਰਵਾਉਣ ਲਈ ਪੰਜ ਪੰਜ ਮਿੰਟ ਦੇ ਭਾਸਣ ਕਰਵਾਏ ਜਾਣਗੇ। ਉਨ੍ਹਾਂ ਭਾਈਚਾਰੇ ਨੂੰ ਦੇਸ਼ ਦੀ ਤਰੱਕੀ ਵਿਚ ਬਣਦਾ ਯੋਗਦਾਨ ਦੇਣ ਦੀ ਅਪੀਲ ਵੀ ਕੀਤੀ।
ਇਸ ਦੌਰਾਨ ਰਾਣਾ ਹਰਮੇਸ਼ ਕੁਮਾਰ ਸਾਬਕਾ ਪ੍ਰਧਾਨ ਨਗਰ ਕੌਂਸਲ ਕੁਰਾਲੀ ਦੀ ਅਗਵਾਈ ਵਿਚ ਸਮੁਚੇ ਰਾਜਪੂਤ ਭਾਈਚਾਰੇ ਨੇ ਅਨੁਰਾਗ ਠਾਕੁਰ ਦਾ ਕਿਰਪਾਨ ਨਾਲ ਸਨਮਾਨ ਕੀਤਾ। ਇਸ ਮੌਕੇ ਭਾਨੂੰ ਪ੍ਰਤਾਪ ਨੇ ਰਾਜਪੂਤ ਸੰਮੇਲਨ ਵਿਚ ਪਹੁੰਚੇ ਸਮੁਚੇ ਭਾਈਚਾਰੇ ਦਾ ਧੰਨਵਾਦ ਕੀਤਾ। ਇਸ ਦੌਰਾਨ ਅਨੁਰਾਗ ਠਾਕੁਰ ਨੇ ਸ਼ਹਿਰ ਦੇ ਵਾਰਡ ਨੰਬਰ 14 ਵਿਚ ਬਣਨ ਵਾਲੇ ਮਾਹੁਰਾਣਾ ਪ੍ਰਤਾਪ ਭਵਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਰੇਖਾ ਰਾਣਾ ਸਾਬਕਾ ਵਿਧਾਇਕ ਹਰਿਆਣਾ, ਸੁਰੇਸ਼ ਰਾਣਾ ਮੰਤਰੀ ਉੱਤਰ ਪ੍ਰਦੇਸ਼, ਸਿਆਮ ਸਿੰਘ ਰਾਣਾ ਸੀ.ਪੀ.ਐਮ ਵਿਧਾਇਕ, ਦਵਿੰਦਰ ਠਾਕੁਰ, ਗੁਰਮੇਲ ਪਾਬਲਾ, ਚੌਧਰੀ ਮੁਕੇਸ਼ ਚਨਾਲੋ, ਵਿਜੇ, ਲੱਕੀ ਬੁੜੈਲ, ਵਿੱਕੀ ਸਮੇਤ ਪਤਨੀ ਰਾਜਪੂਤ ਭਾਈਚਾਰੇ ਦੇ ਲੋਕ ਹਾਜ਼ਰ ਸਨ।