
ਅਨੁਰਾਗ ਵਰਮਾ ਵੱਲੋਂ ਵਸੀਕਾ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਸੁਧਾਰਾਂ ’ਤੇ ਜ਼ੋਰ, ਵਸੀਕਾ ਨਵੀਸਾਂ ਨਾਲ ਕੀਤੀ ਮੀਟਿੰਗ
ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸਰਲ ਬਣਾਉਣ, ਤਹਿਸੀਲਾਂ ’ਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਉਦੇਸ਼ ਬਾਰੇ ਕੀਤੀ ਗੱਲਬਾਤ
ਨਬਜ਼-ਏ-ਪੰਜਾਬ, ਮੁਹਾਲੀ, 26 ਅਪਰੈਲ:
ਪੰਜਾਬ ਦੇ ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ (ਮਾਲ) ਅਨੁਰਾਗ ਵਰਮਾ ਨੇ ਵਸੀਕਾ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਸੁਧਾਰ ਲਿਆਉਣ ਅਤੇ ਲੋਕਾਂ ਦੇ ਅਨੁਭਵ ਨੂੰ ਸਰਲ ਬਣਾਉਣ ਅਤੇ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਸਥਾਨਕ ਵਸੀਕਾ ਨਵੀਸਾਂ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਮੁਸ਼ਕਲਾਂ ਨੂੰ ਹੱਲ ਕਰਨ ਅਤੇ ਤਹਿਸੀਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਲਈ ਉਪਾਅ ਪੇਸ਼ ਕਰਨ ’ਤੇ ਕੇਂਦਰਿਤ ਸੀ।
ਅਨੁਰਾਗ ਵਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮਾਲ ਅਤੇ ਪੁਨਰਵਾਸ ਵਿਭਾਗ ਕਈ ਸੁਧਾਰਵਾਦੀ ਪਹਿਲਕਦਮੀਆਂ ’ਤੇ ਕੰਮ ਕਰ ਰਿਹਾ ਹੈ। ਇਹ ਪਹਿਲਕਦਮੀਆਂ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸਰਲ ਬਣਾਉਣ, ਪਾਰਦਰਸ਼ਤਾ ਵਧਾਉਣ ਅਤੇ ਜਵਾਬਦੇਹੀ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਹਨ, ਜੋ ਰਜਿਸਟਰਡ ਵਸੀਕਿਆਂ ਅਤੇ ਦਸਤਾਵੇਜ਼ਾਂ ਦੀ ਸਮੇਂ ਸਿਰ ਡਲਿਵਰੀ ਨੂੰ ਯਕੀਨੀ ਬਣਾਉਣਗੀਆਂ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸੁਧਾਰ ਜਨਤਕ-ਅਨੁਕੂਲ ਪ੍ਰਣਾਲੀ ਨਿਸ਼ਚਿਤ ਕਰਨਗੇ, ਜਿਸ ਨਾਲ ਜਨਤਾ ਬਿਨਾਂ ਕਿਸੇ ਮੁਸ਼ਕਲ ਦੇ ਤਹਿਸੀਲ ਦਫ਼ਤਰਾਂ ਵਿੱਚ ਆਪਣਾ ਕੰਮ ਕਰ ਸਕੇਗੀ। ਇਨ੍ਹਾਂ ਸੁਧਾਰਾਂ ਨਾਲ ਪ੍ਰਕਿਰਿਆ ਨੂੰ ਹੋਰ ਕੁਸ਼ਲ ਬਣਾ ਕੇ ਵਸੀਕਾ ਨਵੀਸਾਂ ਨੂੰ ਵੀ ਲਾਭ ਹੋਣ ਦੀ ਉਮੀਦ ਹੈ।
ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਪ੍ਰਕਿਰਿਆਵਾਂ ਵਿੱਚ ਸੁਧਾਰ ਜਾਰੀ ਹੈ। ਸੁਧਾਰਾਂ ਨੂੰ ਹੌਲੀ-ਹੌਲੀ ਲਾਗੂ ਕੀਤਾ ਜਾਵੇਗਾ ਅਤੇ ਲੋੜ ਅਨੁਸਾਰ ਹੋਰ ਸੁਧਾਰ ਕੀਤੇ ਜਾਣਗੇ। ਇਸ ਮੌਕੇ ਕੀਤੇ ਗਏ ਮੁੱਖ ਬਦਲਾਵਾਂ ’ਚੋਂ ਇੱਕ ਪੰਜਾਬ ਲੈਂਡ ਰੈਵੇਨਿਊ ਸੁਸਾਇਟੀ ਦੀ ਵੈੱਬਸਾਈਟ ਰਾਹੀਂ ਫ਼ਰਦਾਂ ਦੀ ਆਨਲਾਈਨ ਪ੍ਰਾਪਤੀ ਬਾਰੇ ਦੱਸਿਆ ਗਿਆ, ਜਿਸ ਨੂੰ ਅਸਲ ਦਸਤਾਵੇਜ਼ ਵਜੋਂ ਮਾਨਤਾ ਦਿੱਤੀ ਜਾਵੇਗੀ। ਇਨ੍ਹਾਂ ਸੁਧਾਰਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਦਾ ਉਦੇਸ਼ ਕੰਮ ਦੀ ਗੁਣਵੱਤਾ ਨੂੰ ਵਧਾਉਣਾ, ਸਮਾਂ ਬਚਾਉਣਾ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਭ੍ਰਿਸ਼ਟਾਚਾਰ ਖ਼ਤਮ ਕਰਨਾ ਹੈ, ਜਿਸ ਨਾਲ ਲੋਕਾਂ ਨੂੰ ਲਾਭ ਹੋਵੇਗਾ।
ਐਡਵੋਕੇਟ ਰਾਜਿੰਦਰ ਪਾਲ ਸਿੰਘ ਆਨੰਦ ਅਤੇ ਮਨਜੀਤ ਸਿੰਘ ਸਿੱਧੂ ਨੇ ਸੁਧਾਰਾਂ ਲਈ ਆਪਣਾ ਸਮਰਥਨ ਪ੍ਰਗਟ ਕਰਦਿਆਂ ਆਸ ਪ੍ਰਗਟਾਈ ਕਿ ਆਮ ਲੋਕਾਂ ’ਤੇ ਉਨ੍ਹਾਂ ਦੇ ਸਕਾਰਾਤਮਿਕ ਪ੍ਰਭਾਵ ਹੋਣਗੇ ਅਤੇ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਕੁਸ਼ਲਤਾ ਵਿੱਚ ਵਾਧਾ ਹੋਵੇਗਾ। ਮੀਟਿੰਗ ਵਿੱਚ ਸਕੱਤਰ ਮਾਲ ਤੇ ਪੁਨਰਵਾਸ ਸੋਨਾਲੀ ਗਿਰੀ, ਡੀਸੀ ਮੁਹਾਲੀ ਸ੍ਰੀਮਤੀ ਕੋਮਲ ਮਿੱਤਲ, ਐਸਡੀਐਮ ਦਮਨਦੀਪ ਕੌਰ, ਜ਼ਿਲ੍ਹਾ ਮਾਲ ਅਫ਼ਸਰ ਅਮਨਦੀਪ ਚਾਵਲਾ ਅਤੇ ਹੋਰ ਹਾਜ਼ਰ ਸਨ।