Share on Facebook Share on Twitter Share on Google+ Share on Pinterest Share on Linkedin ਪਿੰਡ ਸੋਹਾਣਾ ਵਿੱਚ ਘਰਾਂ ਦੇ ਨੇੜਿਓਂ ਲੰਘਦੀ ਬਿਜਲੀ ਦੀਆਂ ਨੰਗੀਆਂ ਤਾਰਾਂ ਕਾਰਨ ਹਾਦਸਾ ਵਾਪਰਨ ਦਾ ਖ਼ਦਸ਼ਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੁਲਾਈ: ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ (ਵਾਰਡ ਨੰਬਰ-43) ਵਿੱਚ ਰਿਹਾਇਸ਼ੀ ਖੇਤਰ ਵਿੱਚ ਲੋਕਾਂ ਦੇ ਘਰਾਂ ਨੇੜਿਓਂ ਲੰਘਦੀਆਂ ਬਿਜਲੀ ਦੀਆਂ ਨੰਗੀਆਂ ਤਾਰਾਂ ਕਾਰਨ ਵੱਡਾ ਦੁਖਾਂਤ ਵਾਪਰਨ ਦਾ ਖ਼ਦਸ਼ਾ ਹੈ। ਉਂਜ ਵੀ ਪਿੰਡ ਵਿੱਚ ਕਈ ਥਾਵਾਂ ’ਤੇ ਬਿਜਲੀ ਦੀਆਂ ਤਾਰਾਂ ਕਾਫੀ ਨੀਵੀਂਆਂ ਅਤੇ ਪੁਰਾਣੀਆਂ ਹੋਣ ਕਾਰਨ ਆਏ ਦਿਨ ਕਈ ਕਈ ਘੰਟੇ ਬਿਜਲੀ ਸਪਲਾਈ ਗੁੱਲ ਰਹਿੰਦੀ ਹੈ। ਜਿਸ ਕਾਰਨ ਪਿੰਡ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਸੋਹਾਣਾ ਤੋਂ ਵਾਰਡ ਨੰਬਰ-43 ਦੀ ਅਕਾਲੀ ਕੌਂਸਲਰ ਕਮਲਜੀਤ ਕੌਰ ਤੇ ਨੰਬਰਦਾਰ ਹਰਸੰਗਤ ਸਿੰਘ ਅਤੇ ਹੋਰਨਾਂ ਲੋਕਾਂ ਨੇ ਦੱਸਿਆ ਕਿ ਪਿੰਡ ਵਾਸੀ ਪਿਛਲੇ ਲੰਮੇ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਬਿਜਲੀ ਸਪਲਾਈ ਦੀਆਂ ਤਾਰਾਂ ਕਾਫੀ ਪੁਰਾਣੀ ਹੋਣ ਕਾਰਨ ਬਿਜਲੀ ਦਾ ਮੌਜੂਦਾ ਲੋਡ ਝੱਲਣ ਤੋਂ ਅਸਮਰਥ ਹਨ। ਜਿਸ ਕਾਰਨ ਰੋਜ਼ਾਨਾ ਹੀ ਕਿਸੇ ਨਾ ਕਿਸੇ ਹਿੱਸੇ ਵਿੱਚ ਸਪਾਰਕ ਹੋ ਕੇ ਤਾਰਾਂ ਸੜ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਗੁਰਦੁਆਰਾ ਡੇਰਾ ਸਾਹਿਬ ਮੁਹੱਲਾ ਅਤੇ ਹੋਰ ਨੇੜਲੇ ਇਲਾਕੇ ਵਿੱਚ ਬਿਜਲੀ ਦੀਆਂ ਪੁਰਾਣੀ ਤਾਰਾਂ ਬਦਲਣ ਲਈ ਸਰਵੇਖਣ ਕੀਤਾ ਗਿਆ ਸੀ ਅਤੇ ਨਵੀਆਂ ਤਾਰਾਂ ਪਾਉਣ ਲਈ ਐਸਟੀਮੇਟ ਵੀ ਤਿਆਰ ਕੀਤਾ ਗਿਆ ਸੀ ਲੇਕਿਨ ਪਾਵਰਕੌਮ ਨੇ ਹਾਲੇ ਤੱਕ ਨਵੀਆਂ ਤਾਰਾਂ ਨਹੀਂ ਪਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਮੰਗਲਵਾਰ ਰਾਤ ਨੂੰ ਵੀ ਕਰੀਬ 8 ਵਜੇ ਅਚਾਨਕ ਪੁਰਾਣੀ ਤਾਰਾਂ ਸੜ ਕੇ ਪਟਾਕੇ ਪੈ ਗਏ ਅਤੇ ਸਮੁੱਚੇ ਇਲਾਕੇ ਵਿੱਚ ਬਿਜਲੀ ਗੁੱਲ ਹੋ ਗਈ। ਉਨ੍ਹਾਂ ਤੁਰੰਤ ਸਬੰਧਤ ਜੇਈ ਅਤੇ ਐਸਡੀਓ ਨੂੰ ਫੋਨ ’ਤੇ ਸਮੱਸਿਆ ਦੱਸੀ ਗਈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਜਲਦੀ ਮੁਲਾਜ਼ਮ ਭੇਜ ਰਹੇ ਹਨ ਲੇਕਿਨ 10 ਵਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ। ਫਿਰ ਇਕ ਮੁਲਾਜ਼ਮ ਨੇ ਉਨ੍ਹਾਂ ਨੂੰ ਪੰਜਾਬ ਪਾਵਰਕੌਮ ਦੇ 1912 ਨੰਬਰ ’ਤੇ ਸ਼ਿਕਾਇਤ ਦਰਜ ਕਰਵਾਉਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਪਾਵਰਕੌਮ ਦੇ ਮੁਲਾਜ਼ਮਾਂ ਨੇ ਪੁਰਾਣੀਆਂ ਤਾਰਾਂ ਦੀ ਮੁਰੰਮਤ ਕੀਤੀ ਅਤੇ ਬੁੱਧਵਾਰ ਨੂੰ ਤੜਕੇ ਸਵੇਰੇ 2 ਵਜੇ ਬਿਜਲੀ ਸਪਲਾਈ ਚਾਲੂ ਹੋਈ। (ਬਾਕਸ ਆਈਟਮ) ਪਾਵਰਕੌਮ ਦੇ ਐਸਡੀਓ ਹਰਭਜਨ ਸਿੰਘ ਕੰਗ ਨੇ ਸਪੱਸ਼ਟ ਕੀਤਾ ਕਿ ਮੰਗਲਵਾਰ ਰਾਤ ਨੂੰ ਸੋਹਾਣਾ ਵਿੱਚ ਜ਼ਿਆਦਾ ਲੋੜ ਹੋਣ ਕਾਰਨ ਅਚਾਨਕ ਫਿਊਜ਼ ਉੱਡ ਗਿਆ ਸੀ। ਜਿਸ ਨੂੰ ਮੁਲਾਜ਼ਮਾਂ ਨੇ ਜਲਦੀ ਲਗਾ ਕੇ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜ਼ਿਆਦਾ ਸਮਾਂ ਬਿਜਲੀ ਗੁੱਲ ਰਹਿਣ ਦੇ ਸਾਰੇ ਦੋਸ਼ ਬਿਲਕੁਲ ਬੇਬੁਨਿਆਦ ਹਨ। ਉਨ੍ਹਾਂ ਦੱਸਿਆ ਕਿ ਇਕੱਲੇ ਸੋਹਾਣਾ ਪਿੰਡ ਵਿੱਚ ਹੁਣ ਤੱਕ 20 ਨਵੇਂ ਟਰਾਂਸਫਾਰਮਰ ਰੱਖੇ ਗਏ ਹਨ ਅਤੇ ਲੋੜ ਅਨੁਸਾਰ ਨਵੀਆਂ ਤਾਰਾਂ ਵੀ ਪਾਈਆਂ ਗਈਆਂ ਹਨ। ਐਸਡੀਓ ਕੰਗ ਨੇ ਦੱਸਿਆ ਕਿ ਸੋਹਾਣਾ ਵਿੱਚ ਗਲੀਆਂ ਤੰਗ ਹੋ ਕੇ ਘਰਾਂ ਨੇੜਿਓਂ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿੱਛੇ ਜਿਹੇ ਪਾਵਰਕੌਮ ਦੀ ਟੀਮ ਨੇ ਗੁਰਦੁਆਰਾ ਡੇਰਾ ਸਾਹਿਬ ਅਤੇ ਚਿੜੀਮਾਰ ਮੁਹੱਲਾ ਵਿੱਚ ਲੋਕਾਂ ਦੀ ਸੁਵਿਧਾ ਲਈ ਦੋ ਨਵੇਂ ਟਰਾਂਸਫਾਰਮਰ ਰੱਖਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਲੋਕਾਂ ਦੇ ਵਿਰੋਧ ਕਾਰਨ ਇਹ ਕੰਮ ਸਿਰੇ ਨਹੀਂ ਚੜ੍ਹ ਸਕਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ