ਲੋਕਾਂ ਦਾ ਪੈਸਾ ਲੁੱਟਣ ਵਾਲੇ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ: ਮੀਤ ਹੇਅਰ

ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ ’ਤੇ ਮੁਹਾਲੀ ਵਿੱਚ ਲਗਾਇਆ ਖੂਨਦਾਨ ਕੈਂਪ

ਨਬਜ਼-ਏ-ਪੰਜਾਬ, ਮੁਹਾਲੀ, 17 ਅਕਤੂਬਰ:
ਮੁੱਖ ਮੰਤਰੀ ਭਗਵੰਤ ਮਾਨ ਦੇ 50ਵੇਂ ਜਨਮ ਦਿਨ ਮੌਕੇ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਅੱਜ ਇੱਥੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਪੰਜਾਬ ਦੇ ਵਿਗਿਆਨ, ਟੈਕਨਾਲੋਜੀ, ਵਾਤਾਵਰਨ, ਜਲ ਸਰੋਤ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕੀਤਾ। ਇਸ ਮੌਕੇ ਲੋਕ ਸਭਾ ਦੇ ਹਲਕਾ ਇੰਚਾਰਜ ਮਾਲਵਿੰਦਰ ਸਿੰਘ ਕੰਗ, ਵਿਨੀਤ ਵਰਮਾ ਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ।
ਇਸ ਮੌਕੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਗ੍ਰਿਫ਼ਤਾਰੀ ’ਤੇ ਟਿੱਪਣੀ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਜੇਕਰ ਕੋਈ ਗਲਤ ਕੰਮ ਕਰੇਗਾ ਤਾਂ ਉਸ ਨੂੰ ਸਜ਼ਾ ਤਾਂ ਮਿਲੇਗੀ ਹੀ। ਉਨ੍ਹਾਂ ਕਿਹਾ ਕਿ ਸਰਕਾਰੀ ਖ਼ਜ਼ਾਨਾ ਅਤੇ ਲੋਕਾਂ ਦਾ ਪੈਸਾ ਲੁੱਟਣ ਵਾਲੇ ਕਿਸੇ ਵੀ ਭ੍ਰਿਸ਼ਟਾਚਾਰੀ ਬਖ਼ਸ਼ਿਆ ਨਹੀਂ ਜਾਵੇਗਾ। ਉਹ ਭਾਵੇ ਉਨ੍ਹਾਂ ਜਾਂ ਕਿਸੇ ਹੋਰ ਪਾਰਟੀ ਨਾਲ ਸਬੰਧਤ ਕਿਉਂ ਨਾ ਹੋਵੇ। ਉਂਜ ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਅਤੇ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਜਾਵੇਗਾ। ਐਸਵਾਈਐਲ ਦੇ ਸੰਵੇਦਨਸ਼ੀਲ ਮੁੱਦੇ ’ਤੇ ਬੋਲਦਿਆਂ ਮੀਤ ਹੇਅਰ ਨੇ ਕਿਹਾ ਕਿ ਸਾਰਾ ਕੁਝ ਵਿਰੋਧੀ ਪਾਰਟੀਆਂ ਦਾ ਹੀ ਕੀਤਾ ਕਰਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਹਰਿਆਣਾ ਨੂੰ ਪਾਣੀ ਦੇਣ ਲਈ ਇੱਕ ਬੂੰਦ ਨਹੀਂ ਹੈ। ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦਿਵਸ ’ਤੇ 1 ਨਵੰਬਰ ਨੂੰ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕਰਨ ਲਈ ਬਹਿਸ ਰੱਖ ਲਈ ਤਾਂ ਵਿਰੋਧੀ ਧਿਰਾਂ ਭੱਜਦੇ ਹੋਏ ਨਜ਼ਰ ਆ ਰਹੇ ਹਨ।
ਇਸ ਤੋਂ ਪਹਿਲਾਂ ਵਿਧਾਇਕ ਕੁਲਵੰਤ ਸਿੰਘ ਨੇ ਮੁੱਖ ਮੰਤਰੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ 117 ਵਲੰਟੀਅਰਾਂ ਵੱਲੋਂ ਖੂਨਦਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖ਼ੂਨਦਾਨ ਤੋਂ ਵੱਡਾ ਦੁਨੀਆ ਵਿੱਚ ਹੋਰ ਕੋਈ ਦਾਨ ਨਹੀਂ ਹੈ। ਖ਼ੂਨਦਾਨ ਕਰਕੇ ਕਿਸੇ ਲੋੜਵੰਦ ਦੀ ਮਦਦ ਕੀਤੀ ਜਾ ਸਕਦੀ ਹੈ। ਵਿਧਾਇਕ ਕੁਲਵੰਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਹੁਤ ਦੇਰ ਬਾਅਦ ਇੱਕ ਇਮਾਨਦਾਰ ਅਤੇ ਦੂਰਅੰਦੇਸ਼ੀ ਸੋਚ ਵਾਲਾ ਮੁੱਖ ਮੰਤਰੀ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿੱਚ 28 ਏਕੜ ਜ਼ਮੀਨ ਵਿੱਚ ਮੈਡੀਕਲ ਕਾਲਜ ਉਸਾਰੀ ਅਧੀਨ ਹੈ। ਸ਼ਹਿਰ ਵਿੱਚ ਗੋਲ ਚੌਂਕ ਬਣਾਏ ਜਾ ਰਹੇ ਹਨ ਅਤੇ ਡਾ. ਬੀਆਰ ਅੰਬੇਦਕਰ ਭਵਨ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੁਹਾਲੀ ਲਈ ਕਈ ਵਿਕਾਸ ਪ੍ਰਾਜੈਕਟ ਲਿਆਂਦੇ ਜਾਣਗੇ। ਅਖੀਰ ਵਿੱਚ ਸਾਰੇ ਖੂਨਦਾਨੀਆਂ ਨੂੰ ਕੈਬਨਿਟ ਮੰਤਰੀ ਮੀਤ ਹੇਅਰ, ਵਿਧਾਇਕ ਕੁਲਵੰਤ ਸਿੰਘ ਅਤੇ ਮਾਲਵਿੰਦਰ ਸਿੰਘ ਕੰਗ ਵੱਲੋਂ ਮੁੱਖ ਮੰਤਰੀ ਦੀ ਫੋਟੋ ਵਾਲੇ ਪ੍ਰਸ਼ੰਸਾ ਪੱਤਰ ਅਤੇ ਸਰਟੀਫਿਕੇਟ ਵੰਡੇ ਗਏ।

ਇਸ ਮੌਕੇ ਮੁਹਾਲੀ ਬਲਾਕ ਦੇ ਪ੍ਰਧਾਨ ਹਰਪਾਲ ਸਿੰਘ ਚੰਨਾ, ਯੂਥ ਵਿੰਗ ਦੀ ਪ੍ਰਧਾਨ ਅਨੂ ਬੱਬਰ, ਕੁਲਦੀਪ ਸਿੰਘ ਸਮਾਣਾ, ਆਪ ਕੌਂਸਲਰ ਸਰਬਜੀਤ ਸਿੰਘ, ਸੁਖਦੇਵ ਸਿੰਘ ਪਟਵਾਰੀ, ਰਵਿੰਦਰ ਸਿੰਘ ਬਿੰਦਰਾ ਸਮੇਤ ਆਪ ਵਲੰਟੀਅਰ ਅਵਤਾਰ ਸਿੰਘ ਮੌਲੀ ਬੈਦਵਾਨ, ਰਜੀਵ ਵਸ਼ਿਸ਼ਟ, ਅਰੁਣ ਗੋਇਲ, ਹਰਮੇਸ਼ ਸਿੰਘ ਕੁੰਭੜਾ, ਜਸਪਾਲ ਸਿੰਘ ਮਟੌਰ ਅਤੇ ਆਰਪੀ ਸ਼ਰਮਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮਾਲਵਿੰਦਰ ਮਾਲੀ ਕੇਸ: ਹਾਈ ਕੋਰਟ ਵਿੱਚ ਹੁਣ 28 ਨੂੰ ਹੋਵੇਗੀ ਸੁਣਵਾਈ, ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ

ਮਾਲਵਿੰਦਰ ਮਾਲੀ ਕੇਸ: ਹਾਈ ਕੋਰਟ ਵਿੱਚ ਹੁਣ 28 ਨੂੰ ਹੋਵੇਗੀ ਸੁਣਵਾਈ, ਸਰਕਾਰ ਨੂੰ ਨੋਟਿਸ ਆਫ਼ ਮੋਸ਼ਨ ਜਾਰੀ ਮਾ…