
ਏਪੀਜੇ ਸਕੂਲ ਮੁੰਡੀ ਖਰੜ ਵਿੱਚ ਜਨਮ ਅਸ਼ਟਮੀ ਤੇ ਸੁਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 15 ਅਗਸਤ:
ਸਥਾਨਕ ਏਪੀਜੇ ਸਕੂਲ ਮੁੰਡੀ ਖਰੜ ਵਿੱਚ ਜਨਮ ਅਸ਼ਟਮੀ ਅਤੇ ਸੁਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਤੋਂ ਇਲਾਵਾ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਏਪੀਜੇ ਸਕੂਲ ਦੇ ਬੱਚਿਆਂ ਨੇ ਸਰਕਾਰੀ ਕਾਲਜ ਫੇਜ਼-6 ਵਿੱਚ ਮਨਾਏ ਗਏ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਅਤੇ ਅਨਾਜ ਮੰਡੀ ਖਰੜ ਵਿੱਚ ਹੋਏ ਸਮਾਗਮ ਵਿੱਚ ਵੀ ਭਾਗ ਲਿਆ। ਬਹੁਤ ਸਾਰੇ ਵਿਦਿਆਰਥੀਆਂ ਨੇ ਜਨਮ ਅਸ਼ਟਮੀ ਅਤੇ ਸੁਤੰਤਰਤਾ ਉੱਤੇ ਵੱਖ-ਵੱਖ ਭੂਮਿਕਾ ਨਿਭਾਈ। ਰੰਗ-ਬਿਰੰਗੇ ਕੱਪੜਿਆਂ ਵਿੱਚ ਬਹੁਤ ਸੁੰਦਰ ਦਿਖ ਰਹੇ ਨੰਨ੍ਹੇ ਮੁੰਨ੍ਹੇ ਬੱਚਿਆਂ ਨੇ ਝਾਕੀਆਂ ਰਾਹੀਂ ਕ੍ਰਿਸ਼ਨ ਭਗਵਾਨ ਜੀ ਦੇ ਵੱਖ-ਵੱਖ ਰੂਪਾਂ ਨੂੰ ਦਰਸ਼ਾਉਂਦਿਆਂ ਆਜ਼ਾਦੀ ਦੇ ਪ੍ਰਵਾਨਿਆਂ ਅਤੇ ਭਗਵਾਨ ਕ੍ਰਿਸ਼ਨ ਦੇ ਦਿਖਾਏ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਅਖੀਰ ਵਿੱਚ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਰਾਹੀਂ ਬੱਚਿਆਂ ਨੇ ਆਪਣੇ ਹੁਨਰ ਨੂੰ ਪੇਸ਼ ਕੀਤਾ। ਇਸ ਮੌਕੇ ਖਰੜ ਨਗਰ ਕੌਂਸਲ ਦੀ ਪਹਿਲੀ ਪ੍ਰਧਾਨ ਸ੍ਰੀਮਤੀ ਅੰਜੂ ਚੰਦਰ ਨੇ ਜਨਮ ਅਸ਼ਟਮੀ ਅਤੇ ਸੁਤੰਤਰਤਾ ਦਿਵਸ ਮੌਕੇ ਵੱਖ ਵੱਖ ਪ੍ਰੋਗਰਾਮ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਨ੍ਹਾਂ ਸਮਾਗਮਾਂ ਦੀ ਪ੍ਰਧਾਨਗੀ ਸਮਾਜ ਸੇਵੀ ਆਗੂ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਜਸਬੀਰ ਚੰਦਰ ਨੇ ਕੀਤੀ ਅਤੇ ਵਿਦਿਆਰਥੀਆਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਆਜ਼ਾਦੀ ਦਿਹਾੜੇ ਦੀ ਮਹੱਤਤਾ ਬਾਰੇ ਚਾਣਨਾ ਪਾਇਆ।